ਜਲੰਧਰ (ਰਾਹੁਲ)— ਬੀਤੇ ਦਿਨ ਭਾਜਪਾ ਆਗੂ ਅਸ਼ਵਨੀ ਸ਼ਰਮਾ ਨੂੰ ਜਲੰਧਰ ਵਿਖੇ ਦੇਸ਼ਭਗਤ ਯਾਦਗਾਰ ਹਾਲ 'ਚ ਪੰਜਾਬ ਭਾਜਪਾ ਦੇ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ। ਅਸ਼ਵਨੀ ਸ਼ਰਮਾ ਪਾਰਟੀ ਦੇ ਇਕ ਈਮਾਨਦਾਰ, ਨਿਸ਼ਠਾਵਾਨ ਅਤੇ ਮਿਹਨਤੀ ਵਰਕਰ ਹਨ ਅਤੇ ਇਸੇ ਕਾਰਨ ਪਾਰਟੀ ਨੇ ਦੋਬਾਰਾ ਉਨ੍ਹਾਂ ਨੂੰ ਸੂਬੇ ਦੀ ਅਗਵਾਈ ਦੀ ਜ਼ਿੰਮੇਵਾਰੀ ਸੌਂਪੀ ਹੈ। ਦੱਸਣਯੋਗ ਹੈ ਕਿ ਸਭ ਤੋਂ ਪਹਿਲਾਂ 2010 'ਚ ਅਸ਼ਵਨੀ ਸ਼ਰਮਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਬਣਾਏ ਗਏ ਸਨ ਅਤੇ ਉਨ੍ਹਾਂ ਨੇ ਸੂਬੇ 'ਚ ਸੰਗਠਨ ਨੂੰ ਮਜ਼ਬੂਤ ਕਰਕੇ ਵਿਧਾਨ ਸਭਾ ਚੋਣਾਂ 'ਚ 23 'ਚੋਂ 12 ਸੀਟਾਂ ਜਿੱਤ ਕੇ ਭਾਜਪਾ ਦੀ ਝੋਲੀ ਪਾਈਆਂ ਸਨ। ਅਸ਼ਵਨੀ ਸ਼ਰਮਾ ਦੇ ਫਿਰ ਤੋਂ ਪ੍ਰਧਾਨ ਬਣਨ ਨਾਲ ਜਿੱਥੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਹੈ, ਉਥੇ ਹੀ ਭਾਜਪਾ ਸੂਬੇ 'ਚ ਹੋਰ ਮਜ਼ਬੂਤ ਹੋਵੇਗੀ।
ਮਾਝੇ ਨਾਲ ਸੰਬੰਧ ਰੱਖਦੇ ਹਨ ਅਸ਼ਵਨੀ ਸ਼ਰਮਾ
ਮਾਝੇ ਨਾਲ ਸੰਬੰਧਤ ਜ਼ਿਲਾ ਪਠਾਨਕੋਟ ਦੇ ਰਹਿਣ ਵਾਲੇ ਸ਼੍ਰੀ ਓਮ ਦੱਤ ਸ਼ਰਮਾ ਦੇ ਘਰ 23 ਜਨਵਰੀ 1965 ਨੂੰ ਜਨਮੇ ਅਸ਼ਵਨੀ ਸ਼ਰਮਾ ਨੇ ਸਨਾਤਕ ਤੱਕ ਦੀ ਸਿੱਖਿਆ ਹਾਸਲ ਕੀਤੀ ਹੈ। ਇਸ ਦੌਰਾਨ ਉਹ ਰਾਸ਼ਟਰੀ ਸਵੈ ਸੇਵਕ ਸੰਘ ਅਤੇ ਰਾਜਨੀਤੀ ਦੇ ਨਾਲ ਜੁੜ ਗਏ ਅਤੇ ਸਰਗਰਮ ਰੂਪ ਨਾਲ ਰਾਜਨੀਤੀ ਦੇ ਖੇਤਰ 'ਚ ਉਤਰੇ। 1991 ਤੋਂ 2001 ਤੱਕ ਉਨ੍ਹਾਂ ਨੇ ਭਾਜਪਾ ਦੇ ਮੰਡਲ ਪ੍ਰਧਾਨ ਅਹੁਦੇ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ। 2001 ਤੋਂ 2004 ਤੱਕ ਉਹ ਪਠਾਨਕੋਟ ਭਾਜਪਾ ਦੇ ਜ਼ਿਲਾ ਮਹਾਮੰਤਰੀ ਰਹੇ। 2004 ਤੋਂ 2007 ਤੱਕ ਅਸ਼ਵਨੀ ਸ਼ਰਮਾ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਵੀ ਰਹੇ। 2007 ਤੋਂ 2010 ਤੱਕ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪਹਿਲੀ ਵਾਰ ਸੂਬਾ ਪ੍ਰਧਾਨ ਬਣੇ ਅਤੇ ਆਪਣੇ ਸੂਬਾ ਪ੍ਰਧਾਨ ਦੇ ਕਾਰਜਕਾਲ ਦੌਰਾਨ ਅਸ਼ਵਨੀ ਸ਼ਰਮਾ ਨੇ ਪਾਰਟੀ ਵਿਚਾਰਧਾਰਾ ਅਤੇ ਨੀਤੀਆਂ ਨੂੰ ਖੁਦ ਅਤੇ ਵਰਕਰਾਂ ਦੇ ਮਾਧਿਅਮ ਨਾਲ ਜਨਤਾ ਤੱਕ ਪਹੁੰਚਾਇਆ।
ਅਸ਼ਵਨੀ ਸ਼ਰਮਾ ਵੱਲੋਂ ਪਾਰਟੀ ਦੇ ਨਾਲ ਨਿਭਾਈ ਗਈ ਸੇਵਾ ਦੀ ਬਦੌਲਤ ਕੇਂਦਰ ਦੀ ਭਾਜਪਾ ਲੀਡਰਸ਼ਿਪ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਮੁੜ ਸੂਬਾ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ। ਭਾਜਪਾ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਦੇ ਸਹਿਯੋਗ ਨਾਲ 300 ਦਿਨ ਵਰਕਰ ਮਿਲਣੀ ਅਤੇ ਵੱਖ-ਵੱਖ ਜ਼ਿਲਿਆਂ ਦਾ ਦੌਰਾ ਕਰਨਗੇ।
ਚੋਰਾਂ ਦੀ ਪੁਲਸ ਨੂੰ ਖੁੱਲ੍ਹੀ ਚੁਣੌਤੀ! ਦੋ ਠੇਕਿਆਂ ਤੋਂ ਸ਼ਰਾਬ ਦੀਆਂ ਪੇਟੀਆਂ ਚੋਰੀ
NEXT STORY