ਬਟਾਲਾ (ਬੇਰੀ) : ਨਗਰ ਨਿਗਮ ਬਟਾਲਾ ’ਚ ਹੋਣ ਜਾ ਰਹੀਆਂ ਚੋਣਾਂ ਦੀ ਤਾਰੀਕ ਜਿਉਂ-ਜਿਉਂ ਨੇੜੇ ਆ ਰਹੀ ਹੈ, ਤਿਉਂ-ਤਿਉਂ ਉਮੀਦਵਾਰਾਂ ਵਿਚ ਆਪਸੀ ਰੰਜਿਸ਼ ਵਧਦੀ ਨਜ਼ਰ ਆ ਰਹੀ ਹੈ, ਜਿਸਦੇ ਚਲਦਿਆਂ ਉਹ ਇਕ-ਦੂਜੇ ਨਾਲ ਝਗੜੇ ਕਰ ਰਹੇ ਹਨ। ਇਸੇ ਲੜੀ ਅਧੀਨ ਬੀਤੇ ਰੋਜ਼ ਬਟਾਲਾ ਦੀ ਵਾਰਡ ਨੰ. 37 ਤੋਂ ਜਨਾਨੀ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਕੌਰ ਦੇ ਪਤੀ ਦਵਿੰਦਰ ਸਿੰਘ ’ਤੇ ਵਾਰਡ ਨੰ.16 ਤੋਂ ਅਕਾਲੀ ਉਮੀਦਵਾਰ ਦੇ ਪੁੱਤਰ ਅਤੇ ਸਾਥੀਆਂ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਉਸਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੇ ਜਾਣ ਨਾਲ ਜਿਥੇ ਦੋ ਜਗ੍ਹਾ ਤੋਂ ਬਾਂਹ ਦੀ ਹੱਡੀ ਤੋੜ ਦਿੱਤੀ ਗਈ, ਉਥੇ ਨਾਲ ਹੀ ਡੂੰਘੀਆਂ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਇਸ ਸਬੰਧੀ ਪੁਲਸ ਥਾਣਾ ਸਿਟੀ ਨੂੰ ਦਿੱਤੀ ਜਾਣਕਾਰੀ ਵਿਚ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗਲੀ ਨੰ.5 ਕਾਹਨੂੰਵਾਨ ਰੋਡ ਬਟਾਲਾ ਨੇ ਦੱਸਿਆ ਕਿ ਉਸਦੀ ਪਤਨੀ ਗੁਰਪ੍ਰੀਤ ਕੌਰ ਵਾਰਡ ਨੰ.37 ਸ਼ਾਸਤਰੀ ਨਗਰ ਬਟਾਲਾ ਤੋਂ ਕਾਂਗਰਸ ਪਾਰਟੀ ਵਲੋਂ ਨਗਰ ਨਿਗਮ ਬਟਾਲਾ ਲਈ ਕੌਂਸਲਰ ਦੀ ਚੋਣ ਲੜ ਰਹੀ ਹੈ ਅਤੇ ਅਕਾਲੀ ਉਮੀਦਵਾਰ ਬਲਬੀਰ ਸਿੰਘ ਬਿੱਟੂ ਜੋ ਕਿ ਖੁਦ ਵਾਰਡ ਨੰ.16 ਤੋਂ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਦੇ ਮਾਤਾ ਵਾਰਡ ਨੰ.37 ਤੋਂ ਮੇਰੀ ਪਤਨੀ ਵਿਰੁੱਧ ਚੋਣ ਲੜ ਰਹੇ ਹਨ। ਦਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਰੋਜ਼ ਉਹ ਅਤੇ ਉਸਦਾ ਪਿਤਾ ਸੁਖਦੇਵ ਸਿੰਘ ਸ਼ਾਸਤਰੀ ਨਗਰ ਬਟਾਲਾ ਸਥਿਤ ਕਿਸੇ ਦੇ ਘਰੋਂ ਨਿਕਲੇ ਤਾਂ ਉਸਦੀ ਸਕੂਟੀ ਨੂੰ ਦੋ ਗੱਡੀਆਂ ’ਚੋਂ ਇਕ ਗੱਡੀ ਨੇ ਸਾਈਡ ਮਾਰ ਦਿੱਤੀ, ਜਿਸ ਨਾਲ ਸੂਕਟੀ ਜ਼ਮੀਨ ’ਤੇ ਡਿੱਗ ਪਈ। ਦਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਜਾਣਕਾਰੀ ਵਿਚ ਅੱਗੇ ਦੱਸਿਆ ਕਿ ਇਸੇ ਦੌਰਾਨ ਵਾਰਡ ਨੰ.16 ਤੋਂ ਅਕਾਲੀ ਉਮੀਦਵਾਰ ਦੇ ਪੁੱਤਰ ਸਮੇਤ 6 ਪਛਾਤਿਆਂ ਅਤੇ 5-6 ਅਣਪਛਾਤਿਆਂ ਨੇ ਚੁਣਾਵੀ ਰੰਜਿਸ਼ ਦੇ ਚਲਦਿਆਂ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਸਕੂਟੀ ਵੀ ਤੋੜ ਦਿੱਤੀ। ਉਕਤ ਮਾਮਲੇ ਸਬੰਧੀ ਥਾਣਾ ਸਿਟੀ ਦੇ ਐੱਸ. ਆਈ. ਹਰਜੀਤ ਸਿੰਘ ਨੇ ਕਾਰਵਾਈ ਕਰਦਿਆਂ ਦਵਿੰਦਰ ਸਿੰਘ ਦੇ ਬਿਆਨਾਂ ’ਤੇ 6 ਪਛਾਤੇ ਵਿਅਕਤੀਆਂ ਅਤੇ 5-6 ਅਣਪਛਾਤਿਆਂ ਵਿਰੁੱਧ ਮੁਕੱਦਮਾ ਨੰ.15 ਮਿਤੀ 8. 2. 21 ਧਾਰਾ 307, 324, 323, 506, 427, 148, 149 ਆਈ. ਪੀ. ਸੀ ਅਧੀਨ ਥਾਣਾ ਸਿਟੀ ਵਿਚ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਕਿਸੇ ਧਰਮ ਜਾਂ ਭਾਈਚਾਰੇ ਨਾਲ ਨਾ ਜੋੜਿਆ ਜਾਵੇ : ਸੁਖਬੀਰ ਬਾਦਲ
ਕੀ ਕਹਿਣਾ ਹੈ ਬਲਬੀਰ ਸਿੰਘ ਬਿੱਟੂ ਦਾ
ਉਕਤ ਮਾਮਲੇ ਸਬੰਧੀ ਜਦੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਬਲਬੀਰ ਸਿੰਘ ਬਿੱਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਤੇ ਜੋ ਕੇਸ ਦਰਜ ਕੀਤਾ ਗਿਆ ਹੈ, ਉਹ ਸਿਰਫ ਸਿਆਸੀ ਰੰਜਿਸ਼ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਮਾਮਲਾ ਕੁਝ ਹੋਰ ਹੈ ਪਰ ਉਨ੍ਹਾਂ ਨੂੰ ਜਾਣਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਿੱਟੂ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕੀਤੀ ਜਾ ਰਹੀ ਇਸ ਧੱਕੇਸ਼ਾਹੀ ਦਾ ਜਵਾਬ ਲੋਕ ਚੋਣਾਂ ਵਿਚ ਉਨ੍ਹਾਂ ਅਤੇ ਉਨ੍ਹਾਂ ਦੀ ਮਾਤਾ ਨੂੰ ਜਿਤਾ ਕੇ ਦੇਣਗੇ। ਉਨ੍ਹਾਂ ਕਿਹਾ ਕਿ ਉਕਤ ਮਾਮਲਾ ਅਕਾਲੀ ਹਾਈਕਮਾਂਡ ਦੇ ਧਿਆਨ ਹਿੱਤ ਲਿਆ ਦਿੱਤਾ ਗਿਆ ਹੈ ਅਤੇ ਜੋ ਵੀ ਦਿਸ਼ਾ ਨਿਰਦੇਸ਼ ਜਾਰੀ ਹੋਣਗੇ, ਉਸ ਮੁਤਾਬਕ ਹੀ ਅਕਾਲੀ ਦਲ ਅਗਲੀ ਰਣਨੀਤੀ ਉਲੀਕੇਗਾ।
ਇਹ ਵੀ ਪੜ੍ਹੋ : ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੀਤੀ ਜਾ ਰਹੀ ਹੈ ਗੈਂਗਸਟਰ ਸੁੱਖ ਭਿਖਾਰੀਵਾਲ ਕੋਲੋਂ ਪੁੱਛਗਿੱਛ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕਿਸਾਨ ਅੰਦੋਲਨ ਨੂੰ ਕਿਸੇ ਧਰਮ ਜਾਂ ਭਾਈਚਾਰੇ ਨਾਲ ਨਾ ਜੋੜਿਆ ਜਾਵੇ : ਸੁਖਬੀਰ ਬਾਦਲ
NEXT STORY