ਸੁਲਤਾਨਪੁਰ ਲੋਧੀ (ਧੀਰ) : ਪਹਾੜੀ ਖੇਤਰਾਂ ’ਚ ਪੈ ਰਹੀ ਲਗਾਤਾਰ ਬਾਰਿਸ਼ ਕਾਰਨ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਮੁੜ ਵਧਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਪਿਛਲੇ ਸਾਲਾਂ ਦੇ ਹੜ੍ਹਾਂ ਦੀ ਮਾਰ ਝੱਲ ਚੁੱਕੇ ਮੰਡ ਖੇਤਰ ਦੇ ਕਿਸਾਨਾਂ ਦੇ ਦਿਲਾਂ ਵਿਚ ਮੁੜ ਹੜ੍ਹ ਦਾ ਡਰ ਪੈਦਾ ਹੋ ਗਿਆ ਹੈ। ਮੰਡ ਆਹਲੀ ਕਲਾਂ ਨੇੜੇ ਕਿਸਾਨਾਂ ਵੱਲੋਂ ਆਪਣੇ ਪੱਧਰ ’ਤੇ ਬਣਾਏ ਗਏ ਆਰਜ਼ੀ ਐਡਵਾਂਸ ਬੰਨ੍ਹ ਨੂੰ ਪਾਣੀ ਵੱਲੋਂ ਲਗਾਤਾਰ ਢਾਹ ਲੱਗ ਰਹੀ ਹੈ। ਬੰਨ੍ਹ ਨੂੰ ਬਚਾਉਣ ਲਈ ਇਲਾਕੇ ਦੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਖੁਦ ਮੋਰਚਾ ਸੰਭਾਲਦਿਆਂ ਬੋਰਿਆਂ ਵਿਚ ਮਿੱਟੀ ਭਰ ਕੇ ਲਗਾਉਣ ਦੀ ਕਾਰ ਸੇਵਾ ਤੇਜ਼ ਕਰ ਦਿੱਤੀ ਹੈ।
ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਹ ਬੰਨ੍ਹ ਦੀ ਮਜ਼ਬੂਤੀ ਲਈ ਲਗਾਤਾਰ ਯਤਨ ਕਰ ਰਹੇ ਹਨ। ਕਿਸਾਨਾਂ ਵੱਲੋਂ ਆਪਣੇ ਪੱਧਰ ’ਤੇ ਪੈਸੇ ਇਕੱਠੇ ਕਰਕੇ ਬੋਰੇ ਅਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪਾਣੀ ਦਾ ਪੱਧਰ ਹੋਰ ਵਧਣ ਦੀ ਸੂਰਤ ਵਿਚ ਬੰਨ੍ਹ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ, ਜਿਸ ਨੂੰ ਲੈ ਕੇ ਕਿਸਾਨਾਂ ਵਿਚ ਚਿੰਤਾ ਦਾ ਮਾਹੌਲ ਹੈ। ਪਿੰਡ ਆਹਲੀ ਕਲਾਂ ਦੇ ਸਰਪੰਚ ਸ਼ਮਿੰਦਰ ਪਾਲ ਸਿੰਘ ਸੰਧੂ, ਉੱਘੇ ਅਕਾਲੀ ਆਗੂ ਗੁਰਜੰਟ ਸਿੰਘ ਸੰਧੂ ਅਤੇ ਕਿਸਾਨ ਆਗੂ ਰਸ਼ਪਾਲ ਸਿੰਘ ਸੰਧੂ ਨੇ ਕਿਹਾ ਕਿ ਦਰਿਆ ਦਾ ਤੇਜ਼ ਵਹਾਅ ਬੰਨ੍ਹ ਨੂੰ ਲਗਾਤਾਰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਪਿਛਲੇ ਸਮੇਂ ਦੌਰਾਨ ਲਾਈਆਂ ਗਈਆਂ ਪੱਥਰਾਂ ਦੀਆਂ ਨੋਚਾਂ ਵੀ ਕਈ ਥਾਵਾਂ ਤੋਂ ਦਰਿਆ ਦੇ ਤੇਜ਼ ਵਹਾਅ ਕਾਰਨ ਖੁਰਦ-ਬੁਰਦ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜੇ ਪਾਣੀ ਦਾ ਪੱਧਰ ਹੋਰ ਉੱਪਰ ਆਇਆ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ।
ਇਹ ਵੀ ਪੜ੍ਹੋ : ਐਕਸ਼ਨ ਮੋਡ 'ਚ ਪੰਜਾਬ DGP ਗੌਰਵ ਯਾਦਵ, ਪੁਲਸ ਮੁਲਾਜ਼ਮਾਂ ਨੂੰ ਜਾਰੀ ਕੀਤੀਆਂ ਹਦਾਇਤਾਂ
ਕਿਸਾਨਾਂ ਮੁਤਾਬਕ ਇਹ ਆਰਜ਼ੀ ਬੰਨ ਲਗਭਗ ਚਾਰ ਤੋਂ ਪੰਜ ਹਜ਼ਾਰ ਏਕੜ ਜ਼ਮੀਨ ਨੂੰ ਹੜ੍ਹ ਦੇ ਪਾਣੀ ਤੋਂ ਬਚਾਉਣ ਲਈ ਢਾਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਲ 2023 ਅਤੇ 2025 ਦੌਰਾਨ ਵੀ ਇਸੇ ਥਾਂ ਬੰਨ੍ਹ ਨੂੰ ਢਾਹ ਲੱਗਣ ਕਾਰਨ ਹੜ੍ਹ ਦਾ ਪਾਣੀ ਖੇਤਾਂ ਵਿਚ ਦਾਖਲ ਹੋ ਗਿਆ ਸੀ ਅਤੇ ਹਜ਼ਾਰਾਂ ਏਕੜ ਵਿਚ ਖੜ੍ਹੀ ਝੋਨੇ ਦੀ ਫ਼ਸਲ ਤਬਾਹ ਹੋ ਗਈ ਸੀ। ਇਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਅਤੇ ਕਈ ਪਰਿਵਾਰ ਅਜੇ ਤੱਕ ਉਸ ਮਾਰ ਤੋਂ ਪੂਰੀ ਤਰ੍ਹਾਂ ਨਹੀਂ ਉੱਭਰ ਸਕੇ।
ਕਿਸਾਨ ਬੋਲੇ: ਡੀ. ਸੀ. ਵੱਲੋਂ ਭਰੋਸਾ ਦੇਣ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ
ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਆਰਜ਼ੀ ਬੰਨ੍ਹ ਨੂੰ ਤੁਰੰਤ ਮਜ਼ਬੂਤ ਕਰ ਕੇ ਇਸ ’ਤੇ ਪੱਥਰ ਲਗਾਏ ਜਾਣ ਤਾਂ ਜੋ ਹਰ ਸਾਲ ਹੜ੍ਹਾਂ ਸਮੇਂ ਪੈਦਾ ਹੋਣ ਵਾਲਾ ਖਤਰਾ ਪੱਕੇ ਤੌਰ ’ਤੇ ਟਾਲਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਕਿਸਾਨਾਂ ਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮਿਲਿਆ ਸੀ, ਜਿਨ੍ਹਾਂ ਵੱਲੋਂ ਬੰਨ੍ਹ ਦੀ ਸੁਰੱਖਿਆ ਲਈ ਲੋੜੀਂਦੇ ਉਪਰਾਲੇ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਹਾਲੇ ਤੱਕ ਜ਼ਮੀਨੀ ਪੱਧਰ ’ਤੇ ਕੋਈ ਠੋਸ ਕਾਰਵਾਈ ਨਜ਼ਰ ਨਹੀਂ ਆ ਰਹੀ। ਕਿਸਾਨਾਂ ਨੇ ਦੱਸਿਆ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਹਰ ਸਾਲ ਇਸ ਖੇਤਰ ਵਿਚ ਬੰਨ੍ਹਾਂ ਦੀ ਮਜ਼ਬੂਤੀ ਲਈ ਵੱਡਾ ਸਹਿਯੋਗ ਦਿੱਤਾ ਜਾਂਦਾ ਹੈ। ਬੀਤੇ ਦਿਨ ਵੀ ਸੰਤ ਸੀਚੇਵਾਲ ਵੱਲੋਂ ਡਰੇਨੇਜ ਵਿਭਾਗ ਦੀਆਂ ਟੀਮਾਂ ਸਮੇਤ ਬੰਨ੍ਹ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਗੰਭੀਰ ਮਸਲੇ ਨੂੰ ਸਰਕਾਰ ਅਤੇ ਸਬੰਧਤ ਵਿਭਾਗਾਂ ਦੇ ਧਿਆਨ ਵਿੱਚ ਲਿਆ ਕੇ ਬੰਨ ਦੀ ਸੁਰੱਖਿਆ ਲਈ ਆਵਾਜ਼ ਉਠਾਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਾਹਕੋਟ ’ਚ ਸਨਸਨੀਖੇਜ਼ ਵਾਰਦਾਤ, ਸਕੂਲ ਬੱਸ ਦੀ ਉਡੀਕ ਕਰ ਰਿਹਾ ਦੂਸਰੀ ਜਮਾਤ ਦਾ ਬੱਚਾ ਕਾਰ ਸਵਾਰਾਂ ਵੱਲੋਂ ਅਗਵਾ
NEXT STORY