ਲੁਧਿਆਣਾ(ਵਿਪਨ)-ਸੂਬੇ ਦੀ ਰੇਲਵੇ ਪੁਲਸ ਦੇ ਸੀ. ਆਈ. ਏ. ਵਿੰਗ ਵੱਲੋਂ ਅੰਮ੍ਰਿਤਸਰ ਸਟੇਸ਼ਨ ਤੋਂ ਇਕ ਵਿਅਕਤੀ ਨੂੰ ਆਰਮਜ਼ ਐਕਟ ਤਹਿਤ ਕਾਬੂ ਕਰ ਕੇ ਉਸ ਕੋਲੋਂ ਪਾਬੰਦੀਸ਼ੁਦਾ ਚਾਕੂ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਸੀ. ਆਈ. ਏ. ਵਿੰਗ ਦੇ ਮੁਖੀ ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਟਰੇਨ ਰਾਹੀਂ ਕਿਸੇ ਵਿਅਕਤੀ ਵਲੋਂ ਪਾਬੰਦੀਸ਼ੁਦਾ ਚਾਕੂ ਮੰਗਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ 'ਤੇ ਏ. ਐੱਸ. ਆਈ. ਪਲਵਿੰਦਰ ਸਿੰਘ, ਏ. ਐੱਸ. ਆਈ. ਬੀਰਬਲ ਨੂੰ ਪੁਲਸ ਪਾਰਟੀ ਸਮੇਤ ਕੇਸ ਦੀ ਛਾਣਬੀਨ ਲਈ ਰਵਾਨਾ ਕੀਤਾ ਗਿਆ। ਪੁਲਸ ਵਲੋਂ ਟਰੇਨ ਵਿਚ ਬੁੱਕ ਮਾਲ ਦੀ ਜਾਂਚ ਕੀਤੀ ਗਈ ਤਾਂ ਸੂਚਨਾ ਸਹੀ ਪਾਈ ਗਈ ਅਤੇ ਚਾਕੂਆਂ ਨੂੰ ਅੰਮ੍ਰਿਤਸਰ ਦੇ ਕਿਸੇ ਵਿਅਕਤੀ ਵਲੋਂ ਮੰਗਵਾਏ ਜਾਣ ਦੀ ਗੱਲ ਸਾਹਮਣੇ ਆਈ ਜਿਸ ਦੇ ਤਹਿਤ ਪੁਲਸ ਪਾਰਟੀ ਅੰਮ੍ਰਿਤਸਰ ਸਟੇਸ਼ਨ 'ਤੇ ਰਵਾਨਾ ਹੋ ਗਈ। ਏ. ਐੱਸ. ਆਈ. ਪਲਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ, ਜਿਸਦੀ ਪਛਾਣ ਅੰਮ੍ਰਿਤਸਰ ਦੇ ਰਹਿਣ ਵਾਲੇ ਹਰਭਜਨ ਸਿੰਘ ਵਜੋਂ ਹੋਈ ਹੈ, ਜਦੋਂ ਅੰਮ੍ਰਿਤਸਰ ਸਟੇਸ਼ਨ ਤੋਂ ਚਾਕੂਆਂ ਵਾਲੇ ਬੋਰੇ ਛੁਡਵਾ ਕੇ ਲਿਜਾਣ ਲੱਗਾ ਤਾਂ ਉਸ ਨੂੰ ਸਟੇਸ਼ਨ ਕੰਪਲੈਕਸ ਤੋਂ ਕਾਬੂ ਕਰ ਕੇ 780 ਪਾਬੰਦੀਸ਼ੁਦਾ ਚਾਕੂ ਬਰਾਮਦ ਕਰ ਲਏ ਗਏ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਅੰਮ੍ਰਿਤਸਰ ਸਟੇਸ਼ਨ ਸਥਿਤ ਜੀ. ਆਰ. ਪੀ. ਥਾਣੇ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਅੰਮ੍ਰਿਤਸਰ 'ਚ ਕਿਰਪਾਨ, ਛੋਟੀ ਕਿਰਪਾਨ ਬਣਾਉਣ ਜਾਂ ਵੇਚਣ ਦਾ ਕੰਮ ਹੈ ਅਤੇ ਉਸ ਨੇ ਇਹ ਚਾਕੂ ਮੁੰਬਈ ਤੋਂ ਮੰਗਵਾਏੇ ਸਨ। ਪਲਵਿੰਦਰ ਸਿੰਘ ਨੇ ਦੱਸਿਆ ਕਿ ਪਾਬੰਦੀਸ਼ੁਦਾ ਚਾਕੂਆਂ ਦੀ ਰਾਜ ਵਿਚ ਇਹ ਬਹੁਤ ਵੱਡੀ ਖੇਪ ਫੜੀ ਗਈ ਹੈ। ਦੋਸ਼ੀ 'ਤੇ ਅੰਮ੍ਰਿਤਸਰ ਥਾਣੇ ਵਿਚ ਆਰਮਜ਼ ਐਕਟ ਦੀ ਧਾਰਾ 25/54/59 ਵਿਚ ਪਰਚਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਮਾਣਯੋਗ ਜੱਜ ਵੱਲੋਂ ਦੋਸ਼ੀ ਨੂੰ ਅਗਲੀ ਪੁੱਛਗਿੱਛ ਲਈ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
ਦੇਨਾ ਬੈਂਕ ਦੇ ਸਮਰਾਲਾ ਚੌਕ ਬੂਥ ਤੋਂ 127 ਵਾਰ ਧੋਖੇ ਨਾਲ ਕਢਵਾਏ ਲੱਖਾਂ ਰੁਪਏ
NEXT STORY