ਅਮਰਗੜ੍ਹ (ਜ. ਬ.) : ਸਥਾਨਕ ਹਰਨਾਮਾ ਕਾਲੋਨੀ ਦੇ ਵਾਰਡ ਨੰਬਰ-2 ’ਚ ਰਹਿੰਦੇ ਪਰਵਾਸੀ ਮਜ਼ਦੂਰ ਦੇ ਪੁੱਤ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਜਾਣ ਉਪਰੰਤ ਗੁੱਸੇ 'ਚ ਆਏ ਲੋਕਾਂ ਨੇ ਮੁੱਢਲੇ ਸਿਹਤ ਕੇਂਦਰ ’ਚ ਸਿਹਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਿਤਾ ਨੇਤਰ ਪਾਲ ਨੇ ਦੱਸਿਆ ਕਿ ਉਸ ਦੇ 16 ਸਾਲਾ ਪੁੱਤਰ ਬਿੱਟੂ ਨੂੰ ਰਾਤ ਕਰੀਬ 1 ਵਜੇ ਕੰਨ ’ਤੇ ਸੱਪ ਦੇ ਡੱਸਣ ਕਾਰਨ ਮੁੱਢਲੇ ਸਿਹਤ ਕੇਂਦਰ ਅਮਰਗੜ੍ਹ ’ਚ ਇਲਾਜ ਲਈ ਲਿਆਂਦਾ ਗਿਆ ਤਾਂ ਮੌਕੇ ’ਤੇ ਮੌਜੂਦ ਸਟਾਫ਼ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਨਾਭਾ ਦੇ ਸਰਕਾਰੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਪਰ ਬੱਚੇ ਨੂੰ ਲਿਜਾਣ ਵਾਸਤੇ ਜਦੋਂ ਸਾਡੇ ਵੱਲੋਂ 108 ਐਬੂਲੈਂਸ ਨੂੰ ਫੋਨ ਕੀਤਾ ਤਾ ਵਾਰ-ਵਾਰ ਫੋਨ ਕਰਨ ’ਤੇ ਵੀ ਕਿਸੇ ਨੇ ਫੋਨ ਨਹੀਂ ਚੁੱਕਿਆ।
ਉਨ੍ਹਾਂ ਦੋਸ਼ ਲਗਾਇਆ ਕਿ ਹਸਪਤਾਲ ’ਚ ਖੜ੍ਹੀ ਐਬੂਲੈਂਸ ਦੇ ਡਰਾਈਵਰ ਦੀਆ ਮਿੰਨਤਾਂ-ਤਰਲੇ ਕਰਨ ’ਤੇ ਵੀ ਉਸ ਨੇ ਇਹ ਕਹਿੰਦਿਆਂ ਨਾਂਹ ਕਰ ਦਿੱਤੀ ਕਿ ਸਾਨੂੰ ਉਪਰੋਂ ਫੋਨ ਆਉਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਮੋਟਰਸਾਈਕਲ ’ਤੇ ਨਾਭਾ ਹਸਪਤਾਲ ਲੈ ਕੇ ਪਹੁੰਚੇ ਤਾਂ ਉੱਥੇ ਹਾਜ਼ਰ ਡਾਕਟਰਾਂ ਵੱਲੋਂ ਵੀ ਬੱਚੇ ਨੂੰ ਕਿਸੇ ਤਰ੍ਹਾਂ ਦੀ ਮੁੱਢਲੀ ਸਹਾਇਤਾ ਨਾ ਦਿੱਤੀ ਗਈ ਅਤੇ ਪਟਿਆਲਾ ਲਈ ਰੈਫ਼ਰ ਕਰ ਦਿੱਤਾ ਗਿਆ। ਰਾਜਿੰਦਰਾ ਹਸਪਤਾਲ ਪਟਿਆਲਾ ਵੱਲੋਂ ਵੀ ਬੱਚੇ ਨੂੰ ਪੀ. ਜੀ. ਆਈ ਰੈਫ਼ਰ ਕਰ ਦਿੱਤਾ ਗਿਆ। ਬੱਚੇ ਨੂੰ ਸਹੀ ਸਮੇਂ 'ਤੇ ਇਲਾਜ ਨਾ ਮਿਲਣ ਕਾਰਨ ਪੀ. ਜੀ. ਆਈ. ਚੰਡੀਗੜ੍ਹ ਲਿਜਾਦੇ ਸਮੇਂ ਰਾਜਪੁਰਾ ਦੇ ਨੇੜੇ ਬੱਚੇ ਦੀ ਮੌਤ ਹੋ ਗਈ।
ਸਵੇਰ ਹੁੰਦਿਆਂ ਹੀ ਜਦੋਂ ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵਲੋਂ ਕਮਿਊਨਿਟੀ ਹੈਲਥ ਸੈਂਟਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੱਚੇ ਦੀ ਮੌਤ ਲਈ ਜ਼ਿੰਮੇਵਾਰ ਸਬੰਧਿਤ ਡਾਕਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਡਾਕਟਰਾਂ ਵੱਲੋਂ ਕੀਤੀ ਜਾਂਦੀ ਅਣਗਹਿਲੀ ਕਾਰਨ ਕਿਸੇ ਹੋਰ ਦੇ ਘਰ ਦਾ ਚਿਰਾਗ ਨਾ ਬੁੱਝੇ। ਉਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾਣ। ਇਸ ਮੌਕੇ ਮਾਸਟਰ ਸ਼ੇਰ ਸਿੰਘ, ਐੱਮ. ਸੀ. ਰਾਜਿੰਦਰ ਜੈਦਕਾ, ਹੰਸਰਾਜ ਸਿੰਘ, ਲਾਡਬਿੰਦਰ ਸਿੰਘ, ਨਿਰਮਲ ਸਿੰਘ ਚਿੰਨੂ ਕੌਂਸਲ, ਸੁਖਦੇਵ ਸਿੰਘ, ਕੁਲਦੀਪ ਸਿੰਘ, ਦੀਪਕ ਜੇਦਕਾ ਜੈਦੀਪ ਸਿੰਘ, ਨਵਦੀਪ ਜੇਦਕਾ ਸੁਮੀਤ ਕੁਮਾਰ ਆਦਿ ਹਾਜ਼ਰ ਸਨ।
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼, ਤਰਨਤਾਰਨ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ‘ਚ ਉਮੀਦਵਾਰਾਂ ਦਾ ਭੰਬਲਭੂਸਾ
NEXT STORY