ਅੰਮ੍ਰਿਤਸਰ : ਸ੍ਰੀ ਹਰਿਕ੍ਰਿਸ਼ਨ ਨਗਰ 'ਚ ਹਾਈ ਵੋਲਟੇਜ ਤਾਰ ਦੀ ਲਪੇਟ 'ਚ ਆ ਕੇ ਮਾਰੇ ਗਏ 10 ਸਾਲ ਦੇ ਸੂਰਜ ਦੀ ਮਾਂ ਰੇਸ਼ਮੀ ਦੇਵੀ ਹਾਦਸੇ ਦੇ ਬਾਅਦ ਸਦਮੇ 'ਚ ਚੱਲੀ ਗਈ। ਕਿਉਂਕਿ ਕੁਝ ਦੇਰ ਪਹਿਲਾਂ ਉਸ ਦੀਆਂ ਅੱਖਾਂ ਦੇ ਸਾਹਮਣੇ ਖੇਡ ਰਹੇ ਲਾਡਲੇ ਦੀ ਬੁਰੀ ਤਰ੍ਹਾਂ ਝੁਲਸੀ ਹੋਈ ਲਾਸ਼ ਪਈ ਸੀ। ਧਮਾਕੇ ਦੇ ਬਾਅਦ ਵਾਇਰਿੰਗ ਦਾ ਉੱਡਣਾ ਤੇ ਲੈਂਟਰ ਫਟ ਜਾਣ ਤਕ ਦਾ ਉਸ ਨੂੰ ਕੁਝ ਵੀ ਯਾਦ ਨਹੀਂ।
ਉਸ ਨੂੰ ਤਾਂ ਛੱਤ 'ਤੇ ਡਿੱਗਿਆ ਪਿਆ ਸੂਰਜ ਹੀ ਨਜ਼ਰ ਆ ਰਿਹਾ ਸੀ। ਕੁਝ ਦੇਰ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਹੇਠਲੀ ਮੰਜਲ 'ਤੇ ਮੌਜੂਦ ਪੁੱਤਰ ਆਕਾਸ਼ (7) ਤੇ ਧੀ ਕਾਜਲ (5) ਚੀਕ ਰਹੇ ਸੀ। ਕੁਝ ਦੇਰ ਬਾਅਦ ਗੁਆਂਢੀ ਵੀ ਛੱਤ 'ਤੇ ਪੁੱਜ ਗਏ। ਪਰ ਉਥੇ ਸੂਰਜ ਦੀ ਲਾਸ਼ ਪਈ ਸੀ। ਰੇਸ਼ਮੀ ਦੇਵੀ ਨੂੰ ਇਹ ਵੀ ਪਤਾ ਨਹੀਂ ਸੀ ਕਿ ਲੈਂਟਰ ਫਟਣ ਨਾਲ ਕੰਕਰੀਟ ਉੱਡ ਕੇ ਉਸ ਨੂੰ ਵੀ ਜ਼ਖ਼ਮੀ ਕਰ ਚੁੱਕੇ ਹਨ। ਭਿਆਨਕ ਹਾਦਸਾ ਵੇਖਕੇ ਗੁਆਂਢੀਆਂ ਨੇ ਕਿਸੇ ਤਰ੍ਹਾਂ ਰੇਸ਼ਮੀ ਦੇਵੀ ਤੇ ਦੋਵਾਂ ਬੱਚਿਆਂ ਨੂੰ ਘਰ ਤੋਂ ਬਾਹਰ ਕੱਢਿਆ।
ਦੱਸ ਦੇਈਏ ਕਿ ਇਹ ਮਾਮਲਾ ਛੇਹਰਟਾ ਸਬ-ਡਵੀਜ਼ਨ ਅਧੀਨ ਆਉਂਦੇ ਇਲਾਕਾ ਖੰਡਵਾਲਾ ਸ਼ੇਰ ਸ਼ਾਹ ਸੂਰੀ ਰੋਡ 'ਤੇ ਸਥਿਤ ਗੁਰੂ ਹਰਕ੍ਰਿਸ਼ਨ ਨਗਰ ਦਾ ਹੈ, ਜਿਥੇ ਆਪਣੇ ਘਰ ਦੀ ਛੱਤ 'ਤੇ ਭਰਾ ਨਾਲ ਖੇਡ ਰਿਹਾ 10 ਸਾਲ ਦਾ ਸੂਰਜ 66 ਕੇ. ਵੀ. ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆ ਗਿਆ। ਹਾਦਸੇ 'ਚ ਸੂਰਜ ਦੀ ਮੌਕੇ 'ਤੇ ਮੌਤ ਹੋ ਗਈ। ਬੱਚਾ 80 ਫੀਸਦੀ ਝੁਲਸ ਗਿਆ ਸੀ, ਜਿਸ ਨੂੰ ਤੁਰੰਤ 108 ਐਂਬੂਲੈਂਸ 'ਚ ਹਸਪਤਾਲ ਲਿਜਾਇਆ ਗਿਆ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਹ ਹਾਈ ਵੋਲਟੇਜ ਤਾਰਾਂ ਨੂੰ ਲੈ ਕੇ ਕਈ ਵਾਰ ਪਾਵਰਕਾਮ ਦੇ ਅਧਿਕਾਰੀਆਂ ਨੂੰ ਮਿਲੇ ਪਰ ਕਿਸੇ ਨੇ ਨਹੀਂ ਸੁਣੀ। ਇਸ ਤੋਂ ਪਹਿਲਾਂ ਵੀ ਸਾਰੇ ਸ਼ਹਿਰ ਵਿਚ ਕਈ ਹਾਦਸੇ ਹੋ ਚੁੱਕੇ ਹਨ ਪਰ ਉਨ੍ਹਾਂ ਤੋਂ ਵੀ ਕਿਸੇ ਨੇ ਸਬਕ ਨਹੀਂ ਲਿਆ, ਜਦੋਂ ਵੀ ਕੋਈ ਅਜਿਹੀ ਘਟਨਾ ਹੁੰਦੀ ਹੈ ਤਾਂ ਅਧਿਕਾਰੀ ਇਹ ਕਹਿ ਦਿੰਦੇ ਹਨ ਕਿ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਪਹਿਲਾਂ ਤੋਂ ਲੰਘਦੀਆਂ ਹਨ। ਲੋਕ ਸਸਤੀ ਜਗ੍ਹਾ ਦੇਖ ਕੇ ਲੈ ਲੈਂਦੇ ਹਨ ਅਤੇ ਉਥੇ ਮਕਾਨ ਬਣਾ ਲੈਂਦੇ ਅਤੇ ਬਾਅਦ 'ਚ ਅਜਿਹੇ ਹਾਦਸੇ ਹੁੰਦੇ ਹਨ, ਜ਼ਿੰਮੇਵਾਰ ਪਾਵਰਕਾਮ ਨੂੰ ਠਹਿਰਾਉਂਦੇ ਹਨ। ਲੋਕਾਂ ਨੇ ਦੱਸਿਆ ਕਿ ਪਾਵਰਕਾਮ ਨੂੰ ਲੋਕਾਂ ਦੀ ਸੇਫਟੀ ਲਈ ਕਦਮ ਚੁੱਕਣਾ ਚਾਹੀਦਾ ਹੈ।
ਲੁਧਿਆਣਾ 'ਚ ਲੁਟੇਰਿਆਂ ਵਲੋਂ ਸਭ ਤੋਂ ਵੱਡੀ ਲੁੱਟ, 30 ਕਿੱਲੋ ਦੇ ਸੋਨੇ 'ਤੇ ਮਾਰਿਆ ਡਾਕਾ
NEXT STORY