ਚੰਡੀਗੜ੍ਹ (ਮਨਪ੍ਰੀਤ) : ਭਾਜਪਾ ਦੇ ਨਵੇਂ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ 29 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਲਈ ਪਾਰਟੀ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਚੋਣ ਆਬਜ਼ਰਵਰ ਨਿਯੁਕਤ ਕੀਤਾ ਹੈ। ਅਹੁਦਾ ਸੰਭਾਲਣ ਦੇ 24 ਘੰਟਿਆਂ ਅੰਦਰ ਨਬੀਨ ਵੱਲੋਂ ਲਿਆ ਫ਼ੈਸਲਾ ਭਾਜਪਾ ਦੀ ਗੰਭੀਰਤਾ ਦਰਸਾਉਂਦਾ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਹੈੱਡਕੁਆਰਟਰ ਇੰਚਾਰਜ ਅਰੁਣ ਸਿੰਘ ਵੱਲੋਂ ਪੱਤਰ ਜਾਰੀ ਕਰਦਿਆਂ ਤਾਵੜੇ ਨੂੰ ਤੁਰੰਤ ਕਮਾਨ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ।
ਚੋਣਾਂ ਜਿਤਵਾਉਣ ਦੀ ਵੱਡਾ ਮੁਹਾਰਤ ਰੱਖਦੇ ਨੇ ਤਾਵੜੇ
ਤਾਵੜੇ ਨੂੰ ਚੰਡੀਗੜ੍ਹ ਭੇਜਣ ਪਿੱਛੇ ਉਨ੍ਹਾਂ ਦਾ ਲੰਬਾ ਰਾਜਨੀਤਕ ਤਜਰਬਾ ਤੇ ਚੋਣਾਂ ਜਿਤਵਾਉਣ ਦੀ ਮੁਹਾਰਤ ਵੱਡਾ ਕਾਰਨ ਹੈ। ਉਨ੍ਹਾਂ ਨੇ ਹਾਲ ਹੀ ’ਚ ਬਿਹਾਰ ਤੇ ਮਹਾਰਾਸ਼ਟਰ ’ਚ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ। ਦੱਸਣਯੋਗ ਹੈ ਕਿ ਸਾਲ 2021 ’ਚ ਜਦੋਂ ਚੰਡੀਗੜ੍ਹ ’ਚ ਆਪ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ, ਉਦੋਂ ਵੀ ਤਾਵੜੇ ਨੇ ਹੀ ਚੋਣ ਰਣਨੀਤੀ ਘੜ ਕੇ ਭਾਜਪਾ ਦਾ ਮੇਅਰ ਬਣਵਾਇਆ ਸੀ। ਤਾਵੜੇ ਦੀ ਨਿਯੁਕਤੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਚੰਡੀਗੜ੍ਹ ’ਚ ਮੇਅਰ ਦੀ ਕੁਰਸੀ ਹਾਸਲ ਕਰਨ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਵਿਰੋਧੀ ਧਿਰ ਅੰਦਰਲੀ ਸੰਭਾਵਿਤ ਖਿੱਚੋਤਾਣ ਤੇ ਨਵੀਂ ਵੋਟਿੰਗ ਪ੍ਰਣਾਲੀ ਦਰਮਿਆਨ ਹੁਣ ਸਾਰੀਆਂ ਨਜ਼ਰਾਂ 29 ਜਨਵਰੀ ’ਤੇ ਟਿਕੀਆਂ ਹਨ।
ਇਸ ਵਾਰ ਲੜਾਈ ਬੇਹੱਦ ਦਿਲਚਸਪ
ਨਿਗਮ ’ਚ ਇਸ ਵਾਰ ਮੇਅਰ ਦੀ ਕੁਰਸੀ ਲਈ ਲੜਾਈ ਬੇਹੱਦ ਦਿਲਚਸਪ ਹੈ। ਅੰਕੜਿਆਂ ਮੁਤਾਬਕ ਭਾਜਪਾ ਤੇ ਵਿਰੋਧੀ ਗਠਜੋੜ ਦੋਵੇਂ 18-18 ਵੋਟਾਂ ’ਤੇ ਬਰਾਬਰ ਹਨ। ਭਾਜਪਾ ਕੋਲ 18 ਕੌਂਸਲਰ ਹਨ। ਦੂਜੇ ਪਾਸੇ 'ਆਪ'-ਕਾਂਗਰਸ ਕੋਲ ਵੀ 18 ਵੋਟਾਂ (11 'ਆਪ', 6 ਕਾਂਗਰਸ ਤੇ 1 ਸੰਸਦ ਮੈਂਬਰ ਦੀ ਵੋਟ) ਹਨ। ਮੇਅਰ ਬਣਨ ਲਈ 19 ਵੋਟਾਂ ਦੇ ਜਾਦੂਈ ਅੰਕੜੇ ਦੀ ਲੋੜ ਹੈ। ਇਸ ਕਾਰਨ ਦੋਵਾਂ ਧਿਰਾਂ ਨੂੰ ਜਿੱਤ ਲਈ ਸਿਰਫ਼ ਇਕ ਵਾਧੂ ਵੋਟ ਦੀ ਤਲਾਸ਼ ਹੈ।
ਪਟਿਆਲਾ : ਪੁਲਸ ਨੇ ਮਾਰੇ ਦਬਕੇ, ਡਰਦਾ ਵਿਦਿਆਰਥੀ ਨਿਗਲ ਗਿਆ ਜ਼ਹਿਰ
NEXT STORY