ਅੰਮ੍ਰਿਤਸਰ (ਅਨੂ ਪੁਰੀ) : ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਹੈ ਕਿ 256.66 ਵਰਗ ਮੀਟਰ ਦੇ ਰਿਹਾਇਸ਼ੀ ਪਲਾਟ ਜੋ ਐੱਸ. ਏ. ਐੱਸ. ਨਗਰ ਵਿਖੇ ਆਈ. ਸੀ. ਸਿਟੀ 'ਚ ਸਥਿਤ ਹਨ, ਦੇ ਧਾਰਕਾਂ ਨੂੰ ਜਲਦੀ ਪਲਾਟ ਨੰਬਰ ਜਾਰੀ ਕਰ ਦਿੱਤੇ ਜਾਣਗੇ। ਕਿਉਂਕਿ ਇਨ੍ਹਾਂ ਪਲਾਟਾਂ ਲਈ ਨਿਰਧਾਰਿਤ ਸਥਾਨ 'ਤੇ ਵਿਕਾਸ ਕਾਰਜ ਛੇਤੀ ਹੀ ਮੁਕੰਮਲ ਹੋਣ ਜਾ ਰਹੇ ਹਨ, ਵਿਕਾਸ ਕਾਰਜ ਮੁਕੰਮਲ ਹੋਣ ਤੋਂ ਬਾਅਦ ਪਲਾਟ ਦੇ ਡਰਾਅ ਕੱਢੇ ਜਾਣਗੇ।
ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਰਕਾਰੀ ਸੁੱਖ-ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਪਾਬੰਦ ਹੈ। ਇਸ ਤੋਂ ਪਹਿਲਾਂ ਪੰਜਾਬ ਦੀਆਂ ਵੱਖ-ਵੱਖ ਵਿਕਾਸ ਅਥਾਰਟੀਆਂ ਨੇ ਜਾਇਦਾਦਾਂ ਦੀ ਈ-ਨੀਲਾਮੀ ਤੋਂ 71.69 ਕਰੋੜ ਰੁਪਏ ਕਮਾਏ ਹਨ। ਪੁੱਡਾ ਅਤੇ ਹੋਰ ਵਿਸ਼ੇਸ਼ ਵਿਕਾਸ ਅਥਾਰਟੀਆਂ ਜਿਨ੍ਹਾਂ 'ਚ ਗਮਾਡਾ, ਪਟਿਆਲਾ ਵਿਕਾਸ ਅਥਾਰਟੀ (ਪੀ. ਡੀ. ਏ.), ਜਲੰਧਰ ਵਿਕਾਸ ਅਥਾਰਟੀ (ਜੇ. ਡੀ. ਏ.), ਗਲਾਡਾ, ਅੰਮ੍ਰਿਤਸਰ ਵਿਕਾਸ ਅਥਾਰਟੀ (ਏ. ਡੀ. ਏ.) ਤੇ ਬਠਿੰਡਾ ਵਿਕਾਸ ਅਥਾਰਟੀ (ਬੀ. ਡੀ. ਏ.) ਸ਼ਾਮਿਲ ਹਨ, ਨੂੰ ਵੱਖ-ਵੱਖ ਪ੍ਰਾਪਰਟੀਆਂ ਦੀ ਨੀਲਾਮੀ ਤੋਂ 71.69 ਕਰੋੜ ਰੁਪਏ ਦੀ ਆਮਦਨ ਹੋਈ ਹੈ। ਇਨ੍ਹਾਂ ਪ੍ਰਾਪਰਟੀਆਂ ਦੀ ਈ-ਨੀਲਾਮੀ 1 ਜੁਲਾਈ 2019 ਨੂੰ ਸ਼ੁਰੂ ਹੋਈ ਸੀ। ਜਿਨ੍ਹਾਂ ਪ੍ਰਾਪਰਟੀਆਂ ਦੀ ਈ-ਨੀਲਾਮੀ ਕੀਤੀ ਗਈ ਹੈ, ਉਨ੍ਹਾਂ 'ਚ ਉਦਯੋਗਿਕ ਪਲਾਟ, ਐੱਸ. ਸੀ. ਓ. ਬੂਥ, 2 ਮੰਜ਼ਿਲਾ ਦੁਕਾਨਾਂ, ਬਿਲਟ-ਅਪ ਬੂਥ, ਦੁਕਾਨਾਂ ਅਤੇ ਰਿਹਾਇਸ਼ੀ ਪਲਾਟ ਸ਼ਾਮਿਲ ਹਨ।
ਇਸ ਈ-ਨੀਲਾਮੀ ਦੌਰਾਨ ਗਮਾਡਾ ਨੂੰ 43.50 ਕਰੋੜ, ਜੇ. ਡੀ. ਏ. ਨੂੰ 14.96 ਕਰੋੜ, ਬੀ. ਡੀ. ਏ. ਨੂੰ 5.38 ਕਰੋੜ, ਪੀ. ਡੀ. ਏ. ਨੂੰ 3.91 ਕਰੋੜ, ਗਲਾਡਾ ਨੂੰ 3.29 ਕਰੋੜ ਅਤੇ ਏ. ਡੀ. ਏ. ਨੂੰ 65 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਜਿਨ੍ਹਾਂ ਪ੍ਰਾਪਰਟੀਆਂ ਦੀ ਨੀਲਾਮੀ ਕੀਤੀ ਗਈ ਹੈ ਉਹ ਮੋਹਾਲੀ, ਪਟਿਆਲਾ, ਲੁਧਿਆਣਾ, ਜਲੰਧਰ, ਬਠਿੰਡਾ, ਗੁਰਦਾਸਪੁਰ, ਬਟਾਲਾ, ਮਲੋਟ, ਮੁਕੇਰੀਆਂ, ਫਿਲੌਰ ਤੇ ਅਬੋਹਰ ਵਿਖੇ ਸਥਿਤ ਹਨ। ਗਮਾਡਾ ਦੇ ਅਧਿਕਾਰ ਖੇਤਰ ਹੇਠ ਆਉਂਦੇ 0.5 ਏਕੜ ਤੋਂ 1.26 ਏਕੜ ਤੱਕ ਦੇ ਆਕਾਰ ਵਾਲੇ 5 ਉਦਯੋਗਿਕ ਪਲਾਟਾਂ ਦੀ ਸਫ਼ਲਤਾਪੂਰਵਕ ਨੀਲਾਮੀ ਕੀਤੀ ਗਈ ਹੈ। ਇਹ ਉਦਯੋਗਿਕ ਪਲਾਟ ਕੌਮਾਂਤਰੀ ਹਵਾਈ ਅੱਡੇ ਨੇੜੇ ਸੈਕਟਰ-83 ਅਲਫ਼ਾ ਤੇ ਸੈਕਟਰ-101 ਅਲਫ਼ਾ ਵਿਖੇ ਸਥਿਤ ਹਨ। ਇਸ ਤੋਂ ਇਲਾਵਾ 3 ਰਿਹਾਇਸ਼ੀ ਪਲਾਟਾਂ ਅਤੇ 4 ਬੂਥਾਂ ਦੀ ਨੀਲਾਮੀ ਵੀ ਸਫ਼ਲ ਰਹੀ ਹੈ। ਉਨ੍ਹਾਂ ਦੱÎਸਿਆ ਕਿ ਇਹ ਪਲਾਟ ਤੇ ਬੂਥ ਗਮਾਡਾ ਦੇ ਵਿਭਿੰਨ ਖੇਤਰਾਂ/ਪ੍ਰਾਜੈਕਟਾਂ 'ਚ ਸਥਿਤ ਹਨ।
ਉਹ ਇਸ ਸਮੇਂ ਪੰਜਾਬ ਸਰਕਾਰ ਵਿਚ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ-ਕਮ-ਕੋ-ਚੇਅਰਮੈਨ ਪੁੱਡਾ ਹਨ। ਈ-ਨੀਲਾਮੀ ਨਾਲ ਸਰਕਾਰ 'ਤੇ ਲੋਕਾਂ ਦਾ ਵਿਸ਼ਵਾਸ ਵਧਿਆ ਹੈ। ਨੀਲਾਮ ਕੀਤੀਆਂ ਗਈਆਂ ਪ੍ਰਾਪਰਟੀਆਂ ਦਾ ਕਬਜ਼ਾ ਸ਼ਡਿਊਲ ਅਨੁਸਾਰ ਅਲਾਟੀਆਂ ਨੂੰ ਸੌਂਪਣ ਦੀ ਵੀ ਤਿਆਰ ਆਰੰਭ ਦਿੱਤੀ ਗਈ ਹੈ। ਇਸ ਈ-ਨੀਲਾਮੀ 'ਚ ਅਸਫ਼ਲ ਰਹਿਣ ਵਾਲੇ ਬੋਲੀਕਾਰਾਂ ਦਾ ਬਿਆਨਾ ਮੋੜਨ ਲਈ ਵੀ ਕਹਿ ਦਿੱਤਾ ਗਿਆ ਹੈ।
12 ਸਹਾਇਕ ਸ਼ਹਿਰੀ ਯੋਜਨਾਕਾਰਾਂ ਅਤੇ 27 ਯੋਜਨਾਬੰਦੀ ਅਫ਼ਸਰਾਂ ਦੀ ਨਿਯੁਕਤੀ
ਸਰਕਾਰੀਆ ਨੇ ਕਿਹਾ ਕਿ 12 ਸਹਾਇਕ ਸ਼ਹਿਰੀ ਯੋਜਨਾਕਾਰਾਂ ਅਤੇ 27 ਯੋਜਨਾਬੰਦੀ ਅਫ਼ਸਰਾਂ ਦੀ ਨਿਯੁਕਤੀ ਕੀਤੀ ਗਈ ਹੈ। ਵਿਭਾਗ ਦੇ ਕੰਮ-ਕਾਜ 'ਚ ਹੋਰ ਤੇਜ਼ੀ ਅਤੇ ਕਾਰਜਕੁਸ਼ਤਾ ਲਿਆਉਣ ਲਈ ਭਰਤੀ ਦੀ ਲੋੜ ਸੀ, ਹੁਣ ਇਨ੍ਹਾਂ ਅਫ਼ਸਰਾਂ ਦੀ ਈਮਾਨਦਾਰੀ ਨਾਲ ਕੰਮ ਕਰਨ ਅਤੇ ਲੋਕਾਂ ਨੂੰ ਨਿਰਵਿਘਨ ਤੇ ਬਿਹਤਰੀਨ ਸੇਵਾਵਾਂ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰ ਦੇ ਸੁਚੱਜੇ ਵਿਕਾਸ 'ਚ ਯੋਜਨਾਬੰਦੀ ਦੀ ਅਹਿਮ ਭੂਮਿਕਾ ਹੁੰਦੀ ਹੈ। ਵਿਭਾਗ ਵਿਚ ਨਵੇਂ ਮੁਲਾਜ਼ਮਾਂ ਦੇ ਆਉਣ ਨਾਲ ਜਿਥੇ ਕੰਮ ਦਾ ਬੋਝ ਘਟੇਗਾ, ਉਥੇ ਲੋਕਾਂ ਨੂੰ ਬਿਹਤਰੀਨ ਸੇਵਾਵਾਂ ਵੀ ਮਿਲਣਗੀਆਂ। ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਆਮ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਨਵੀਂ ਭਰਤੀ ਨਾਲ ਵਿਭਾਗ ਦੇ ਕੰਮ-ਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਅਤੇ ਲੋਕਾਂ ਨੂੰ ਹੋਰ ਸੁਚੱਜੇ ਢੰਗ ਨਾਲ ਬਿਨਾਂ ਦੇਰੀ ਸੇਵਾਵਾਂ ਮੁਹੱਈਆ ਕਰਵਾਉਣ 'ਚ ਵੱਡੀ ਮਦਦ ਮਿਲੇਗੀ। ਵਿਭਾਗ ਨਾਲ ਸਬੰਧਤ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਸਰਕਾਰੀਆ ਨੇ ਦੱਸਿਆ ਕਿ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ 'ਚ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਲਈ ਅਣਥੱਕ ਯਤਨ ਕਰਨ ਲਈ ਕਿਹਾ ਗਿਆ ਹੈ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਚੱਲ ਰਹੇ ਵਿਕਾਸ ਕੰਮਾਂ ਅਤੇ ਹੋਰਨਾਂ ਮੁੱਦਿਆਂ ਦੀ ਰਿਪੋਰਟ ਨਾਲੋ-ਨਾਲ ਦੇਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।
ਵਿਕਾਸ ਪ੍ਰਾਜੈਕਟਾਂ ਨੂੰ ਪਹਿਲ ਦੇ ਆਧਾਰ 'ਤੇ ਮੁਕੰਮਲ ਕਰਨ ਦੇ ਹੁਕਮ
ਗਮਾਡਾ ਦੇ ਅਧਿਕਾਰ ਖੇਤਰ 'ਚ ਆਉਣ ਵਾਲੇ ਇਲਾਕਿਆਂ ਦੇ ਵਿਕਾਸ ਕਾਰਜਾਂ ਅਤੇ ਕਜੌਲੀ ਵਾਟਰ ਵਰਕਸ ਪ੍ਰਾਜੈਕਟ ਦੀ ਗੱਲ ਕਰਦਿਆਂ ਸਰਕਾਰੀਆ ਨੇ ਕਿਹਾ ਕਿ ਸਬੰਧਤ ਇੰਜੀਨੀਅਰਿੰਗ ਸਟਾਫ਼ ਨੂੰ ਇਸ ਪ੍ਰਾਜੈਕਟ ਨੂੰ ਪਹਿਲ ਦੇ ਆਧਾਰ 'ਤੇ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਏ ਹਨ ਤਾਂ ਜੋ ਮੋਹਾਲੀ ਦੇ ਵਸਨੀਕਾਂ ਨੂੰ ਜਲਦ ਤੋਂ ਜਲਦ ਪਾਣੀ ਦੀ ਢੁੱਕਵੀਂ ਸਪਲਾਈ ਮਿਲ ਸਕੇ। ਹਲਵਾਰਾ ਵਿਖੇ ਨਵੇਂ ਬਣ ਰਹੇ ਕੌਮਾਂਤਰੀ ਹਵਾਈ ਅੱਡੇ, ਅੰਮ੍ਰਿਤਸਰ ਵਿਕਾਸ ਅਥਾਰਟੀ ਵਲੋਂ ਅਰਬਨ ਹਾਟ ਪ੍ਰਾਜੈਕਟ, ਜਿਸ ਨੂੰ ਕਿ ਪੀ. ਪੀ. ਪੀ. (ਜਨਤਕ ਨਿੱਜੀ ਭਾਈਵਾਲੀ) ਤਹਿਤ ਟੂਰਿਸਟ ਐਂਡ ਫੂਡ ਜੰਕਸ਼ਨ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ, ਤੋਂ ਇਲਾਵਾ ਵੱਖ-ਵੱਖ ਵਿਕਾਸ ਅਥਾਰਟੀਆਂ ਵਲੋਂ ਨੇੜ ਭਵਿੱਖ 'ਚ ਵਿਕਸਿਤ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾੲੀ ਹੇਠ ਪੰਜਾਬ ਬੁਲੰਦੀਆਂ ਨੂੰ ਛੂਹੇਗਾ। ਵਿਭਿੰਨ ਸ਼ਹਿਰੀ ਖੇਤਰਾਂ 'ਚ 24 ਘੰਟੇ ਪਾਣੀ ਦੀ ਸਪਲਾਈ, ਗੈਰ-ਕਾਨੂੰਨੀ ਕਾਲੋਨੀਆਂ ਦੀ ਉਸਾਰੀ 'ਤੇ ਰੋਕ ਲਈ ਯੂ. ਸੀ. ਆਈ. ਸੀ. ਐਪਲੀਕੇਸ਼ਨ ਦੀ ਸ਼ੁਰੂਆਤ, ਆਨਲਾਈਨ ਸੀ. ਐੱਲ. ਯੂ. ਜਾਰੀ ਕਰਨ ਦੀ ਸਹੂਲਤ ਦੇਣਾ ਆਦਿ ਸ਼ਾਮਿਲ ਹਨ। ਵਧੀਕ ਮੁੱਖ ਸਕੱਤਰ ਵਲੋਂ ਵਿਕਾਸ ਕਾਰਜਾਂ 'ਚ ਅੜਿੱਕਾ ਪੈਦਾ ਕਰਨ ਵਾਲੇ ਵਿਭਿੰਨ ਮੁੱਦਿਆਂ ਨੂੰ ਵੀ ਖਤਮ ਕਰਨ 'ਤੇ ਕੰਮ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਦੁਆਰਾ ਕੀਤੇ ਜਾ ਰਹੇ ਠੋਸ ਯਤਨਾਂ ਦੀ ਸ਼ਲਾਘਾ ਕਰਦਿਆਂ ਸਰਕਾਰੀਆ ਨੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਭਵਿੱਖ 'ਚ ਕੋਈ ਵੀ ਗੈਰ-ਕਾਨੂੰਨੀ ਕਾਲੋਨੀ ਵਿਕਸਿਤ ਨਾ ਹੋਵੇ। ਉਨ੍ਹਾਂ ਅਧਿਕਾਰੀਆਂ ਨੂੰ ਸੂਬੇ ਵਿਚ ਅੱਵਲ ਦਰਜੇ ਦੇ ਸ਼ਹਿਰੀ ਵਿਕਾਸ ਦੀ ਦਿਸ਼ਾ ਵੱਲ ਕੰਮ ਕਰਨ ਲਈ ਕਿਹਾ।
ਸੰਗਰੂਰ 'ਚ ਤਾਏ ਦੇ ਮੁੰਡੇ ਨੇ ਕਿਰਚਾਂ ਮਾਰ ਕੇ ਵੱਢਿਆ ਚਚੇਰਾ ਭਰਾ
NEXT STORY