ਹਠੂਰ(ਭੱਟੀ)-ਜਦ ਸਾਰੀਆਂ ਸਿੱਖ ਸੰਪਰਦਾਵਾਂ ਇਕ-ਦੂਜੇ ਦੇ ਸਮਾਗਮਾਂ 'ਚ ਸ਼ਿਰਕਤ ਕਰਦੀਆਂ ਹਨ ਅਤੇ ਸਾਡੇ ਜਥੇਦਾਰ ਸਾਹਿਬ ਤਾਂ ਸਭ ਸੰਪਰਦਾਵਾਂ ਅਤੇ ਡੇਰਿਆਂ 'ਚ ਹਾਜ਼ਰੀਆਂ ਭਰਦੇ ਹਨ ਤਾਂ ਫਿਰ ਸਿੱਖ ਪੰਥ ਨੂੰ ਖਤਰਾ ਹੈ, ਦਾ ਰੌਲਾ ਕਾਹਦਾ ਪਾਇਆ ਜਾਂਦਾ ਹੈ, ਜਦਕਿ ਸਾਰੇ ਰਲ-ਮਿਲ ਕੇ ਤਾਂ ਸਮਾਗਮ ਕਰ ਰਹੇ ਹਨ। ਖਤਰਾ ਤਾਂ ਸੰਗਤੋ ਗੋਲਕਾਂ 'ਤੇ ਕਬਜ਼ਾ ਕਰੀ ਬੈਠੇ ਲੋਕਾਂ ਨੂੰ, ਉਨ੍ਹਾਂ ਪੰਜ-ਚਾਰ ਪ੍ਰਚਾਰਕਾਂ ਤੋਂ ਹੈ, ਜੋ ਸੰਗਤਾਂ ਸਾਹਮਣੇ ਸੱਚ ਬਿਆਨ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਹਠੂਰ ਵਿਖੇ ਕੀਤਾ। ਭਾਈ ਸਾਹਿਬ ਨੇ ਅੱਗੇ ਕਿਹਾ ਕਿ ਸਿੱਖ ਧਰਮ ਨਾਲ ਸਬੰਧਿਤ ਵੱਖ-ਵੱਖ ਸੰਪਰਦਾਵਾਂ ਦੀ ਆਪਣੀ-ਆਪਣੀ ਧਾਰਮਿਕ ਮਰਿਆਦਾ ਹੈ, ਜਿਸ ਕਰ ਕੇ ਸਿੱਖ ਸੰਗਤਾਂ 'ਚ ਭੰਬਲਭੂਸਾ ਬਣਿਆ ਰਹਿੰਦਾ ਹੈ। ਹੋਰ ਤਾਂ ਹੋਰ ਅੰਮ੍ਰਿਤ ਛਕਾਉਣ ਵੇਲੇ ਵੱਖੋ-ਵੱਖਰੀਆਂ ਸੰਪਰਦਾਵਾਂ ਦੇ ਪੰਜ ਪਿਆਰੇ ਸਾਹਿਬ ਵੀ ਆਪਣੀ-ਆਪਣੀ ਮਰਿਆਦਾ ਦੱਸਦੇ ਹਨ, ਜੇਕਰ ਸਿੱਖ ਮੱਤ ਅਨੁਸਾਰ ਮਰਿਆਦਾ ਇਕ ਹੋ ਜਾਵੇ ਤਾਂ ਸਿੱਖ ਕੌਮ 'ਚ ਵੀ ਏਕਤਾ ਹੋ ਸਕਦੀ ਹੈ। ਉਨ੍ਹਾਂ ਗੁਰਬਾਣੀ ਅਨੁਸਾਰ ਸਮਝਾਉਂਦਿਆਂ ਸੰਗਤਾਂ ਨੂੰ ਮਨਘੜਤ ਕਰਾਮਾਤੀ ਕਥਾਵਾਂ ਤੋਂ ਵੀ ਸੁਚੇਤ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਰਥਾਂ ਸਮੇਤ ਸਹਿਜ ਪਾਠ ਕਰਨ ਲਈ ਵੀ ਪ੍ਰੇਰਿਆ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਜਾਏ ਜਾ ਰਹੇ ਦੀਵਾਨਾਂ ਨੂੰ ਰੱਦ ਕਰਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਸਿੱਖ ਕੌਮ ਦਾ ਦੁਨੀਆ 'ਚ ਅਕਸ ਖਰਾਬ ਹੋਵੇ।
ਅਜਨਾਲਾ ਪੁਲਸ ਨੇ ਚਲਾਈ ਅਚਨਚੇਤ ਵਾਹਨ ਚੈਕਿੰਗ ਮੁਹਿੰਮ
NEXT STORY