ਗੁਰੂਹਰਸਹਾਏ (ਸਨੀ) - ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਗੁਰੂਹਰਸਹਾਏ ਵਿਖੇ ਯੂਥ ਅਕਾਲੀ ਦਲ ਦੀ ਰੈਲੀ 'ਨਵਾਂ ਜੋਸ਼, ਨਵੀਂ ਸੋਚ' ਨੂੰ ਸੰਬੋਧਨ ਕਰਨ ਪਹੁੰਚੇ, ਜਿੱਥੇ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ 'ਚ ਦਮ ਹੈ ਤਾਂ ਉਹ ਲੋਕ ਸਭਾ ਹਲਕੇ ਫ਼ਿਰੋਜ਼ਪੁਰ ਤੋਂ ਚੋਣ ਲੜ ਕੇ ਦਿਖਾਉਣ। ਦੱਸ ਦੇਈਏ ਕਿ ਬਿਕਰਮ ਮਜੀਠੀਆ ਨੇ ਜਾਖੜ ਨੂੰ ਇਹ ਚੁਣੌਤੀ ਉਨ੍ਹਾਂ ਵਲੋਂ ਅਕਾਲੀ ਦਲ (ਬਾਦਲ) ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੀਤੇ ਜਾ ਰਹੇ ਪ੍ਰਚਾਰ 'ਤੇ ਟਿੱਪਣੀ ਕਰਦਿਆਂ ਹੋਇਆ ਦਿੱਤੀ ਹੈ। ਇਸ ਮੌਕੇ ਲੋਕ ਸਭਾ ਹਲਕੇ ਫ਼ਿਰੋਜ਼ਪੁਰ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਚੋਣ ਲੜਨ ਬਾਰੇ ਸੰਕੇਤ ਦਿੰਦਿਆਂ ਉਨ੍ਹਾਂ ਕਿਹਾ ਕਿ ਦੋਵਾਂ 'ਚੋਂ ਕੋਈ ਆ ਜਾਵੇ ਪਰ ਫ਼ੈਸਲਾ ਕੋਰ ਕਮੇਟੀ ਦਾ ਹੋਵੇਗਾ। ਉਨ੍ਹਾਂ ਨੇ ਪੰਜਾਬ ਵਿੱਚ ਫੈਲੀ ਅਰਾਜਕਤਾ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਵਿਚ ਲੋਕਾਂ ਅਤੇ ਕਿਸਾਨਾਂ ‘ਤੇ ਝੂਠੇ ਪਰਚੇ ਅਤੇ ਮਾਸੂਮ ਲੋਕਾਂ ਦੇ ਕਤਲ ਹੋ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ ਹੈ। ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਘਰ-ਘਰ ਨੌਕਰੀ ਦੇਣ, ਬੇਰੋਜ਼ਗਾਰਾਂ ਨੂੰ ਭੱਤਾ ਦੇਣ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ, ਨੌਜਵਾਨਾਂ ਨੂੰ ਮੋਬਾਇਲ, 2500 ਰੁਪਏ ਪੈਨਸ਼ਨ ਅਤੇ 51 ਹਜ਼ਾਰ ਰੁਪਏ ਸ਼ਗਨ ਸਕੀਮ ਦੇਣ ਦੇ ਵਾਅਦੇ ਕੀਤੇ ਸਨ ਪਰ 2 ਸਾਲ ਤੋਂ ਸੱਤਾ 'ਚ ਆਈ ਸਰਕਾਰ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਦੱਸ ਦੇਈਏ ਕਿ ਇਸ ਮੌਕੇ ਜਦੋਂ ਉਨ੍ਹਾਂ ਲੋਕਾਂ ਨੂੰ ਪੁੱਛਿਆ ਕਿ ਤੁਸੀਂ ਅਕਾਲੀ–ਭਾਜਪਾ ਵਲੋਂ ਕਿਸ ਉਮੀਦਵਾਰ ਨੂੰ ਫਿਰੋਜ਼ਪੁਰ ਹਲਕੇ 'ਚ ਦੇਖਣਾ ਚਾਹੁੰਦੇ ਹੋ ਤਾਂ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਦਾ ਨਾਂ ਲਿਆ। ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ ਹੋ ਚੁੱਕੀ ਹੈ। ਪੰਜਾਬ ਦੇ ਦੁੱਖੀ ਲੋਕ ਕੈਪਟਨ ਸਰਕਾਰ ਨੂੰ ਲੋਕ ਸਭਾ ਚੋਣਾਂ 'ਚ ਇਸ ਦਾ ਕਰਾਰ ਜਵਾਬ ਦੇਣਗੇ। ਇਸ ਮੌਕੇ ਉਨ੍ਹਾਂ ਨਾਲ ਮਾਂਟੂ ਵੋਹਰਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ, ਪਰਮਹੰਸ ਸਿੰਘ ਬੰਟੀ ਰੋਮਾਣਾ ਅਤੇ ਅਵਤਾਰ ਸਿੰਘ ਜ਼ੀਰਾ ਆਦਿ ਹਾਜ਼ਰ ਹਨ।
Punjab Wrap Up: ਪੜ੍ਹੋ 30 ਮਾਰਚ ਦੀਆਂ ਵੱਡੀਆਂ ਖਬਰਾਂ
NEXT STORY