ਅੰਮ੍ਰਿਤਸਰ( ਸਰਬਜੀਤ): ਲਾਹੌਰ (ਪਾਕਿਸਤਾਨ) ਦੇ ਪ੍ਰਸਿੱਧ ਸੂਫ਼ੀ ਆਗੂ ਸਾਈਂ ਸਈਅਦ ਅਲੀ ਰਜ਼ਾ ਕਾਦਰੀ ਨੇ ਸਮੂਹ ਸੰਗਤ ਨਾਲ ਫਤਿਹ ਸਾਂਝੀ ਕਰਦਿਆਂ ਭਾਰਤ ਸਰਕਾਰ ਵੱਲੋਂ ਵੀਜ਼ਾ ਨੀਤੀ ਵਿੱਚ ਕੀਤੀ ਗਈ ਨਰਮੀ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਦੋਵੇਂ ਦੇਸ਼ਾਂ ਦੇ ਲੋਕਾਂ ਵਿਚਕਾਰ ਆਪਸੀ ਸਾਂਝ ਅਤੇ ਧਾਰਮਿਕ ਯਾਤਰਾਵਾਂ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਸਕਾਰਾਤਮਕ ਕਦਮ ਹੈ। ਉਨ੍ਹਾਂ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਰਾਹਦਾਰੀ ਨੂੰ ਵੀ ਜਲਦ ਤੋਂ ਜਲਦ ਮੁੜ ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਦੀਆਂ ਹਜ਼ਾਰਾਂ ਸੰਗਤਾਂ ਲੰਬੇ ਸਮੇਂ ਤੋਂ ਇਸ ਰਾਹਦਾਰੀ ਦੇ ਖੁੱਲ੍ਹਣ ਦੀ ਉਡੀਕ ਕਰ ਰਹੀਆਂ ਹਨ, ਤਾਂ ਜੋ ਉਹ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ ਅਤੇ ਸੇਵਾ ਦਾ ਲਾਭ ਪ੍ਰਾਪਤ ਕਰ ਸਕਣ।
ਇਹ ਵੀ ਪੜ੍ਹੋ- ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਫ਼ੈਸਲਾ ਸਿੱਖ ਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਕਰੇ ਕੇਂਦਰ ਸਰਕਾਰ: ਐਡਵੋਕੇਟ ਧਾਮੀ
ਸਾਈਂ ਸਈਅਦ ਅਲੀ ਰਜ਼ਾ ਕਾਦਰੀ ਨੇ ਕਿਹਾ ਕਿ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਰੋਜ਼ਾਨਾ ਲੰਗਰ ਅਤੇ ਹੋਰ ਧਾਰਮਿਕ ਸੇਵਾਵਾਂ ਨਿਰੰਤਰ ਚੱਲ ਰਹੀਆਂ ਹਨ, ਪਰ ਰਾਹਦਾਰੀ ਬੰਦ ਹੋਣ ਕਾਰਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰੇ, ਮਸਜਿਦਾਂ, ਮੰਦਰ ਅਤੇ ਗਿਰਜਾਘਰ ਮਨੁੱਖਤਾ ਨੂੰ ਜੋੜਨ, ਅਮਨ, ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਵਾਲੇ ਅਸਥਾਨ ਹਨ। ਇਸ ਲਈ ਇਨ੍ਹਾਂ ਨਾਲ ਜੁੜੇ ਮਾਮਲਿਆਂ ਨੂੰ ਸਿਆਸੀ ਨਜ਼ਰੀਏ ਨਾਲ ਨਹੀਂ, ਸਗੋਂ ਮਨੁੱਖਤਾ ਅਤੇ ਧਾਰਮਿਕ ਭਾਵਨਾਵਾਂ ਦੇ ਸਤਿਕਾਰ ਨਾਲ ਦੇਖਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਪੰਜਾਬ: 20 ਕਿਲੋ ਹੈਰੋਇਨ ਸਣੇ ਇਕ ਮੁਲਜ਼ਮ ਕਾਬੂ, ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਸੂਬੇ ਭਰ 'ਚ ਕਰਦਾ ਸੀ ਸਪਲਾਈ
ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਵਾਲਾ ਹਰ ਸ਼ਰਧਾਲੂ ਦੋਵੇਂ ਦੇਸ਼ਾਂ ਵਿਚਕਾਰ ਅਮਨ, ਭਾਈਚਾਰੇ ਅਤੇ ਬਿਹਤਰ ਸਬੰਧਾਂ ਦੀ ਅਰਦਾਸ ਕਰਦਾ ਹੈ। ਉਨ੍ਹਾਂ ਨੇ ਇਹ ਵੀ ਇੱਛਾ ਪ੍ਰਗਟਾਈ ਕਿ ਜਿਸ ਤਰ੍ਹਾਂ ਪਾਕਿਸਤਾਨ ਤੋਂ ਸੰਗਤ ਭਾਰਤ ਦੇ ਅਜਮੇਰ ਸ਼ਰੀਫ਼, ਪਾਣੀਪਤ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੀ ਹੈ, ਉਸੇ ਤਰ੍ਹਾਂ ਭਾਰਤ ਦੀ ਸੰਗਤ ਨੂੰ ਵੀ ਪਾਕਿਸਤਾਨ ਸਥਿਤ ਆਪਣੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਅੰਤ ਵਿੱਚ ਸਾਈਂ ਸਈਅਦ ਅਲੀ ਰਜ਼ਾ ਕਾਦਰੀ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਕਰਤਾਰਪੁਰ ਰਾਹਦਾਰੀ ਨੂੰ ਜਲਦ ਖੋਲ੍ਹਣ ਦੇ ਨਾਲ-ਨਾਲ ਵੀਜ਼ਾ ਨੀਤੀ ਨੂੰ ਹੋਰ ਸਰਲ ਅਤੇ ਸੁਗਮ ਬਣਾਇਆ ਜਾਵੇ, ਤਾਂ ਜੋ ਦੋਵੇਂ ਦੇਸ਼ਾਂ ਦੇ ਸ਼ਰਧਾਲੂ ਆਪਣੇ ਧਾਰਮਿਕ ਅਸਥਾਨਾਂ 'ਤੇ ਅਸਾਨੀ ਨਾਲ ਜਾ ਸਕਣ ਅਤੇ ਅਮਨ, ਪਿਆਰ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਹੋਰ ਮਜ਼ਬੂਤ ਹੋ ਸਕੇ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖ਼ਤਰਾ! ਉਝ ਦਰਿਆ 'ਚ ਵੱਧ ਰਿਹਾ ਪਾਣੀ ਪੱਧਰ ਲਿਆ ਸਕਦਾ ਵੱਡੀ ਤਬਾਹੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਫ਼ੈਸਲਾ ਸਿੱਖ ਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਕਰੇ ਕੇਂਦਰ ਸਰਕਾਰ: ਐਡਵੋਕੇਟ ਧਾਮੀ
NEXT STORY