ਅੰਮ੍ਰਿਤਸਰ (ਗੁਰਪ੍ਰੀਤ,ਸੰਜੀਵ) : ਅੱਜ ਸਵੇਰੇ ਤਰਨਤਾਰਨ ਰੋਡ ’ਤੇ ਸਥਿਤ ਪੇਂਟ ਫੈਕਟਰੀ ’ਚ ਭਾਰੀ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਫੈਕਟਰੀ ਦੀਆਂ ਦੀਵਾਰਾਂ ਤੱਕ ਟੁੱਟ ਗਈਆਂ। ਘਟਨਾ ਤੋਂ ਬਾਅਦ ਫੈਕਟਰੀ ’ਚ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਅੱਗ ’ਤੇ ਕਾਬੂ ਪਾਇਆ। ਬਲਾਸਟ ਤੋਂ ਬਾਅਦ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦਕਿ ਏ. ਸੀ. ਪੀ. ਜਸਪ੍ਰੀਤ ਸਿੰਘ ਅਤੇ ਥਾਣਾ ਬੀ-ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਗੁਰਿੰਦਰ ਸਿੰਘ ਨਾਲ ਮੌਕੇ ’ਤੇ ਪਹੁੰਚੀ ਫੋਰੈਂਸਿਕ ਟੀਮ ਨੇ ਧਮਾਕੇ ਦੇ ਕਾਰਣਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿਛਲੇ 3 ਸਾਲਾਂ ਤੋਂ ਬੰਦ ਪਈ ਇਸ ਫੈਕਟਰੀ ਵਿਚ ਚੌਕੀਦਾਰ ਫੂਲ ਚੰਦ ਰਹਿ ਰਿਹਾ ਸੀ, ਜੋ ਧਮਾਕੇ ਸਮੇਂ ਛੱਤ ’ਤੇ ਸੀ। ਉਸ ਨੇ ਤੁਰੰਤ ਫੈਕਟਰੀ ਮਾਲਕ ਨੂੰ ਸੂਚਿਤ ਕਰ ਦਿੱਤਾ।
ਪੁਲਸ ਅਨੁਸਾਰ ਤਰਨਤਾਰਨ ਰੋਡ ਕੋਰਟ ਮਾਣਾ ਸਿੰਘ ’ਚ ਸਥਿਤ ਨਾਮਧਾਰੀ ਕੰਡੇ ਨੇਡ਼ੇ ਗਲੀ ਨੰਬਰ 1 ਵਿਚ, ਪਿਛਲੇ 3 ਸਾਲਾਂ ਤੋਂ ਬੰਦ ਪਈ ਪੇਂਟ ਫੈਕਟਰੀ ’ਚ ਸਿਲੰਡਰ ਅਤੇ ਜਲਣਸ਼ੀਲ ਪਦਾਰਥ ਥਿਨਰ ਦੇ ਡਰੰਮ ਪਏ ਸਨ। ਅਚਾਨਕ ਸ਼ਾਰਟ-ਸਰਕਟ ਤੋਂ ਬਾਅਦ ਨਿਕਲੀ ਚਿੰਗਾਰੀ ਨੇ ਥਿਨਰ ਨੂੰ ਆਪਣੀ ਲਪੇਟ ’ਚ ਲੈ ਲਿਆ ਅਤੇ ਡਰੰਮ ਇਕ ਜ਼ੋਰਦਾਰ ਧਮਾਕੇ ਦੇ ਨਾਲ ਫਟ ਗਿਆ। ਇਸ ਤੋਂ ਬਾਅਦ ਉਸ ਕਮਰੇ ’ਚ ਅੱਗ ਗਈ। ਉਥੇ ਪਿਆ 5 ਫੁੱਟ ਲੰਮਾ ਲੋਹੇ ਦਾ ਸਿਲੰਡਰ ਹਵਾ ’ਚ ਉਡ ਫੈਕਟਰੀ ਦੇ ਬਾਹਰ ਜਾ ਡਿੱਗਿਆ। ਪੁਲਸ ਤੇ ਫੋਰੈਂਸਿਕ ਟੀਮ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਦੂਜੇ ਪਾਸੇ ਫੈਕਟਰੀ ਮਾਲਕਾਂ ਨੂੰ ਵੀ ਪੁਲਸ ਨੇ ਮੌਕੇ ’ਤੇ ਬੁਲਾਇਆ ਹੈ। ਫੈਕਟਰੀ ਦੇ ਬੰਦ ਹੋਣ ਕਾਰਣ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ ਪਰ ਫੈਕਟਰੀ ਅਤੇ ਇਸ ਦੇ ਨਾਲ ਲੱਗੀਆਂ ਦੀਵਾਰਾਂ ’ਚ ਦਰਾਰਾਂ ਆ ਗਈਆਂ। ਮੌਕੇ ’ਤੇ ਪਹੁੰਚੇ ਫੈਕਟਰੀ ਮਾਲਕ ਗਗਨਦੀਪ ਸਿੰਘ ਅਤੇ ਰਣਧੀਰ ਸਿੰਘ ਦਾ ਕਹਿਣਾ ਹੈ ਕਿ ਫੈਕਟਰੀ ਪਿਛਲੇ 3 ਸਾਲਾਂ ਤੋਂ ਬੰਦ ਪਈ ਹੈ। ਇਸ ਦੀ ਦੇਖਭਾਲ ਲਈ ਚੌਕੀਦਾਰ ਰੱਖਿਆ ਗਿਆ ਹੈ। ਉਹ ਕਈ ਵਾਰ ਕਬਾਡ਼ ਵੇਖਣ ਲਈ ਆ ਜਾਂਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਾਂਚ ’ਚ ਹੁਣ ਤੱਕ ਇਹ ਖੁਲਾਸਾ ਹੋਇਆ ਹੈ ਕਿ ਇਸ ਬੰਦ ਪਈ ਫੈਕਟਰੀ ਵਿਚ ਪੇਂਟ ਅਤੇ ਥਿਨਰ ਨਾਲ ਭਰੇ ਡਰੰਮ ਪਏ ਸਨ। ਧਮਾਕੇ ਪਿੱਛੇ ਵੀ ਇਨ੍ਹਾਂ ਦੇ ਫਟਣ ਦਾ ਕਾਰਣ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਿਲੰਡਰ ਫਟਣ ਕਾਰਣ ਧਮਾਕਾ ਹੋਇਆ, ਜਦਕਿ ਮੌਕੇ ’ਤੇ ਅਜਿਹੀ ਕੋਈ ਚੀਜ਼ ਨਜ਼ਰ ਨਹੀਂ ਆਈ। ਫੈਕਟਰੀ ’ਚ ਪਿਆ ਇਕ ਖਾਲੀ ਸਿਲੰਡਰ ਧਮਾਕੇ ਨਾਲ ਉਛਲ ਕੇੇ ਗਲੀ ਵਿਚ ਜ਼ਰੂਰ ਜਾ ਡਿੱਗ ਗਿਆ ਸੀ। ਫਿਲਹਾਲ ਪੁਲਸ ਅਤੇ ਫੋਰੈਂਸਿਕ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।
ਪ੍ਰੀ-ਵੈਡਿੰਗ ਸ਼ੂਟ ਲਈ ਨੌਜਵਾਨਾਂ ਨੂੰ ਲੁਭਾਉਣ ਲੱਗੇ ਮਿੱਟੀ ਦੇ ਕੱਚੇ ਘਰ
NEXT STORY