ਸੰਗਰੂਰ/ਅਮਰਗੜ੍ਹ (ਬੇਦੀ, ਜੋਸ਼ੀ, ਡਿੰਪਲ)-ਪੰਜਾਬ ਸਰਕਾਰ ਵੱਲੋਂ ਚਲਾਈਆਂ ਭਲਾਈ ਸਕੀਮਾਂ 'ਚ ਯੋਗ ਅਤੇ ਅਯੋਗ ਲਾਭਪਾਤਰੀਆਂ ਪ੍ਰਤੀ ਅਕਾਲੀ ਅਤੇ ਕਾਂਗਰਸ ਪਾਰਟੀ ਦੇ ਧੜਿਆਂ ਵੱਲੋਂ ਅਕਸਰ ਇਕ ਦੂਸਰੇ ਦੇ ਸਿਰ ਦੋਸ਼ ਮੜੇ ਜਾਂਦੇ ਹਨ, ਅਜਿਹੀ ਹੀ ਸਥਿਤੀ ਉਸ ਸਮੇਂ ਅਮਰਗੜ੍ਹ 'ਚ ਦੇਖਣ ਨੂੰ ਮਿਲੀ ਜਦੋਂ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਮਹਿੰਦਰ ਸਿੰਘ ਦੀ ਅਗਵਾਈ 'ਚ ਇਕ ਵਫਦ ਨੇ ਕਾਰਜ ਸਾਧਕ ਅਫਸਰ ਅਮਰਗੜ੍ਹ ਨੂੰ ਐੱਸ. ਡੀ. ਐੱਮ. ਮਾਲੇਰਕੋਟਲਾ ਅਤੇ ਹਲਕਾ ਵਿਧਾਇਕ ਦੇ ਨਾਂ ਲਿਖਤੀ ਦਰਖਾਸਤ ਦਿੰਦਿਆਂ ਵਿਤਕਰੇਬਾਜ਼ੀ ਦੇ ਦੋਸ਼ ਲਾਏ। ਐੱਮ. ਸੀ. ਸਰਬਜੀਤ ਸਿੰਘ ਗੋਗੀ ਨੇ ਨਗਰ ਪੰਚਾਇਤ ਦੇ ਅਧਿਕਾਰੀਆਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਨਗਰ ਪੰਚਾਇਤ ਦਾ ਕੋਈ ਅਧਿਕਾਰੀ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਦਾ ਸਰਵੇ ਕਰਨ ਦਫਤਰ 'ਚੋਂ ਬਾਹਰ ਨਹੀਂ ਨਿਕਲਿਆ ਸਗੋਂ ਦਫਤਰ 'ਚ ਬੈਠ ਕੇ ਹੀ ਗਿਣੀਮਿਥੀ ਸਾਜ਼ਿਸ਼ ਤਹਿਤ ਕਾਂਗਰਸ ਪਾਰਟੀ ਨਾਲ ਸਬੰਧਤ ਪਰਿਵਾਰਾਂ ਦੇ ਨਾਂ ਹੀ ਕੱਟੇ ਗਏ ਹਨ। ਉਨ੍ਹਾਂ ਦੋਸ਼ ਲਾਏ ਕਿ ਕੱਟੇ ਨਾਵਾਂ ਦੀ ਸੂਚੀ 'ਚ ਵਿਧਵਾ, ਅਪੰਗਾਂ, ਬੁਢਾਪਾ ਪੈਨਸ਼ਨ ਲੈ ਰਹੇ ਗਰੀਬ ਪਰਿਵਾਰਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਇਸ ਸਮੇਂ ਉਨ੍ਹਾਂ ਨਾਲ ਐੱਮ. ਸੀ. ਹਰਜੀਤ ਸਿੰਘ, ਜੀਤ ਸਿੰਘ ਸਾਬਕਾ ਪੰਚ, ਕਾਮਰੇਡ ਰਾਜਿੰਦਰਪਾਲ ਰਾਜੀ, ਗੁਰਵੀਰ ਸਿੰਘ, ਦੁਰਗਾ ਪ੍ਰਸਾਦ, ਰੂਪ ਸਿੰਘ ਸਾਬਕਾ ਪੰਚ, ਰਾਧਾ ਰਾਮ ਆਦਿ ਹਾਜ਼ਰ ਸਨ।
ਕੀ ਕਹਿਣਾ ਹੈ ਪ੍ਰਧਾਨ ਦਾ? : ਨਗਰ ਪੰਚਾਇਤ ਅਮਰਗੜ੍ਹ ਦੇ ਪ੍ਰਧਾਨ ਮਨਜਿੰਦਰ ਸਿੰਘ ਬਾਵਾ ਨੇ ਐੱਸ. ਡੀ. ਐੱਮ. ਮਾਲੇਰਕੋਟਲਾ ਦੇ ਨਾਂ ਕਾਰਜਸਾਧਕ ਅਫਸਰ ਅਮਰਗੜ੍ਹ ਨੂੰ ਮੰਗ ਪੱਤਰ ਦਿੰਦਿਆਂ ਬੇਨਤੀ ਕੀਤੀ ਹੈ ਕਿ ਆਟਾ-ਦਾਲ ਸਕੀਮ 'ਚੋਂ ਸਰਵੇ ਕਰ ਕੇ ਕੱਟੇ ਗਏ ਯੋਗ ਲਾਭਪਾਤਰੀਆਂ ਦੇ ਨਾਂ ਮੁੜ ਤੋਂ ਉੱਚ ਪੱਧਰੀ ਜਾਂਚ ਕਰਵਾ ਕੇ ਦੁਬਾਰਾ ਸ਼ੁਰੂ ਕੀਤੇ ਜਾਣ। ਉਨ੍ਹਾਂ ਕਾਂਗਰਸ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਚਾਲੂ ਕੀਤੀਆਂ ਭਲਾਈ ਸਕੀਮਾਂ ਨੂੰ ਬੰਦ ਕਰ ਕੇ ਕਾਂਗਰਸ ਸਰਕਾਰ ਗਰੀਬਾਂ ਦੇ ਮੂੰਹ 'ਚੋਂ ਰੋਟੀ ਖੋਹਣ ਵਰਗੇ ਘਟੀਆ ਕੰਮਾਂ 'ਤੇ ਉਤਰ ਆਈ ਹੈ। ਇਸ ਸਮੇਂ ਉਨ੍ਹਾਂ ਨਾਲ ਉਪ ਪ੍ਰਧਾਨ ਪੈਰੀ ਸਿੰਗਲਾ, ਸਵਿੰਦਰ ਸਿੰਘ ਦੱਦੀ, ਐੱਮ. ਸੀ. ਪਰਗਟ ਸਿੰਘ, ਬੱਗਾ ਰਾਮ ਆਦਿ ਹਾਜ਼ਰ ਸਨ।
ਇਸ ਸਬੰਧੀ ਜਦੋਂ ਕਾਰਜਸਾਧਕ ਅਫਸਰ ਮਨਿੰਦਰਪਾਲ ਸਿੰਘ ਨਾਲ ਫੋਨ 'ਤੇ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਉਨ੍ਹਾਂ ਦਾ ਫੋਨ ਲਗਾਤਾਰ ਵਿਅਸਤ ਆ ਰਿਹਾ ਸੀ।
ਪਰਸ਼ੂਰਾਮ ਜਯੰਤੀ ਦੀ ਰੱਦ ਕੀਤੀ ਛੁੱਟੀ ਬਹਾਲ ਕਰਵਾਉਣ ਲਈ, ਬ੍ਰਾਹਮਣ ਸਮਾਜ ਨੇ ਰਾਜਪਾਲ ਨੂੰ ਦਿੱਤਾ ਮੰਗ-ਪੱਤਰ
NEXT STORY