ਝਬਾਲ (ਲਾਲੂਘੁੰਮਣ)- ਬੀਤੇ ਐਤਵਾਰ ਨੂੰ ਪ੍ਰਵਾਸੀ ਔਰਤ ਗੀਤਾ ਨੂੰ ਜਨੇਪੇ ਉਪਰੰਤ ਸਥਾਨਕ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਹਸਪਤਾਲ 'ਚ ਦਾਖ਼ਲ ਨਾ ਕਰਨ ਦੇ ਮੁੱਦੇ ਨੂੰ ਬੇਸ਼ੱਕ ਪ੍ਰਮੁੱਖਤਾ ਨਾਲ ਜਗਬਾਣੀ ਵੱਲੋਂ ਉਜਾਗਰ ਕੀਤਾ ਗਿਆ ਸੀ ਅਤੇ ਇਸ ਮਾਮਲੇ ਨੂੰ ਸਿਵਲ ਸਰਜਨ ਤਰਨਤਾਰਨ ਵੱਲੋਂ ਗੰਭੀਰਤਾ ਨਾਲ ਲੈਣ ਦਾ ਦਾਅਵਾ ਵੀ ਕੀਤਾ ਗਿਆ ਸੀ ਪ੍ਰੰਤੂ ਬਾਵਜੂਦ ਇਸ ਦੇ 2 ਦਿਨ ਬੀਤ ਜਾਣ ਦੇ ਬਾਅਦ ਵੀ ਪ੍ਰਵਾਸੀ ਔਰਤ ਅਤੇ ਉਸਦੇ ਨਵਜੰਮੇ ਬੱਚੇ ਦੀ ਹਾਲਤ ਦਾ ਪਤਾ ਲੈਣ ਲਈ ਸਿਹਤ ਵਿਭਾਗ ਦਾ ਕੋਈ ਕਰਮਚਾਰੀ ਉਸਦੇ ਘਰ ਨਹੀਂ ਪੁੱਜਾ। ਗੌਰਤਲਬ ਹੈ ਕਿ ਬੀਤੇ ਐਤਵਾਰ ਨੂੰ ਸਵੇਰੇ ਤੜਕਸਾਰ ਪ੍ਰਵਾਸੀ ਔਰਤ ਗੀਤਾ ਪਤਨੀ ਰਿਖੀ ਰਾਮ ਜੋ ਕਿ ਕਸਬਾ ਝਬਾਲ ਸਥਿਤ ਹਵੇਲੀਆਂ ਵਾਸੀ ਕਿਸਾਨ ਨਿਰਮਲ ਸਿੰਘ ਦੇ ਘਰ ਮਜ਼ਦੂਰ ਵਜੋਂ ਰਹਿ ਰਹੇ ਹੈ, ਨੇ ਐਂਬੂਲੈਂਸ ਦੀ ਉਡੀਕ 'ਚ ਘਰੇ ਹੀ ਬੱਚੇ ਨੂੰ ਜਨਮ ਦੇ ਦਿੱਤਾ ਸੀ, ਜਦੋਂ ਬੱਚੇ ਦੇ ਜਨਮ ਉਪਰੰਤ ਜੱਚਾ ਬੱਚਾ ਦੀ ਜਾਂਚ ਲਈ ਉਨ੍ਹਾਂ ਨੂੰ ਸਰਕਾਰੀ ਹਸਪਤਾਲ 'ਚ ਇਲਾਜ ਲਈ ਲਿਜਾਇਆ ਗਿਆ ਤਾਂ ਉਥੇ ਮੌਜ਼ੂਦ ਸਟਾਫ ਨਰਸ ਵੱਲੋਂ ਬਿਨਾਂ ਚੈੱਕਅੱਪ ਕੀਤਿਆਂ ਇਹ ਕਹਿ ਕੇ ਵਾਪਸ ਘਰ ਭੇਜ ਦਿੱਤਾ ਗਿਆ ਕਿ ਐਤਵਾਰ ਦੀ ਛੁੱਟੀ ਹੋਣ ਕਰਕੇ ਹਸਪਤਾਲ 'ਚ ਡਾਕਟਰ ਮੌਜ਼ੂਦ ਨਹੀਂ ਹਨ। ਪ੍ਰਵਾਸੀ ਔਰਤ ਦੀ ਨਣਦ ਸੁਨੀਤਾ ਨੇ ਦੱਸਿਆ ਕਿ ਉਹ ਗੀਤਾ ਨੂੰ ਨਵਜੰਮੇ ਬੱਚੇ ਸਮੇਤ ਰਿਕਸ਼ੇ 'ਤੇ ਬਿਠਾ ਕਿ ਵਾਪਸ ਬੜੀ ਮੁਸ਼ਕਲ ਨਾਲ ਘਰ ਪੁੱਜੇ। ਪ੍ਰਵਾਸੀ ਔਰਤ ਗੀਤਾ ਅਤੇ ਉਸਦੇ ਬੱਚੇ ਦੀ ਸਿਹਤ ਖਰਾਬ ਹੋਣ ਕਰਕੇ ਉਹ ਪਿੱਛਲੇ 2 ਦਿਨਾਂ ਤੋਂ ਨਿੱਜੀ ਡਾਕਟਰ ਤੋਂ ਇਲਾਜ ਕਰਵਾ ਰਹੇ ਹਨ। ਗੀਤਾ ਦੇ ਪਤੀ ਰਿਖੀ ਰਾਮ ਨੇ ਦੱਸਿਆ ਕਿ ਉਹ ਗਰੀਬ ਆਦਮੀ ਹੈ ਅਤੇ ਹੁਣ ਤੱਕ 1 ਹਜ਼ਾਰ ਰੁਪਏ ਤੋਂ ਵੱਧ ਦਵਾਈਆਂ 'ਤੇ ਖਰਚ ਕਰ ਚੁੱਕੇ ਹਨ ਪ੍ਰੰਤੂ ਉਨ੍ਹਾਂ ਦੀ ਸਾਰ ਲੈਣ ਲਈ ਸਿਹਤ ਵਿਭਾਗ ਦਾ ਕੋਈ ਕਰਮਚਾਰੀ ਨਹੀਂ ਪੁੱਜਾ ਹੈ। ਉੱਧਰ ਪਤਾ ਚੱਲਣ 'ਤੇ ਜਿਥੇ ਏਰੀਏ ਦੀ ਆਸ਼ਾ ਵਰਕਰ ਗੁਰਵੰਤ ਕੌਰ ਨੇ ਜੱਚਾ ਅਤੇ ਬੱਚਾ ਦੀ ਸਿਹਤ ਦਾ ਜਾਇਜ਼ਾ ਲਿਆ ਅਤੇ ਬੱਚੇ ਅਤੇ ਉਸ ਦੀ ਮਾਂ ਨੂੰ ਗਰਮ ਕੱਪੜੇ ਮੁਹੱਈਆ ਕਰਾਏ ਉਥੇ ਹੀ ਸਮਾਜ ਸੇਵਿਕਾ ਕੁਲਵਿੰਦਰ ਕੌਰ ਬੇਬੀ ਨੇ ਵੀ ਪ੍ਰਵਾਸੀ ਦੇ ਬੱਚੇ ਅਤੇ ਉਸਦੀ ਮਾਂ ਨੂੰ ਗਰਮ ਕੱਪੜੇ ਭੇਟ ਕੀਤੇ। ਕਿਸਾਨ ਨਿਰਮਲ ਸਿੰਘ ਅਤੇ ਪ੍ਰਵਾਸੀ ਮਜ਼ਦੂਰ ਰਿਖੀ ਰਾਮ ਨੂੰ ਸਿਹਤ ਵਿਭਾਗ 'ਤੇ ਰੋਸ ਹੈ ਕਿ ਉਸ ਗਰੀਬ ਵਿਅਕਤੀ ਦੀ ਕੋਈ ਸਾਰ ਨਹੀਂ ਲਈ ਗਈ।
ਟੀਮ ਕਰੇਗੀ ਜਾਂਚ, ਕੋਤਾਹੀ ਵਰਤਨ ਵਾਲਿਆਂ 'ਤੇ ਹੋਵੇਗੀ ਕਾਰਵਾਈ-ਐੱਸ.ਐੱਮ.ਓ.ਭਾਰਤੀ
ਐੱਸ.ਐੱਮ.ਓ. ਕਰਮਵੀਰ ਭਾਰਤੀ ਨੇ ਦਾਅਵਾ ਕਰਦਿਆਂ ਕਿਹਾ ਕਿ ਪ੍ਰਵਾਸੀ ਔਰਤ ਅਤੇ ਉਸਦੇ ਬੱਚੇ ਦੀ ਸਿਹਤ ਦੀ ਜਾਂਚ ਕਰਨ ਲਈ ਬੁੱਧਵਾਰ ਨੂੰ ਟੀਮ ਭੇਜੀ ਜਾਵੇਗੀ ਅਤੇ ਜੇਕਰ ਲੋੜ ਪਵੇਗੀ ਤਾਂ ਮਰੀਜ਼ ਅਤੇ ਉਸਦੇ ਬੱਚੇ ਨੂੰ ਹਸਪਤਾਲ ਦਾਖ਼ਲ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਔਰਤ ਮਰੀਜ਼ ਨੂੰ ਹਸਪਤਾਲ ਦਾਖ਼ਲ ਕਿਉਂ ਨਹੀਂ ਕੀਤਾ ਗਿਆ ਅਤੇ ਉਸ ਸਮੇਂ ਡਿਊਟੀ 'ਤੇ ਕਿਹੜਾ ਸਟਾਫ ਹਾਜ਼ਰ ਸੀ ਇਸ ਸਬੰਧੀ ਵੀ ਜਾਂਚ ਕਰਕੇ ਕੋਤਾਹੀ ਵਰਤਨ ਵਾਲੇ ਜ਼ਿੰਮੇਵਾਰ ਸਟਾਫ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਲੁਧਿਆਣਾ 'ਚ ਵਿਅਕਤੀ ਨੂੰ ਗੋਲੀ ਮਾਰ ਲੁੱਟੀ ਗੱਡੀ
NEXT STORY