ਜਲੰਧਰ(ਚੋਪੜਾ)—ਚੰਦਨ ਨਗਰ ਅੰਡਰਬ੍ਰਿਜ ਨੂੰ ਲੈ ਕੇ ਕਾਂਗਰਸ-ਭਾਜਪਾ ਇਕ ਵਾਰ ਫਿਰ ਤੋਂ ਆਹਮੋ-ਸਾਹਮਣੇ ਨਿੱਤਰ ਪਏ ਹਨ। ਵਿਧਾਇਕ ਜੂਨੀਅਰ ਹੈਨਰੀ ਨੇ ਅੱਜ ਸਾਥੀਆਂ ਸਣੇ ਬ੍ਰਿਜ ਦਾ ਦੌਰਾ ਕਰਕੇ ਤਰੁਟੀਆਂ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਬ੍ਰਿਜ ਨੂੰ ਬਣਿਆਂ ਅਜੇ ਇਕ ਸਾਲ ਹੀ ਹੋਇਆ ਹੈ ਤੇ ਇਸ ਵਿਚ ਥਾਂ-ਥਾਂ ਤਰੇੜਾਂ ਆ ਗਈਆਂ ਹਨ। ਬ੍ਰਿਜ ਦੀਆਂ ਛੱਤਾਂ ਵਿਚੋਂ ਲਗਭਗ 10 ਥਾਵਾਂ ਤੋਂ ਪਾਣੀ ਲਗਾਤਾਰ ਰਿਸ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ। ਹੈਨਰੀ ਨੇ ਕਿਹਾ ਕਿ 8 ਕਰੋੜ ਦੇ ਪ੍ਰਾਜੈਕਟ 'ਤੇ 45 ਕਰੋੜ ਖਰਚ ਕਰਨ ਤੋਂ ਬਾਅਦ ਵੀ ਹਾਲਾਤ ਤਰਸਯੋਗ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਬ੍ਰਿਜ ਦੇ ਨਿਰਮਾਣ ਵਿਚ ਹੋਈਆਂ ਧਾਂਦਲੀਆਂ ਦੀ ਜਾਂਚ ਵਿਜੀਲੈਂਸ ਨੂੰ ਸੌਂਪਾਂਗੇ ਤੇ ਘਪਲੇਬਾਜ਼ਾਂ ਨੂੰ ਜੇਲਾਂ ਪਿੱਛੇ ਡੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਣੀ ਦੇ ਰਿਸਾਅ ਕਾਰਨ ਬ੍ਰਿਜ ਵਿਚ ਵਰਤੇ ਗਏ ਲੋਹੇ ਨੂੰ ਜੰਗਾਲ ਲੱਗ ਰਿਹਾ ਹੈ। ਹੈਨਰੀ ਨੇ ਕਿਹਾ ਕਿ ਇਸ ਅੰਡਰਬ੍ਰਿਜ ਤੋਂ ਰੋਜ਼ਾਨਾ 100 ਦੇ ਕਰੀਬ ਟਰੇਨਾਂ ਲੰਘਦੀਆਂ ਹਨ ਤੇ ਮੌਜੂਦਾ ਹਾਲਾਤ ਕਾਰਨ ਕੋਈ ਹਾਦਸਾ ਵਾਪਰਨ ਦਾ ਖਤਰਾ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਲੀਵ 'ਤੇ ਚੱਲ ਰਹੇ ਨਗਰ ਨਿਗਮ ਦੇ ਕਮਿਸ਼ਨਰ ਡਾ. ਬਸੰਤ ਗਰਗ ਸੋਮਵਾਰ ਨੂੰ ਜੁਆਇਨ ਕਰ ਰਹੇ ਹਨ, ਉਹ ਉਨ੍ਹਾਂ ਨਾਲ ਮਿਲ ਕੇ ਇਕ ਟੈਕਨੀਕਲ ਟੀਮ ਦਾ ਗਠਨ ਕਰਨਗੇ ਤੇ ਰੇਲਵੇ ਅਧਿਕਾਰੀਆਂ ਨੂੰ ਵੀ ਨਾਲ ਲੈ ਕੇ ਬ੍ਰਿਜ ਦੀ ਟੈਕਨੀਕਲੀ ਜਾਂਚ ਕਰਵਾਈ ਜਾਵੇਗੀ ਤੇ ਇਸ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਕੌਂਸਲਰ ਡਾ. ਪ੍ਰਦੀਪ ਰਾਏ, ਕੌਂਸਲਰ ਬਲਦੇਵ ਸਿੰਘ ਦੇਵ, ਸਲਿਲ ਬਾਹਰੀ, ਸੂਬਾ ਕਾਂਗਰਸ ਦੇ ਸਕੱਤਰ ਰਾਜੇਸ਼ ਭੱਟੀ, ਦੀਪਕ ਸ਼ਾਰਦਾ, ਸੰਨੀ ਵਿੱਜ , ਰਮਿਤ ਦੱਤਾ ਤੇ ਹੋਰ ਵੀ ਮੌਜੂਦ ਸਨ।
ਆਪਣੇ ਪਿਤਾ ਦੀ ਨਾਲਾਇਕੀ ਲੁਕਾਉਣ ਲਈ ਹੋਛੀ ਸਿਆਸਤ ਕਰ ਰਹੇ ਬਾਵਾ ਹੈਨਰੀ : ਭੰਡਾਰੀ
ਕਾਂਗਰਸੀ ਵਿਧਾਇਕ ਬਾਵਾ ਹੈਨਰੀ ਵਲੋਂ ਸਮਰਥਕਾਂ ਦੇ ਨਾਲ ਚੰਦਨ ਨਗਰ ਅੰਡਰਬ੍ਰਿਜ ਦਾ ਦੌਰਾ ਕਰ ਕੇ ਇਸਨੂੰ ਘਪਲਾ ਸਾਬਿਤ ਕਰਨ ਦੀਆਂ ਕੋਸ਼ਿਸ਼ਾਂ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਸਾਬਕਾ ਭਾਜਪਾ ਵਿਧਾਇਕ ਕੇ. ਡੀ. ਭੰਡਾਰੀ ਨੇ ਕਿਹਾ ਕਿ ਬਾਵਾ ਹੈਨਰੀ ਜਿੱਥੇ ਆਪਣੇ ਪਿਤਾ ਅਵਤਾਰ ਹੈਨਰੀ ਦੀ 15 ਸਾਲਾਂ ਦੀ ਨਾਲਾਇਕੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਥੇ ਅੰਡਰਬ੍ਰਿਜ ਮਾਮਲੇ ਵਿਚ ਹੋਛੀ ਸਿਆਸਤ ਕੀਤੀ ਜਾ ਰਹੀ ਹੈ। ਸ਼੍ਰੀ ਭੰਡਾਰੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਅੰਡਰਬ੍ਰਿਜ ਉਨ੍ਹਾਂ ਹਜ਼ਾਰਾਂ, ਲੱਖਾਂ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਦੇ ਦਿੱਤੇ ਆਸ਼ੀਰਵਾਦ ਨਾਲ ਬਣਿਆ, ਜਿਨ੍ਹਾਂ ਨੇ ਕਈ ਦਹਾਕਿਆਂ ਦਾ ਸੰਤਾਪ ਭੋਗਿਆ, ਜਿਸ ਕਾਰਨ ਇਕ ਵੱਡਾ ਇਲਾਕਾ ਪੂਰੇ ਸ਼ਹਿਰ ਨਾਲੋਂ ਕੱਟਿਆ ਜਾਂਦਾ ਸੀ। 15 ਸਾਲ ਰਾਜ ਕਰਨ ਵਾਲਿਆਂ ਕੋਲੋਂ ਤੋਂ ਕੁੱਝ ਨਹੀਂ ਹੋ ਸਕਿਆ, ਜਦੋਂਕਿ ਦੋਮੋਰੀਆ ਪੁਲ ਓਵਰਬ੍ਰਿਜ ਦਾ ਨਿਰਮਾਣ ਵੀ ਅਕਾਲੀ-ਭਾਜਪਾ ਨੇ ਕਰਵਾਇਆ। ਸ਼੍ਰੀ ਭੰਡਾਰੀ ਨੇ ਕਿਹਾ ਕਿ ਬਾਵਾ ਹੈਨਰੀ ਬੇਤੁਕੀਆਂ ਗੱਲਾਂ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹ ਅੰਡਰਬ੍ਰਿਜ ਨੂੰ 8 ਕਰੋੜ ਦਾ ਦੱਸ ਰਹੇ ਹਨ, ਸ਼ਾਇਦ ਉਨ੍ਹਾਂ ਨੂੰ ਪਤਾ ਨਹੀਂ ਕਿ 20 ਕਰੋੜ ਤਾਂ ਜ਼ਮੀਨ ਐਕਵਾਇਰ ਕਰਨ ਵਿਚ ਹੀ ਖਰਚ ਹੋ ਗਏ। 8.64 ਕਰੋੜ ਰੁਪਏ ਰੇਲਵੇ ਨੇ ਖਰਚ ਕੀਤੇ ਤੇ ਬਾਕੀ ਪੈਸੇ ਵੀ ਸਰਕਾਰ ਕੋਲੋਂ ਸਰਕਾਰ ਨੂੰ ਟਰਾਂਸਫਰ ਹੋਏ। ਹੁਣ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ। ਜੇਕਰ ਉਨ੍ਹਾਂ ਨੂੰ ਅੰਡਰਬ੍ਰਿਜ ਵਿਚ ਕੋਈ ਘਪਲਾ ਨਜ਼ਰ ਆਉਂਦਾ ਹੈ, ਉਸਦੀ ਜਾਂਚ ਜ਼ਰੂਰ ਕਰਵਾਉਣ, ਇਸ ਵਿਚ ਭਲਾ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ। ਜੇਕਰ 8 ਕਰੋੜ ਵਿਚ ਅੰਡਰਬ੍ਰਿਜ ਬਣ ਸਕਦਾ ਹੈ ਤਾਂ ਰਾਮ ਨਗਰ ਫਾਟਕ 'ਤੇ ਬਣਵਾ ਕੇ ਦਿਖਾਉਣ।
ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਅੰਡਰਬ੍ਰਿਜ ਵਿਚ ਉਪਰੋਂ ਪਾਣੀ ਟਪਕਣ ਦੀ ਗੱਲ ਹੈ। ਪਿਛਲੇ ਦਿਨੀਂ ਉਨ੍ਹਾਂ ਸਰਕਾਰੀ ਅਧਿਕਾਰੀਆਂ ਨੂੰ ਨਾਲ ਲੈ ਕੇ ਇਸਦਾ ਜਾਇਜ਼ਾ ਲਿਆ ਸੀ ਤੇ ਰੇਲਵੇ ਲਾਈਨਾਂ ਦੇ ਆਲੇ-ਦੁਆਲੇ ਕੰਕਰੀਟ ਵਿਛਾਉਣ ਦਾ ਫੈਸਲਾ ਹੋਇਆ ਸੀ। ਇਸ ਲਈ ਬਾਵਾ ਹੈਨਰੀ ਲੋਕ ਭਲਾਈ ਦੇ ਪ੍ਰਾਜੈਕਟਾਂ ਦਾ ਵਿਰੋਧ ਕਰਨ ਦੀ ਬਜਾਏ ਨਵੇਂ ਕੰਮ ਸ਼ੁਰੂ ਕਰਵਾਉਣ।
ਹਤਿਆਰਿਆਂ ਨੇੜੇ ਪਹੁੰਚੀ ਪੁਲਸ, ਜਾਂਚ ਏ. ਡੀ. ਸੀ. ਪੀ.-1 ਨੂੰ ਸੌਂਪੀ
NEXT STORY