ਲੁਧਿਆਣਾ (ਰਾਜ): ਸਾਹਨੇਵਾਲ ਦੇ ਕੈਰੋ ਹਸਪਤਾਲ ਨੇੜੇ ਇਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇੱਥੇ ਇਕ ਟਰਾਲਾ ਚਾਲਕ ਨੇ ਲਾਪਰਵਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਇਕ ਇਲੈਕਟ੍ਰਾਨਿਕ ਸਕੂਟੀ ਨੂੰ ਆਪਣੇ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਮਹਿਜ਼ 17 ਸਾਲ ਦੀ ਕੁੜੀ ਸੋਨਾਲੀ ਕੁਮਾਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਡਰਾਈਵਰ ਟਰਾਲਾ ਛੱਡ ਕੇ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਰਿਹਾ। ਥਾਣਾ ਸਾਹਨੇਵਾਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਅਣਪਛਾਤੇ ਟਰਾਲਾ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ, ਮ੍ਰਿਤਕਾ ਸੋਨਾਲੀ ਕੁਮਾਰੀ ਆਪਣੇ ਚਾਚੀ ਤੇ ਤਾਈ ਅਹਿੱਲਿਆ ਦੇਵੀ ਦੇ ਨਾਲ ਇਲੈਕਟ੍ਰਾਨਿਕ ਸਕੂਟੀ 'ਤੇ ਸਵਾਰ ਹੋ ਕੇ ਸਾਹਨੇਵਾਲ ਸਥਿਤ ਪਾਪੜ ਫੈਕਟਰੀ ਜਾ ਰਹੀ ਸੀ। ਜਿਉਂ ਹੀ ਉਹ ਕੈਰੋ ਹਸਪਤਾਲ ਨੇੜੇ ਪਹੁੰਚੇ, ਸਾਹਨੇਵਾਲ ਚੌਕ ਵੱਲੋਂ ਆ ਰਹੇ ਇਕ ਅਣਪਛਾਤੇ ਘੋੜਾ-ਟਰਾਲਾ ਦੇ ਚਾਲਕ ਨੇ ਸਕੂਟੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸਕੂਟੀ 'ਤੇ ਸਵਾਰ ਤਿੰਨੋ ਔਰਤਾਂ ਸੜਕ 'ਤੇ ਜਾ ਡਿੱਗੀਆਂ। ਹਾਦਸੇ ਦੌਰਾਨ ਟਰਾਲੇ ਦਾ ਪਿਛਲਾ ਟਾਇਰ ਸਿੱਧੇ ਸੋਨਾਲੀ ਦੇ ਸਿਰ ਉੱਪਰੋਂ ਲੰਘ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਆਪਣੀ ਭਤੀਜੀ ਨੂੰ ਆਪਣੀਆਂ ਹੀ ਅੱਖਾਂ ਮੂਹਰੇ ਦਮ ਤੋੜਦੇ ਵੇਖ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਗੁਰਜੀਤ ਔਜਲਾ ਨੇ ਲੋਕ ਸਭਾ 'ਚ ਚੁੱਕਿਆ ਰਸੋਈ ਗੈਸ ਦੀ ਕਾਲਾਬਾਜ਼ਾਰੀ ਦਾ ਮੁੱਦਾ
NEXT STORY