ਲੁਧਿਆਣਾ(ਰਿਸ਼ੀ)-ਏ. ਟੀ. ਐੱਮ. ਬੂਥ 'ਚੋਂ ਧੋਖੇ ਨਾਲ ਪੈਸੇ ਕਢਵਾਉਣ ਵਾਲੇ ਦੋ ਦੋਸਤਾਂ ਨੂੰ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੂੰ ਉਨ੍ਹਾਂ ਕੋਲੋਂ ਦੋ ਏ. ਟੀ. ਐੱਮ. ਕਾਰਡ ਵੀ ਬਰਾਮਦ ਹੋਏ ਹਨ, ਜਿਨ੍ਹਾਂ ਦੀ ਵਰਤੋਂ ਬੈਂਕ ਨਾਲ ਧੋਖਾਦੇਹੀ ਕਰਨ ਲਈ ਕਰਦੇ ਸਨ। ਥਾਣਾ ਮੁਖੀ ਐੱਸ. ਆਈ. ਪ੍ਰਵੀਨ ਰਣਦੇਵ ਅਨੁਸਾਰ ਦੋਸ਼ੀਆਂ ਦੀ ਪਛਾਣ ਚੰਦਰ ਨਗਰ ਦੇ ਇਕ ਹੀ ਮੁਹੱਲੇ ਦੇ ਰਹਿਣ ਵਾਲੇ ਦੋ ਦੋਸਤਾਂ ਸੌਰਵ ਸ਼ਰਮਾ ਤੇ ਹਨੀ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਵੀਰਵਾਰ ਨੂੰ ਸੂਚਨਾ ਦੇ ਆਧਾਰ 'ਤੇ ਗੁਰੂ ਅਰਜਨ ਦੇਵ ਨਗਰ ਨੇੜਿਓਂ ਉਦੋਂ ਗ੍ਰਿਫਤਾਰ ਕੀਤਾ, ਜਦੋਂ ਉਹ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਆਏ। ਪੁਲਸ ਨੇ ਉਨ੍ਹਾਂ ਖਿਲਾਫ ਦੇਨਾ ਬੈਂਕ ਦੇ ਡਿਪਟੀ ਮੈਨੇਜਰ ਰਾਮ ਦਿਆਲ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ 'ਚ ਉਨ੍ਹਾਂ ਨੇ ਦੱਸਿਆ ਕਿ ਦੇਨਾ ਬੈਂਕ ਦੇ ਚੰਡੀਗੜ੍ਹ ਰੋਡ ਸਥਿਤ ਏ. ਟੀ. ਐੱਮ. ਬੂਥ ਤੋਂ ਲਗਭਗ 127 ਵਾਰ ਇਕ ਏ. ਟੀ. ਐੱਮ. ਕਾਰਡ ਤੋਂ ਪੈਸੇ ਨਾ ਮਿਲਣ ਦਾ ਰਿਫੰਡ ਲਿਆ ਗਿਆ ਹੈ। ਜਾਂਚ ਕਰਨ 'ਤੇ ਪਤਾ ਲੱਗਾ ਕਿ ਉਕਤ ਦੋਸ਼ੀਆਂ ਵਲੋਂ 3 ਮਹੀਨਿਆਂ 'ਚ ਪੰਜਾਬ, ਦਿੱਲੀ, ਹਰਿਆਣਾ ਸਮੇਤ ਕਈ ਜਗ੍ਹਾ ਤੋਂ 12 ਲੱਖ 48 ਹਜ਼ਾਰ ਰੁਪਏ ਕਢਵਾਏ ਗਏ ਹਨ। ਪੁਲਸ ਸ਼ੁੱਕਰਵਾਰ ਨੂੰ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ।
ਪੈਸੇ ਨਿਕਲਦੇ ਹੀ ਬੰਦ ਕਰ ਦਿੰਦੇ ਸਨ ਪਾਵਰ
ਪੁਲਸ ਅਨੁਸਾਰ ਚਲਾਕਾਂ ਵਲੋਂ ਕੇਵਲ ਦੇਨਾ ਬੈਂਕ ਦੇ ਏ. ਟੀ. ਐੱਮ. ਬੂਥ 'ਤੇ ਜਾ ਕੇ ਹੀ ਫਰਾਡ ਕੀਤਾ ਜਾਂਦਾ ਸੀ। ਪਹਿਲਾਂ ਉਹ ਆਪਣੇ ਐਕਸਿਸ ਬੈਂਕ ਦੇ ਏ. ਟੀ. ਐੱਮ. ਦੀ ਵਰਤੋਂ ਖਾਤੇ ਤੋਂ ਪੈਸੇ ਕਢਵਾਉਣ ਲਈ ਕਰਦੇ। ਪੈਸਿਆਂ ਦੇ ਬਾਹਰ ਆਉਂਦੇ ਹੀ ਮੇਨ ਪਾਵਰ ਬੰਦ ਕਰ ਦਿੰਦੇ। ਕੁੱਝ ਸਮੇਂ ਬਾਅਦ ਜਦੋਂ ਫਿਰ ਤੋਂ ਲਾਈਟ ਆਨ ਕਰਦੇ ਤਾਂ ਏ. ਟੀ. ਐੱਮ. ਤੋਂ ਪੈਸੇ ਬਾਹਰ ਨਿਕਲਣ ਦੀ ਐਂਟਰੀ ਨਹੀਂ ਹੁੰਦੀ ਅਤੇ ਕਾਰਡ ਹੋਲਡਰ ਨੂੰ ਬੈਂਕ ਤੋਂ ਵੀ ਪੈਸੇ ਮਿਲ ਜਾਂਦੇ।
ਪਹਿਲਾਂ ਵੀ ਪੁਲਸ ਕਰ ਚੁੱਕੀ ਹੈ ਪਰਦਾਫਾਸ਼
ਕਮਿਸ਼ਨਰੇਟ ਪੁਲਸ ਵਲੋਂ ਪਹਿਲਾਂ ਵੀ ਇਕ ਅਜਿਹੇ ਹੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ, ਜੋ ਏ. ਟੀ. ਐੱਮ. ਬੂਥਾਂ ਤੋਂ ਪੈਸੇ ਕਢਵਾ ਕੇ ਬੈਂਕਾਂ ਨਾਲ ਧੋਖਾਦੇਹੀ ਕਰ ਰਿਹਾ ਸੀ। ਪੁਲਸ ਨੂੰ ਉਨ੍ਹਾਂ ਕੋਲੋਂ ਵੱਡੀ ਮਾਤਰਾ 'ਚ ਏ. ਟੀ. ਐੱਮ. ਕਾਰਡ ਵੀ ਬਰਾਮਦ ਹੋਏ ਸਨ, ਉਕਤ ਦੋਸ਼ੀ ਵੀ ਚੰਦਰ ਨਗਰ ਦੇ ਆਲੇ-ਦੁਆਲੇ ਦੇ ਰਹਿਣ ਵਾਲੇ ਸਨ। ਪੁਲਸ ਜਾਂਚ ਕਰ ਰਹੀ ਹੈ ਕਿ ਫੜੇ ਗਏ ਦੋਸ਼ੀ ਕਿਤੇ ਉਸੇ ਗਿਰੋਹ ਦੇ ਮੈਂਬਰ ਤਾਂ ਨਹੀਂ।
ਨਸ਼ਾ ਸਮੱਗਲਰ ਲੱਲੀ ਤੋਂ ਬਾਅਦ ਉਸਦਾ ਪੁੱਤਰ ਨਸ਼ੀਲੇ ਪਦਾਰਥਾਂ ਸਣੇ ਕਾਬੂ
NEXT STORY