ਅੰਮ੍ਰਿਤਸਰ (ਅਨਜਾਣ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤਸਰ ਅਤੇ ਨੇੜੇ-ਤੇੜੇ ਦੇ ਸ਼ਹਿਰਾਂ ਤੋਂ ਹੀ ਸੰਗਤਾਂ ਦਰਸ਼ਨਾ ਲਈ ਆ ਰਹੀਆਂ ਹਨ। ਪੰਜਾਬ 'ਚ ਕੋਰੋਨਾ ਮਹਾਮਾਰੀ ਦੀ ਤਾਦਾਦ ਜ਼ਿਆਦਾ ਹੋਣ ਕਾਰਨ ਸੰਗਤਾਂ ਘਰਾਂ 'ਚੋਂ ਹੀ ਬਾਹਰ ਨਹੀਂ ਨਿਕਲ ਰਹੀਆਂ। ਕਰਫਿਊ ਤੇ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਉਮੀਦ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਪਹਿਲਾਂ ਦੀ ਤਰ੍ਹਾਂ ਹੀ ਸੰਗਤਾਂ ਦਾ ਤਾਂਤਾ ਲੱਗਾ ਰਿਹਾ ਕਰੇਗਾ, ਉਸ ਤਰ੍ਹਾਂ ਨਹੀਂ ਹੋ ਰਿਹਾ। ਬਲਕਿ ਕੁਝ ਕੁਝ ਸਮੇਂ ਬਾਅਦ ਰੁਕ-ਰੁਕ ਕੇ ਟਾਵੀਆਂ-ਟਾਵੀਆਂ ਸੰਗਤਾਂ ਦਰਸ਼ਨਾਂ ਲਈ ਆ ਰਹੀਆਂ ਹਨ। ਇਸ ਦਾ ਇਕ ਵੱਡਾ ਕਾਰਨ ਭਰ ਗਰਮੀ ਦਾ ਹੋਣਾ ਵੀ ਹੈ। ਗਰਮੀ ਦੇ ਮੌਸਮ ਕਾਰਨ ਜ਼ਿਆਦਾਤਰ ਸੰਗਤਾਂ ਪਾਵਨ ਸਰੋਵਰ ਵਿਖੇ ਇਸ਼ਨਾਨ ਕਰ ਕੇ ਰਾਹਤ ਮਹਿਸੂਸ ਕਰ ਰਹੀਆਂ ਹਨ।
ਸੰਗਤਾਂ ਤੇ ਸੇਵਾਦਾਰਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਸੰਭਾਲੀ ਰੱਖੀ। ਅੰਮ੍ਰਿਤ ਵੇਲੇ ਤੋਂ ਕਿਵਾੜ ਖੁੱਲ੍ਹਣ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਤਾ ਹੋਈ। ਉਪਰੰਤ ਗ੍ਰੰਥੀ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚੋਂ ਪਾਵਨ ਮੁੱਖ ਵਾਕ ਲਿਆ ਜਿਸ ਦੀ ਕਥਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਤੀ। ਸੰਗਤਾਂ ਨੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ। ਉਪਰੰਤ ਠੰਡੇ-ਮਿੱਠੇ ਜਲ ਦੀ ਸੇਵਾ, ਪ੍ਰੀਕਰਮਾ 'ਚ ਇਸ਼ਨਾਨ ਦੀ ਸੇਵਾ, ਗੁਰੂ ਕੇ ਲੰਗਰ ਦੀ ਸੇਵਾ ਕਰਨ ਦੇ ਨਾਲ-ਨਾਲ ਜੌੜੇ ਘਰ ਵਿਖੇ ਵੀ ਸੇਵਾ 'ਚ ਹਾਜ਼ਰੀਆਂ ਲਵਾਈਆਂ।
ਆਟੋਮੈਟਿਕ ਮਸ਼ੀਨਾਂ ਨਾਲ ਸੰਗਤਾਂ ਨੇ ਹੱਥ ਕੀਤੇ ਸੈਨੀਟਾਈਜ਼
ਬੀਤੇ ਦਿਨ ਜਲੰਧਰ ਦੀ ਸੰਗਤ ਵਲੋਂ ਸੈਨੀਟਾਈਜ਼ਰ ਵਾਲੀਆਂ 3 ਆਟੋਮੈਟਿਕ ਮਸ਼ੀਨਾਂ ਚੜ੍ਹਾਈਆਂ ਗਈਆਂ ਸਨ। ਜਿਨ੍ਹਾਂ 'ਚੋਂ ਇਕ ਗੁਰੂ ਰਾਮਦਾਸ ਸਰਾਂ, ਦੂਸਰੀ ਘੰਟਾ ਘਰ ਵਾਲੇ ਪ੍ਰਵੇਸ਼ ਦੁਆਰ ਤੇ ਤੀਸਰੀ ਮਸ਼ੀਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਲਾਈ ਗਈ ਹੈ। ਇਨ੍ਹਾਂ ਮਸ਼ੀਨਾ 'ਚ ਸੈਂਸਰ ਲੱਗੇ ਹੋਏ ਹਨ, ਜਿਸ ਨਾਲ ਮਸ਼ੀਨ ਦੇ ਥੱਲੇ ਹੱਥ ਕਰਨ ਨਾਲ ਆਪਣੇ-ਆਪ ਹੱਥ ਸੈਨੀਟਾਈਜ਼ ਹੋ ਜਾਂਦੇ ਹਨ।
ਫਿਰੋਜ਼ਪੁਰ ਦੇ ਉੱਚ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
NEXT STORY