ਰਾਮਪੁਰਾ ਫੂਲ (ਤਰਸੇਮ)-ਆਵਾਰਾ ਪਸ਼ੂਆਂ ਦੇ ਪ੍ਰਬੰਧ ਦੇ ਮਸਲੇ ਅਤੇ ਕਰਜ਼ਾ ਮੁਆਫੀ ਸਬੰਧੀ ਕੋਆਪ੍ਰੇਟਿਵ ਸੋਸਾਇਟੀਆਂ ਵਿਚਲੀਆਂ ਲਿਸਟਾਂ ਦੀ ਵਿਤਕਰੇਬਾਜ਼ੀ ਨੂੰ ਲੈ ਕੇ ਭਾਕਿਯੂ ਕ੍ਰਾਂਤੀਕਾਰੀ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਸਬ-ਡਵੀਜ਼ਨ ਹੈੱਡ ਕੁਆਰਟਰਾਂ 'ਤੇ ਪੱਕੇ ਮੋਰਚੇ ਅੱਜ ਛੇਵੇਂ ਦਿਨ ਵੀ ਜਾਰੀ ਹਨ। ਅੱਜ ਦੇ ਐਕਸ਼ਨ ਵਿਚ ਕਿਸਾਨਾਂ ਨੇ ਆਵਾਰਾ ਪਸ਼ੂਆਂ ਨੂੰ ਟਰੈਕਟਰ-ਟਰਾਲੀਆਂ ਵਿਚ ਲੱਦ ਕੇ ਐੱਸ. ਡੀ. ਐੱਮ. ਦਫਤਰ ਸਾਹਮਣੇ ਖੜ੍ਹਾ ਕੀਤਾ ਅਤੇ ਧਰਨਾ ਲਾਇਆ। ਕਿਸਾਨਾਂ ਨੇ ਰੱਜ ਕੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।
ਵਰਨਣਯੋਗ ਹੈ ਕਿ ਇਕੱਲੇ ਫੂਲ ਟਾਊਨ ਵਿਚ ਰਾਮਪੁਰਾ ਪਸ਼ੂ ਮੰਡੀ ਨੇੜੇ ਹੋਣ ਕਰ ਕੇ 180 ਪਸ਼ੂ ਜਮ੍ਹਾ ਹੋ ਚੁੱਕੇ ਹਨ ਜਿਨ੍ਹਾਂ ਵਿਚ ਸਿਰਫ 60 ਪਸ਼ੂਆਂ ਦਾ ਹੀ ਪ੍ਰਸ਼ਾਸਨ ਨੇ ਪ੍ਰਬੰਧ ਕੀਤਾ ਹੈ, ਬਾਕੀ ਦੇ ਪਸ਼ੂ ਕਚਹਿਰੀਆਂ ਸਾਹਮਣੇ ਕਿਸਾਨਾਂ ਨੇ ਇਕੱਠੇ ਕੀਤੇ ਹੋਏ ਹਨ ਅਤੇ ਚਾਰ- ਚੁਫੇਰੇ ਪਹਿਰਾ ਲਾਇਆ ਹੋਇਆ ਹੈ। ਅੱਜ ਦੇ ਧਰਨੇ ਨੂੰ ਭਾਕਿਯੂ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਜ਼ਿਲਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ, ਬਲਾਕ ਖਜ਼ਾਨਚੀ ਗੁਰਜੰਟ ਸਿੰਘ ਦੰਦੀਵਾਲ, ਢਿਪਾਲੀ ਪਿੰਡ ਦੇ ਪ੍ਰਧਾਨ ਗੁਰਮੀਤ ਸਿੰਘ, ਪਿੰਡ ਫੂਲ ਦੇ ਪ੍ਰਧਾਨ ਜੱਗਾ ਸਿੰਘ ਨੇ ਸੰਬੋਧਨ ਕੀਤਾ। ਕੱਲ ਦੇ ਐਲਾਨ ਸਬੰਧੀ ਆਗੂਆਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਅਤੇ ਸਰਕਾਰ ਨੇ ਮੋਰਚੇ ਦੀਆਂ ਦੋਵਾਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਸੰਘਰਸ਼ ਨੂੰ ਤੇਜ਼ ਕਰਦਿਆਂ ਅਗਲੇ ਦਿਨਾਂ 'ਚ ਪਸ਼ੂਆਂ ਨੂੰ ਟਰਾਲੀਆਂ 'ਚ ਲੱਦ ਕੇ ਸੜਕਾਂ 'ਤੇ ਲਿਆਂਦਾ ਜਾਵੇਗਾ।
ਪਹਿਲੀ ਵਾਰ ਤਾਏ ਬਾਦਲ ਖਿਲਾਫ ਖੁੱਲ੍ਹ ਕੇ ਬੋਲੇ ਮਨਪ੍ਰੀਤ ਬਾਦਲ
NEXT STORY