ਲੁਧਿਆਣਾ (ਵਿੱਕੀ) : ਪੰਜਾਬ ਸਿੱਖਿਆ ਵਿਭਾਗ ਨੇ ਸਟੇਟ ਅਧਿਆਪਕ ਪੁਰਸਕਾਰ, ਯੰਗ ਅਧਿਆਪਕ ਪੁਰਸਕਾਰ, ਪ੍ਰਬੰਧਕੀ ਪੁਰਸਕਾਰ ਅਤੇ ਵਿਸ਼ੇਸ਼ ਅਧਿਆਪਕ ਪੁਰਸਕਾਰ-2025 ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ’ਚ ਸਕੂਲ ਸਿੱਖਿਆ ਡਾਇਰੈਕਟੋਰੇਟ (ਸੈਕੰਡਰੀ), ਪੰਜਾਬ ਵਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਯੋਗ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ 17 ਜੁਲਾਈ ਤੱਕ ਵਿਭਾਗੀ ਪੋਰਟਲ ’ਤੇ ਕੀਤੀਆਂ ਜਾਣ। ਸਿੱਖਿਆ ਵਿਭਾਗ ਵਲੋਂ ਜਾਰੀ ਨੀਤੀਆਂ ਅਨੁਸਾਰ ਕੋਈ ਵੀ ਅਧਿਆਪਕ, ਸਕੂਲ ਮੁਖੀ ਜਾਂ ਪ੍ਰਬੰਧਕ ਆਪਣੇ ਆਪ ਸਟੇਟ ਪੁਰਸਕਾਰ ਲਈ ਅਰਜ਼ੀ ਨਹੀਂ ਦੇ ਸਕਦਾ। ਉਨ੍ਹਾਂ ਦੀ ਨਾਮਜ਼ਦਗੀ ਪ੍ਰਕਿਰਿਆ ਸਿਰਫ ਕਿਸੇ ਹੋਰ ਅਧਿਆਪਕ, ਸਕੂਲ ਮੁਖੀ, ਉੱਚ ਅਧਿਕਾਰੀ, ਜ਼ਿਲ੍ਹਾ ਸਿੱਖਿਆ ਅਧਿਕਾਰੀ, ਡਿਪਟੀ ਡਾਇਰੈਕਟਰ ਜਾਂ ਡਾਇਰੈਕਟਰ ਸਕੂਲ ਸਿੱਖਿਆ ਵਲੋਂ ਹੀ ਕੀਤੀ ਜਾ ਸਕਦੀ ਹੈ। ਨਾਮਜ਼ਦਗੀ ਲਈ ਨਾਮਜ਼ਦ ਵਿਅਕਤੀ ਬਾਰੇ 250 ਸ਼ਬਦਾਂ ਦੀ ਹੱਥ ਲਿਖਤ ਰਿਪੋਰਟ ਪੋਰਟਲ ’ਤੇ ਅਪਲੋਡ ਕੀਤੀ ਜਾਣੀ ਚਾਹੀਦੀ ਹੈ, ਜਿਸ ’ਚ ਇਹ ਸਪੱਸ਼ਟ ਹੋਵੇ ਕਿ ਸਬੰਧਿਤ ਵਿਅਕਤੀ ਨੂੰ ਪੁਰਸਕਾਰ ਲਈ ਯੋਗ ਕਿਉਂ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Punjab : ਮੀਂਹ ਦੇ ਖੜ੍ਹੇ ਪਾਣੀ 'ਚ ਡੁੱਬਣ ਨਾਲ 2 ਬੱਚਿਆਂ ਦੀ ਮੌਤ, ਨਹਾਉਂਦੇ ਸਮੇਂ ਡੁੱਬੇ ਸੀ ਬੱਚੇ
ਯੋਗਤਾ ਅਤੇ ਸ਼ਰਤਾਂ
ਉਹ ਅਧਿਆਪਕ, ਜਿਨ੍ਹਾਂ ਨੇ 10 ਸਾਲ ਦੀ ਨਿਯਮਤ ਸੇਵਾ ਪੂਰੀ ਕੀਤੀ ਹੈ, ਉਹ ਸਟੇਟ ਅਧਿਆਪਕ ਪੁਰਸਕਾਰ ਲਈ ਯੋਗ ਹੋਣਗੇ।
ਉਹ ਅਧਿਆਪਕ, ਜਿਨ੍ਹਾਂ ਦੀ ਸੇਵਾ 3 ਤੋਂ 10 ਸਾਲ ਦੇ ਵਿਚਕਾਰ ਹੈ ਅਤੇ ਜਿਨ੍ਹਾਂ ਨੇ ਪ੍ਰੋਬੇਸ਼ਨ ਪੀਰੀਅਡ ਪੂਰਾ ਕੀਤਾ ਹੈ, ਉਹ ਯੰਗ ਟੀਚਰ ਪੁਰਸਕਾਰ ਲਈ ਯੋਗ ਹੋਣਗੇ।
ਪ੍ਰਬੰਧਕੀ ਪੁਰਸਕਾਰ ਲਈ, ਸਿੱਖਿਆ ਵਿਭਾਗ ਦੇ ਅਧਿਕਾਰੀ, ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਯੋਗ ਹੋਣਗੇ, ਜਿਨ੍ਹਾਂ ਨੇ ਸਬੰਧਿਤ ਅਹੁਦੇ ’ਤੇ ਘੱਟੋ-ਘੱਟ 1 ਸਾਲ ਸੇਵਾ ਕੀਤੀ ਹੋਵੇ।
ਉਹ ਅਧਿਆਪਕ, ਜਿਨ੍ਹਾਂ ਨੂੰ 7 ਅਕਤੂਬਰ 2022 ਤੋਂ ਬਾਅਦ ਵਿਸ਼ੇਸ਼ ਕੇਡਰ ’ਚ ਸ਼ਾਮਲ ਕੀਤਾ ਗਿਆ ਹੈ, ਉਹ ਵਿਸ਼ੇਸ਼ ਅਧਿਆਪਕ ਪੁਰਸਕਾਰ ਲਈ ਯੋਗ ਹੋਣਗੇ।
ਜਿਨ੍ਹਾਂ ਅਧਿਆਪਕਾਂ ਜਾਂ ਅਧਿਕਾਰੀਆਂ ਖ਼ਿਲਾਫ਼ ਵਿਜੀਲੈਂਸ ਜਾਂਚ, ਜਿਣਸੀ ਸ਼ੋਸ਼ਣ ਜਾਂ ਕਿਸੇ ਹੋਰ ਗੰਭੀਰ ਦੋਸ਼ ’ਚ ਕਾਰਵਾਈ ਪੈਂਡਿੰਗ ਹੈ, ਉਹ ਨਾਮਜ਼ਦਗੀ ਲਈ ਯੋਗ ਨਹੀਂ ਹੋਣਗੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਕੈਬਨਿਟ 'ਚੋਂ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਤਾ ਅਸਤੀਫ਼ਾ
5 ਸਤੰਬਰ ਨੂੰ ਅਧਿਆਪਕ ਦਿਵਸ ’ਤੇ ਦਿੱਤਾ ਜਾਵੇਗਾ ਸਨਮਾਨ
ਪ੍ਰਾਪਤ ਨਾਮਜ਼ਦਗੀਆਂ ਦੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਜਾਂਚ ਅਤੇ ਤਸਦੀਕ ਕੀਤੀ ਜਾਵੇਗੀ। ਇਸ ਤੋਂ ਬਾਅਦ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਨੂੰ ਸਟੇਟ ਪੱਧਰੀ ਚੋਣ ਕਮੇਟੀ ਦੇ ਸਾਹਮਣੇ ਇਕ ਪੇਸ਼ਕਾਰੀ ਦੇਣੀ ਪਵੇਗੀ। ਚੁਣੇ ਗਏ ਅਧਿਆਪਕਾਂ ਅਤੇ ਅਧਿਕਾਰੀਆਂ ਨੂੰ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਮੌਕੇ ’ਤੇ ਇਕ ਸੂਬਾ ਪੱਧਰੀ ਸਮਾਗਮ ’ਚ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਦੌਰਾਨ, ਉਨ੍ਹਾਂ ਨੂੰ ਸਨਮਾਨ ਸਰਟੀਫਿਕੇਟ, ਟਰਾਫੀਆਂ ਅਤੇ ਨਕਦ ਇਨਾਮ ਦਿੱਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਹੱਦੀ ਇਲਾਕੇ ਤੋਂ ਨਸ਼ੀਲੇ ਪਦਾਰਥ ਲੈ ਕੇ ਆਇਆ ਸਮੱਗਲਰ ਰੇਲਵੇ ਸਟੇਸ਼ਨ ਤੋਂ ਕੀਤਾ ਗ੍ਰਿਫ਼ਤਾਰ
NEXT STORY