ਚੰਡੀਗੜ੍ਹ (ਸ਼ਰਮਾ) : ਪੰਜਾਬ ’ਚ ਹੋਣ ਜਾ ਰਹੀਆਂ ਸਥਾਨਕ ਸਰਕਾਰਾਂ ਚੋਣਾਂ ਅਤੇ ਸੰਗਰੂਰ ਲੋਕਸਭਾ ਉਪ ਚੋਣ ਨੂੰ ਲੈ ਕੇ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ’ਚ ਇਕ ਵਿਸ਼ੇਸ਼ ਬੈਠਕ ਪ੍ਰਦੇਸ਼ ਭਾਜਪਾ ਮੁੱਖ ਦਫ਼ਤਰ ਚੰਡੀਗੜ੍ਹ ਵਿਚ ਹੋਈ, ਜਿਸ ’ਚ ਪੰਜਾਬ ਭਾਜਪਾ ਇੰਚਾਰਜ ਸੰਸਦ ਮੈਂਬਰ ਦੁਸ਼ਯੰਤ ਗੌਤਮ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਬੈਠਕ ਵਿਚ ਸੰਗਰੂਰ ਸੰਸਦੀ ਸੀਟ ਦੀ ਉਪ ਚੋਣ ਅਤੇ ਸੂਬੇ ਦੀਆਂ 6 ਨਿਗਮਾਂ ਦੀ ਚੋਣ ’ਤੇ ਰਣਨੀਤੀ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸੰਸਦ ਮੈਂਬਰ ਦੁਸ਼ਯੰਤ ਗੌਤਮ ਨੇ ਇਸ ਮੌਕੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਰਾਜ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਅਤੇ ਇਹ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਰਾਜ ਸਰਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੱਥਾਂ ਦੀ ਕਠਪੁਤਲੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਤਹਿਤ ਸੂਬੇ ਦੇ ਅਤੇ ਕੌਮੀ ਦਲ ਰਾਜ ਦੇ ਪ੍ਰਮੁੱਖ ਫੈਸਲਿਆਂ ਨੂੰ ਹੋਰ ਰਾਜਾਂ ਨੂੰ ਆਉਟਸੋਰਸ ਕਰਨ ਤੋਂ ਪਰਹੇਜ ਕਰਦੇ ਹਨ। ਦੁਸ਼ਯੰਤ ਗੌਤਮ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਨਤਾ ਕੋਲ ਜਾਣਗੇ ਅਤੇ ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਦੀ ਸੱਚਾਈ ਤੋਂ ਜਾਣੂ ਕਰਵਾਉਣਗੇ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਝੂਠੇ ਸੁਪਨੇ ਦਿਖਾ ਕੇ ਮੁਫ਼ਤ ਬਿਜਲੀ, 1000 ਰੁਪਏ ਪ੍ਰਤੀ ਮਹੀਨਾ ਔਰਤਾਂ ਨੂੰ, ਨੌਜਵਾਨਾਂ ਨੂੰ ਰੁਜ਼ਗਾਰ ਆਦਿ ਜਿਹੇ ਵਾਅਦੇ ਕੀਤੇ ਸਨ। ਪਰ ਦੋ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਆਮ ਆਦਮੀ ਪਾਰਟੀ ਵਲੋਂ ਆਪਣਾ ਅਸਲੀ ਚਿਹਰਾ ਸਾਰਿਆਂ ਨੂੰ ਵਿਖਾ ਦਿੱਤਾ ਗਿਆ ਹੈ। ਅਸ਼ਵਨੀ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਸਰਕਾਰ ਬਣਦੇ ਹੀ ਕੈਬਨਿਟ ਦੀ ਪਹਿਲੀ ਬੈਠਕ ਵਿਚ ਪੰਜਾਬ ਵਿਚ 18 ਸਾਲ ਤੋਂ ਉਤੇ ਦੀ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ, ਪੰਜਾਬ ਵਿਚ ਹਰ ਘਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਪਰ ਸਰਕਾਰ ਬਣੇ ਦੋ ਮਹੀਨੇ ਹੋਣ ਨੂੰ ਹਨ, ਪਰ ਪੰਜਾਬ ਦੇ ਵੋਟਰਾਂ ਨੂੰ ਵਾਅਦਿਆਂ ਤੋਂ ਇਲਾਵਾ ਕੁੱਝ ਨਹੀਂ ਮਿਲਿਆ। ਆਮ ਆਦਮੀ ਪਾਰਟੀ ਵਲੋਂ ਇਹ ਸਭ ਗੁੰਮਰਾਹ ਕਰਨ ਅਤੇ ਵਿਧਾਨਸਭਾ ਚੋਣਾਂ ਜਿੱਤਣ ਦਾ ਸਿਰਫ਼ ਇਕ ਹਥਕੰਡਾ ਸੀ। ਭਾਜਪਾ ਵਿਰੋਧੀ ਧਿਰ ਦੀ ਇਕ ਮਹੱਤਵਪੂਰਣ ਜ਼ਿੰਮੇਵਾਰ ਭੂਮਿਕਾ ਨਿਭਾਵੇਗੀ ਅਤੇ ਪੰਜਾਬ ਦੀ ਜਨਤਾ ਦੇ ਲੋਕੰਤਰਿਕ ਅਧਿਕਾਰਾਂ ਲਈ ਪ੍ਰਤਿਬੱਧ ਹੋਵੇਗੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨਿਗਮ ਚੋਣ ਅਤੇ ਸੰਗਰੂਰ ਲੋਕਸਭਾ ਉਪ-ਚੋਣ ਲਈ ਤਿਆਰ ਹੈ। ਸ਼ਰਮਾ ਨੇ ਕਥਿਤ ‘ਗਿਆਨ ਸਾਝਾਕਰਨ ਸੰਧੀ’ ’ਤੇ ਗੱਲ ਕਰਦਿਆਂ ਕਿਹਾ ਕਿ ਇਹ ਉੱਚ-ਪੱਧਰੀ ਡਰਾਮੇ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ। ਕੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਜਾਣਦੇ ਕਿ ਸਾਨੂੰ ਸਕੂਲਾਂ ਵਿਚ ਅਧਿਆਪਕਾਂ ਦੀ ਅਤੇ ਬੁਨਿਆਦੀ ਢਾਂਚੇ ਵਿਚ ਸੁਧਾਰ ਦੀ ਜਰੂਰਤ ਹੈ? ਲਗਭਗ 50 ਫ਼ੀਸਦੀ ਸਕੂਲਾਂ ਵਿਚ ਅਧਿਆਪਕਾਂ ਦੀ ਲੋੜੀਂਦੀ ਗਿਣਤੀ ਦੀ ਘਾਟ ਹੈ। ਵਿਗਿਆਨ ਅਤੇ ਹਿਸਾਬ ਦੇ ਅਧਿਆਪਕਾਂ ਦੀ ਗਿਣਤੀ ਤਾਂ ਇਸ ਸਮੇਂ ਨਾ ਦੇ ਬਰਾਬਰ ਹੈ। ਸ਼ਰਮਾ ਨੇ ਕਿਹਾ ਕਿ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸਮਝੌਤਾ ਆਪਣੀ ਸਰਕਾਰ ਚਲਾਉਣ ਦੇ ਅਧਿਕਾਰ ਅਪ੍ਰਤੱਖ ਰੂਪ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੇਣ ਲਈ ਕੀਤਾ ਹੈ। ਇਸ ਮੌਕੇ ਡਾ. ਨਰਿੰਦਰ ਸਿੰਘ, ਪ੍ਰਦੇਸ਼ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਗਾ, ਦਿਆਲ ਸਿੰਘ ਸੋਢੀ, ਹਰਜੀਤ ਸਿੰਘ ਗਰੇਵਾਲ, ਫ਼ਤਹਿਜੰਗ ਸਿੰਘ ਬਾਜਵਾ ਆਦਿ ਮੌਜੂਦ ਸਨ।
ਆਨਲਾਈਨ ਪੜ੍ਹਾਈ 'ਤੇ ਨਿੱਜੀ ਸਕੂਲਾਂ ਦੀ ਦੋ-ਟੁੱਕ, 'ਵੈਕਸੀਨ ਲਵਾ ਕੇ ਬੱਚੇ ਸਕੂਲ ਭੇਜੋ, ਨਹੀਂ ਤਾਂ ਲੱਗੇਗੀ ਗੈਰ-ਹਾਜ਼ਰੀ
NEXT STORY