ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ 16 ਜਨਵਰੀ ਨੂੰ 110 ਥਾਵਾਂ ‘ਤੇ ਹੈਲਥ ਕੇਅਰ ਵਰਕਰਾਂ (ਐਚ. ਸੀ. ਡਬਲਿਯੂ) ਦੇ ਟੀਕਾਕਰਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅੱਜ ਟੀਕੇ ਦੀਆਂ 20,450 ਸ਼ੀਸ਼ੀਆਂ ਪ੍ਰਾਪਤ ਹੋਈਆਂ ਹਨ ਅਤੇ ਹਰ ਸ਼ੀਸ਼ੀ 'ਚ ਟੀਕੇ ਦੀਆਂ 10 ਖੁਰਾਕਾਂ ਹਨ, ਜੋ ਲਾਭਪਾਤਰੀ ਨੂੰ 28 ਦਿਨਾਂ ਦੇ ਫਰਕ ਨਾਲ ਦੋ ਖ਼ੁਰਾਕਾਂ 'ਚ ਦਿੱਤੀਆਂ ਜਾਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਲੰਬੀ ਉਡੀਕ ਤੋਂ ਬਾਅਦ ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਪੰਜਾਬ ਦੇ ਈ. ਪੀ. ਆਈ. ਅਧਿਕਾਰੀ ਵੱਲੋਂ ਚੰਡੀਗੜ੍ਹ ਹਵਾਈ ਅੱਡੇ ਤੋਂ ਕੋਵੀਸ਼ੀਲਡ ਨਾਮੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪ੍ਰਾਪਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਕੋਵੀਸ਼ੀਲਡ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਵੱਲੋਂ ਐਸਟਰਾਜੇਨੇਕਾ ਨਾਲ ਮਿਲ ਕੇ ਤਿਆਰ ਕੀਤੀ ਗਈ ਹੈ।
ਹੁਣ ਇਸ ਵੈਕਸੀਨ ਦਾ ਉਤਪਾਦਨ ਭਾਰਤ 'ਚ ਸੀਰਮ ਇੰਸਟੀਚਿਊਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੇ ਤੀਜੇ ਪੜਾਅ ਦੇ ਟ੍ਰਾਇਲਾਂ ਦਾ ਡਾਟਾ ਉਪਲੱਬਧ ਹੈ ਅਤੇ ਇਸ ਵੈਕਸੀਨ ਨੂੰ ਇੰਗਲੈਂਡ 'ਚ ਅਮਰਜੈਂਸੀ ਆਥੋਰਾਈਜੇਸ਼ਨ ਤਹਿਤ ਲਗਾਇਆ ਜਾ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਟੀਕਾਕਰਣ ਦੀ ਸ਼ੁਰੂਆਤ ਲਈ ਹਰੇਕ ਜ਼ਿਲ੍ਹੇ 'ਚ 5 ਸਥਾਨਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਹਰੇਕ ਸਥਾਨ ‘ਤੇ 100 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਐਸ. ਏ. ਐਸ. ਨਗਰ ਅਤੇ ਜੀ. ਐਮ. ਸੀ. ਅੰਮ੍ਰਿਤਸਰ ਵਿਖੇ ਕੇਂਦਰ ਸਰਕਾਰ ਨਾਲ ਦੋ ਸ਼ੈਸ਼ਨ ਸਾਈਟਾਂ ਦਾ ਸਿੱਧਾ ਪ੍ਰਸਾਰਣ/ਵੈੱਬਕਾਸਟ ਕੀਤਾ ਜਾਵੇਗਾ।
ਵੈਕਸੀਨ ਲਈ ‘ਕੋਲਡ ਚੇਨ‘ ਸਬੰਧੀ ਤਿਆਰੀਆਂ ਬਾਰੇ ਵੇਰਵੇ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਵੇਲੇ ਵੈਕਸੀਨ ਨੂੰ ਸਟੇਟ ਵੈਕਸੀਨ ਸਟੋਰ, ਸੈਕਟਰ -24 ਵਿਖੇ ਸਟੋਰ ਕੀਤਾ ਗਿਆ ਹੈ ਅਤੇ ਬਾਅਦ 'ਚ ਇਸ ਵੈਕਸੀਨ ਨੂੰ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਖੇਤਰੀ, ਜ਼ਿਲ੍ਹਾ ਅਤੇ ਬਲਾਕ ਵੈਕਸੀਨ ਸਟੋਰਾਂ ‘ਤੇ ਉਪਲੱਬਧ ਕਰਵਾਇਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਪੰਜਾਬ 'ਚ ਪਰਵਾਸੀ ਭਾਰਤੀਆਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨ ਸਬੰਧੀ ਸਰਕਾਰ ਦਾ ਵਿਸ਼ੇਸ਼ ਉਪਰਾਲਾ
NEXT STORY