ਬਰਨਾਲਾ(ਮੱਘਰ ਪੁਰੀ)— ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ 5 ਰਾਜਾਂ ਵਿਚ ਵੱਖ-ਵੱਖ ਸਮੇਂ ਰਾਜਪਾਲ ਰਹੇ ਮਰਹੂਮ ਸੁਰਜੀਤ ਸਿੰਘ ਬਰਨਾਲਾ ਦੀ ਦੂਸਰੀ ਬਰਸੀ ਮਨਾਈ ਗਈ। ਇਸ ਬਰਸੀ ਸਮਾਗਮ ਵਿਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਗੋਂਵਾਲ, ਬੀਬੀ ਜਗੀਰ ਕੌਰ, ਜਥੇਦਾਰ ਤੋਤਾ ਸਿੰਘ ਅਤੇ ਸਮੁੱਚੀ ਅਕਾਲੀ-ਭਾਜਪਾ ਲੀਡਰਸ਼ਿਪ ਵੱਲੋਂ ਸ਼ਿਰਕਤ ਕੀਤੀ ਗਈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੁਰਜੀਤ ਬਰਨਾਲਾ ਦੇਸ਼ ਦੀ ਬਹੁਤ ਵੱਡੀ ਸਖਸ਼ੀਅਤ ਸਨ ਅਤੇ ਵੱਖ-ਵੱਖ ਅਹੁਦਿਆਂ 'ਤੇ ਰਹਿੰਦੇ ਹੋਏ ਉਨ੍ਹਾਂ ਨੇ ਤਨਦੇਹੀ ਨਾਲ ਲੋਕਾਂ ਦੀ ਸੇਵਾ ਕੀਤੀ ਹੈ। ਇਸ ਦੌਰਾਨ ਬਾਦਲ ਨੇ ਐੱਸ.ਆਈ.ਟੀ. ਵੱਲੋਂ ਮੋਗਾ ਦੇ ਸਾਬਕਾ ਐੱਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕੀਤੇ ਜਾਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਐੱਸ.ਆਈ.ਟੀ. ਦਾ ਗਠਨ ਉਨ੍ਹਾਂ ਦੀ ਸਰਕਾਰ ਸਮੇਂ ਕੀਤਾ ਗਿਆ ਸੀ ਅਤੇ 'ਸਿੱਟ' ਆਪਣਾ ਕੰਮ ਬਾਖੂਬੀ ਕਰ ਰਹੀ ਹੈ। ਉਨ੍ਹਾਂ ਸੁਖਦੇਵ ਸਿੰਘ ਢੀਂਡਸਾ ਦੀਆਂ ਬਾਗੀ ਸੁਰਾਂ ਪ੍ਰਤੀ ਚੁੱਪ ਵੱਟਦਿਆਂ ਕਿਹਾ ਕਿ ਢੀਂਡਸਾ ਨੂੰ ਮਿਲਣ ਜਾ ਰਹੇ 'ਪਦਮ ਵਿਭੂਸ਼ਣ ਐਵਾਰਡ' ਦੀ ਉਹ ਵਧਾਈ ਦਿੰਦੇ ਹਨ ਅਤੇ ਪ੍ਰਮਾਤਮਾ ਉਨ੍ਹਾਂ ਦੀ ਉਮਰ ਲੰਬੀ ਕਰੇ ਅਤੇ ਉਹ ਪੰਥ ਦੀ ਸੇਵਾ ਕਰਦੇ ਰਹਿਣ।

ਇਸ ਮੌਕੇ ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਗੋਂਵਾਲ ਨੇ ਕਿਹਾ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਥੇ ਹੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਉਹ 'ਸਿੱਟ' ਵੱਲੋਂ ਕੀਤੀਆਂ ਗ੍ਰਿਫਤਾਰੀਆਂ 'ਤੇ ਕੋਈ ਸਿਆਸੀ ਬਿਆਨਬਾਜ਼ੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਇਸ ਪ੍ਰਤੀ ਅਦਾਲਤ ਦਾ ਫੈਸਲਾਂ ਹੀ ਅੰਤਿਮ ਹੋਵੇਗਾ।

ਅੰਮ੍ਰਿਤਸਰ 'ਚ ਸਿੱਧੂ ਨੇ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ
NEXT STORY