ਅੰਮ੍ਰਿਤਸਰ— ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਟਰੇਨ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਦਾ ਹਾਲ ਜਾਣਨ ਲਈ ਅੱਜ ਅੰਮ੍ਰਿਤਸਰ ਪਹੁੰਚੇ। ਪੀੜਤ ਪਰਿਵਾਰਾਂ ਦਾ ਹਾਲ ਜਾਣਨ ਤੋਂ ਬਾਅਦ ਸਿੱਧੂ ਜੋੜੇ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਿੱਧੂ ਜੋੜੇ ਖਿਲਾਫ ਐੱਫ. ਆਈ. ਆਰ ਦਰਜ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਵੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਗਈ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਸ ਜਾਂਚ ਦੇ ਜ਼ਰੀਏ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਹਾਦਸੇ ਦੀ ਕੇਂਦਰ ਸਰਕਾਰ ਤੋਂ ਜਾਂਚ ਦੀ ਮੰਗ ਕਰਦੇ ਹੋਏ ਸੁਖਬੀਰ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਅਫਸਰਾਂ 'ਤੇ ਭਰੋਸਾ ਨਹੀਂ ਹੈ ਅਤੇ ਕੇਂਦਰ ਦੀ ਟੀਮ ਇਸ ਦਰਦਨਾਕ ਹਾਦਸੇ ਦੀ ਜਾਂਚ ਕਰੇ। ਉਨ੍ਹਾਂ ਨੇ ਕਿਹਾ ਕਿ ਹਸਪਤਾਲਾਂ 'ਚ ਪੀੜਤਾਂ ਦੇ ਬਿਆਨ ਤੱਕ ਨਹੀਂ ਲਏ ਜਾ ਰਹੇ ਹਨ।
ਸੁਖਬੀਰ ਬਾਦਲ ਨੇ ਪ੍ਰਸ਼ਾਸਨ ਦੀ ਲਾਪਰਵਾਹੀ ਦੱਸਦੇ ਹੋਏ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਉਕਤ ਸਥਾਨ 'ਤੇ ਪ੍ਰੋਗਰਾਮ ਦਾ ਆਯੋਜਨ ਕਿਸੇ ਵੀ ਹਾਲਤ 'ਚ ਨਹੀਂ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਨੇ ਪੀੜਤ ਪਰਿਵਾਰਾਂ ਪ੍ਰਤੀ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਹਾਦਸੇ 'ਚ ਕਈ ਪਰਿਵਾਰਾਂ ਦੇ ਬੱਚਿਆਂ ਸਮੇਤ ਵੱਡੇ ਮੈਂਬਰ ਵੀ ਲਾਪਤਾ ਹੋਏ ਹਨ ਅਤੇ ਕਈਆਂ ਦੇ ਪੂਰੇ ਪਰਿਵਾਰ ਹੀ ਖਤਮ ਹੋ ਗਏ ਹਨ।
ਉਨ੍ਹਾਂ ਨੇ ਕਿਹਾ ਇਸ ਖਬਰ ਦੇ ਨਾਲ ਹਰ ਕਿਸੇ ਨੂੰ ਦੁੱਖ ਪਹੁੰਚਿਆ ਹੈ। ਜੋ ਟੀ. ਵੀ. ਜ਼ਰੀਏ ਦਰਦਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਨੂੰ ਦੇਖਿਆ ਤੱਕ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਵਾਲੇ ਆਪਣਿਆਂ ਦੀ ਭਾਲ ਕਰ ਰਹੇ ਹਨ ਪਰ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰ ਨਹੀਂ ਮਿਲ ਰਹੇ ਹਨ। ਲੋਕਾਂ ਦੇ ਮਨਾਂ 'ਚ ਬਹੁਤ ਵੱਡਾ ਗੁੱਸਾ ਹੈ। ਸੁਖਬੀਰ ਬਾਦਲ ਦੇ ਨਾਲ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ।
ਅੰਮ੍ਰਿਤਸਰ ਰੇਲ ਹਾਦਸਾ: ਸਿੱਧੂ ਪਰਿਵਾਰ ਦਾ ਹਰਪਾਲ ਚੀਮਾ ਨੇ ਪੂਰਿਆ ਪੱਖ, ਪ੍ਰਸ਼ਾਸਨ 'ਤੇ ਕੱਢੀ ਭੜਾਸ
NEXT STORY