ਚੰਡੀਗੜ੍ਹ,(ਸ਼ਰਮਾ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਸਾਬਕਾ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਲੋਂ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਬਾਦਲ ਪਰਿਵਾਰ ਨੂੰ ਬਚਾਉਣ ਸਬੰਧੀ ਲਾਏ ਦੋਸ਼ਾਂ ਨੂੰ ਸਹੀ ਦੱਸਦਿਆਂ ਕਿਹਾ ਕਿ ਬਾਦਲ-ਕੈਪਟਨ ਮਿਲੀਭੁਗਤ ਜਗ-ਜ਼ਾਹਿਰ ਹੈ। ਹੁਣ ਮੁੱਖ ਮੰਤਰੀ ਨੂੰ ਪੰਜਾਬ ਜਾਂ ਬਾਦਲਾਂ ਦੇ ਟੱਬਰ 'ਚੋਂ ਇਕ ਨੂੰ ਚੁਣਨਾ ਹੋਵੇਗਾ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਬਾਜਵਾ ਬਾਰੇ ਮੁੱਖ ਮੰਤਰੀ ਦੇ ਪਲਟਵਾਰ 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਬੇਬਾਕੀ ਨਾਲ ਸੱਚ ਬੋਲਣ ਦੀ ਹਿੰਮਤ ਦਿਖਾਈ ਹੈ। ਹਾਲਾਂਕਿ ਇਹ ਗੱਲ ਪੰਜਾਬ ਦੇ ਹਰ ਨਾਗਰਿਕ ਨੂੰ ਪਤਾ ਹੈ ਕਿ ਕੈ. ਅਮਰਿੰਦਰ ਸਿੰਘ ਅਤੇ ਬਾਦਲਾਂ ਦਾ ਪਰਿਵਾਰ ਪੂਰੀ ਤਰ੍ਹਾਂ ਇਕ-ਮਿਕ ਹਨ। ਪਿਛਲੇ ਇਕ ਦਹਾਕੇ ਤੋਂ ਇਕ-ਦੂਜੇ ਦੇ ਸਿਆਸੀ ਅਤੇ ਨਿੱਜੀ ਹਿੱਤਾਂ ਲਈ ਡਟ ਕੇ ਖੜ੍ਹਦੇ ਆਏ ਹਨ ਅਤੇ ਖੜ੍ਹੇ ਹਨ ਪਰ ਹੁਣ ਇਹ 'ਫ੍ਰੈਂਡਲੀ ਮੈਚ' ਬਰਦਾਸ਼ਤ ਤੋਂ ਬਾਹਰ ਹੈ, ਇਸ ਲਈ ਕੈਪਟਨ ਅਮਰਿੰਦਰ ਬਾਦਲਾਂ ਜਾਂ ਪੰਜਾਬ ਦੇ ਹਿੱਤਾਂ 'ਚੋਂ ਕੋਈ ਇਕ ਚੁਣ ਲੈਣ, ਅੰਤਿਮ ਫ਼ੈਸਲਾ ਪੰਜਾਬ ਦੇ ਲੋਕਾਂ ਨੇ ਆਪੇ ਹੀ ਕਰ ਦੇਣਾ ਹੈ।
ਬਿਆਸ ਤੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਿਆ, ਅਲਰਟ ਜਾਰੀ
NEXT STORY