ਚੰਡੀਗੜ੍ਹ : ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨੇ ਸਾਧੇ ਹਨ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੋਵਿਡ ਨੂੰ ਲੈ ਕੇ ਸਰਕਾਰ ਵੱਲੋਂ ਵਿਸ਼ਵ ਸਿਹਤ ਸੰਗਠਨ (WHO) ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਕਿਸਾਨ ਅੰਦੋਲਨ 'ਚ ਬੈਠੇ ਹਨ, ਉਨ੍ਹਾਂ ਨੇ ਸਾਲਾਂ ਬੱਧੀ ਜੱਥੇਬੰਦੀਆਂ 'ਚ ਕੰਮ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੇ ਆਪਣੀ ਸਾਰੀ ਉਮਰ ਖੇਤੀ 'ਚ ਹੀ ਲਾ ਦਿੱਤੀ। ਉਨ੍ਹਾਂ ਕਿਹਾ ਕਿ ਕੀ ਅਸੀਂ ਇਹ ਗੱਲ ਚਾਹੁੰਦੇ ਹਾਂ ਕਿ ਅਸੀਂ ਆਪਣੇ ਉਮਰਾਂ ਦੇ ਸਾਥੀਆਂ ਨੂੰ ਕੋਵਿਡ ਕਰਕੇ ਮਾਰ ਦੇਈਏ? ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੋਵਿਡ ਤੋਂ ਜਿਸ ਤਰ੍ਹਾਂ ਦਾ ਬਚਾਅ ਕਿਸਾਨ ਅੰਦੋਲਨ ਦੌਰਾਨ ਕੀਤਾ ਜਾ ਰਿਹਾ ਹੈ, ਉਸ ਤਰ੍ਹਾਂ ਦੇ ਪ੍ਰਬੰਧ ਪੂਰੇ ਦੇਸ਼ 'ਚ ਕਿਤੇ ਨਹੀਂ ਕੀਤੇ ਗਏ।
ਇਹ ਵੀ ਪੜ੍ਹੋ : 'ਬਲੈਕ ਫੰਗਸ' ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਸਣੇ ਬਾਕੀ ਸੂਬਿਆਂ ਨੂੰ ਦਿੱਤੇ ਇਹ ਹੁਕਮ
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਰਕਾਰ ਤੋਂ ਮਨਜ਼ੂਰੀ ਲੈ ਕੇ 10 ਆਕਸੀਜਨ ਸਿਲੰਡਰ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਧੱਕੇ ਨਾਲ ਲੱਖਾਂ ਰੁਪਏ ਦਾ ਕਾੜ੍ਹਾ ਅੰਦੋਲਨਕਾਰੀ ਕਿਸਾਨਾਂ ਨੂੰ ਪਿਲਾ ਰਹੇ ਹਾਂ ਅਤੇ ਰੋਜ਼ਾਨਾ ਲੱਖਾਂ ਰੁਪਏ ਦੀਆਂ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਬਜ਼ੁਰਗਾਂ ਨੂੰ ਹਫ਼ਤਾਵਾਰ ਵਿਟਾਮਿਨ-ਸੀ ਦਿੱਤਾ ਜਾ ਰਿਹਾ ਹੈ ਅਤੇ ਸਭ ਦਾ ਖ਼ਿਆਲ ਰੱਖਿਆ ਜਾ ਰਿਹਾ ਹੈ। ਰਾਜੇਵਾਲ ਨੇ ਕਿਹਾ ਕਿ ਹਰ ਲੰਗਰ 'ਚ ਰੋਜ਼ਾਨਾ ਕਾੜ੍ਹਾ ਤਿਆਰ ਕਰਕੇ ਸਭ ਨੂੰ ਆਵਾਜ਼ਾਂ ਮਾਰ ਕੇ ਪਿਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਲੋਕਾਂ ਦੇ ਬਚਾਅ ਦੇ ਸਾਧਨ ਸਰਕਾਰ ਵੱਲੋਂ ਕਿਤੇ ਵੀ ਮੁਹੱਈਆ ਨਹੀਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਕੋਵਿਡ ਦੇ ਨਾਂ 'ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਕੇ ਕਿਸਾਨਾਂ ਨੂੰ ਉੱਥੋਂ ਉਠਾ ਦਿੱਤਾ ਜਾਵੇਗਾ ਤਾਂ ਇਹ ਉਨ੍ਹਾਂ ਦੀ ਗਲਤਫ਼ਹਿਮੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਕਰਫ਼ਿਊ' ਨੂੰ ਲੈ ਕੇ ਨਵੇਂ ਹੁਕਮ ਜਾਰੀ, ਇਸ ਤਾਰੀਖ਼ ਤੋਂ ਹੋਣਗੇ ਲਾਗੂ
ਉਨ੍ਹਾਂ ਕਿਹਾ ਕਿ ਸਾਰੀ ਦੁਨੀਆ ਦੀ ਹਮਦਰਦੀ ਇਸ ਅੰਦੋਲਨ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦਾ ਨਹੀਂ, ਸਗੋਂ ਲੋਕਾਂ ਦਾ ਅੰਦੋਲਨ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਨੂੰ ਉਠਾਉਣ ਵਰਗੀ ਕੋਈ ਭੁੱਲ ਕੀਤੀ ਜਾਂ ਉਸ ਦੇ ਨਤੀਜੇ ਬਹੁਤ ਮਾੜੇ ਨਿਕਲਣਗੇ। ਰਾਜੇਵਾਲ ਨੇ ਕਿਹਾ ਕਿ ਕੋਵਿਡ ਬੀਮਾਰੀ ਤਾਂ ਹੈ ਅਤੇ ਕੁੱਝ ਦਿਨ ਪਹਿਲਾਂ ਸੋਨੀਪਤ ਪ੍ਰਸ਼ਾਸਨ ਨੇ ਮੀਟਿੰਗ ਬੁਲਾ ਕੇ ਕਿਸਾਨਾਂ ਦੀ ਵੈਕਸੀਨੇਸ਼ਨ ਕਰਨ ਸਬੰਧੀ ਕਿਹਾ ਸੀ ਅਤੇ ਪ੍ਰਸ਼ਾਸਨ ਨੂੰ ਅੰਦੋਲਨ 'ਚ ਟੀਮਾਂ ਭੇਜਣ ਦਾ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇੰਨੇ ਦਿਨ ਬੀਤ ਗਏ ਪਰ ਅੱਜ ਤੱਕ ਕੋਈ ਵੀ ਡਾਕਟਰ ਕਿਸੇ ਵੀ ਸਰਹੱਦ 'ਤੇ ਕਿਸਾਨਾਂ ਦੀ ਵੈਕਸੀਨ ਕਰਨ ਨਹੀਂ ਪੁੱਜਿਆ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਲੋਕਾਂ ਦੀ ਮਦਦ ਕਰਨ ਦਾ ਕੋਈ ਸਾਧਨ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 'ਬਿਜਲੀ ਖ਼ਪਤਕਾਰਾਂ' ਨੂੰ ਮਿਲੀ ਵੱਡੀ ਰਾਹਤ, ਇਸ ਤਾਰੀਖ਼ ਤੱਕ ਲਾਗੂ ਰਹੇਗੀ ਸਕੀਮ
ਰਾਜੇਵਾਲ ਨੇ ਇਸ ਮੌਕੇ ਲੋਕਾਂ ਨੂੰ ਕਿਸਾਨ ਅੰਦੋਲਨ 'ਚ ਆਉਣ ਦੀ ਗੱਲ ਕਹੀ ਅਤੇ ਇਹ ਵੀ ਕਿਹਾ ਕਿ ਉੱਥੇ ਉਨ੍ਹਾਂ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ। ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਕੋਵਿਡ ਖ਼ਿਲਾਫ਼ ਲੜਨ ਲਈ ਸਰਕਾਰ ਨਾਲੋਂ ਹਜ਼ਾਰ ਗੁਣਾ ਜ਼ਿਆਦਾ ਪ੍ਰਬੰਧ ਹਨ। ਉਨ੍ਹਾਂ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਨਿੱਜੀ ਹਸਪਤਾਲਾਂ ਵੱਲੋਂ ਕੋਵਿਡ ਦੇ ਨਾਂ 'ਤੇ ਜੋ ਲੋਕਾਂ ਨਾਲ ਲੁੱਟ ਕੀਤੀ ਜਾ ਰਹੀ ਹੈ, ਸਰਕਾਰ ਕੋਲੋਂ ਇਹ ਵੀ ਨਹੀਂ ਸੰਭਾਲਿਆ ਜਾ ਰਿਹਾ। ਉਨ੍ਹਾਂ ਦੇ ਪੰਜਾਬ ਦੇ ਮੰਤਰੀਆਂ ਨੂੰ ਕਿਹਾ ਕਿ ਉਨ੍ਹਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈ। ਉਨ੍ਹਾਂ ਨੇ ਸਰਕਾਰ ਨੂੰ ਵੰਗਾਰਦਿਆਂ ਕਿਹਾ ਹੈ ਕਿ ਲੋਕਾਂ ਨੂੰ ਬੀਮਾਰੀ ਦੇ ਨਾਂ 'ਤੇ ਬੇਵਕੂਫ਼ ਨਾ ਬਣਾਇਆ ਜਾਵੇ। ਉਨ੍ਹਾਂ ਨੇ ਅਖ਼ੀਰ 'ਚ ਸਰਕਾਰ ਨੂੰ ਲੋਕਾਂ ਨੂੰ ਮੁਫ਼ਤ ਦਵਾਈਆਂ ਵੰਡਣ, ਵੈਕਸੀਨੇਸ਼ਨ ਮੁਫ਼ਤ ਕਰਨ ਅਤੇ ਹੋਰ ਸਹੂਲਤਾਂ ਦੇਣ ਦੀ ਗੱਲ ਕਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਭੁਲੱਥ ਦੇ ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਛਾਪਾ ਮਾਰ ਰੰਗੇ ਹੱਥੀਂ ਫੜਿਆ ਜੋੜਾ
NEXT STORY