ਜਲੰਧਰ (ਸ਼ਾਹ)— ਅੱਜ ਕੈਂਸਰ ਦੀ ਬੀਮਾਰੀ ਵਿਸ਼ਵ ਲਈ ਇਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਇਸ ਬੀਮਾਰੀ ਦਾ ਹੁਣ ਤਕ ਕੋਈ ਇਲਾਜ ਨਹੀਂ ਲੱਭ ਸਕਿਆ ਹੈ। ਇਸ ਤੋਂ ਬਚਣ ਦੇ ਲਈ ਜਾਗਰੂਕਤਾ ਹੀ ਇਕਲੌਤਾ ਇਲਾਜ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਵਿਸ਼ਵ ਭਰ 'ਚ ਹਰ ਸਾਲ ਅਕਤੂਬਰ 'ਚ ਮਹਿਲਾਵਾਂ ਨੂੰ ਬ੍ਰੈਸਟ ਕੈਂਸਰ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਕਿ ਇਸ ਬੀਮਾਰੀ ਦੀ ਸਮੇਂ 'ਤੇ ਜਾਂਚ ਕਰਕੇ ਇਲਾਜ ਕਰਵਾਇਆ ਜਾ ਸਕੇ। ਸਾਰੇ ਭਾਰਤ 'ਚ ਮਹਿਲਾਵਾਂ 'ਚ ਸਭ ਤੋਂ ਜ਼ਿਆਦਾ ਹੋਣ ਵਾਲਾ ਕੈਂਸਰ ਬ੍ਰੈਸਟ 'ਚ ਪਾਇਆ ਜਾਂਦਾ ਹੈ, ਜੋ ਕਿ ਉਨ੍ਹਾਂ ਦੀ ਮੌਤ ਦਾ ਮੁੱਖ ਕਾਰਨ ਬਣਦਾ ਹੈ। ਸਾਡੇ ਸਮਾਜ 'ਚ ਕੈਂਸਰ ਬਾਰੇ ਜਾਗਰੂਕਤਾ ਦੀ ਕਮੀ, ਸਮੇਂ 'ਤੇ ਜਾਂਚ ਦਾ ਨਾ ਹੋਣਾ, ਅਨਪੜ੍ਹਤਾ, ਗਰੀਬੀ ਕਾਰਨ ਬੀਮਾਰੀ ਦਾ ਆਖਰੀ ਸਟੇਜ 'ਤੇ ਪਤਾ ਲੱਗਣਾ ਅਤੇ ਸਹੀ ਇਲਾਜ ਮੁਹੱਈਆ ਨਾ ਹੋਣ ਨਾਲ ਮੌਤਾਂ ਵੀ ਜ਼ਿਆਦਾ ਹੋ ਰਹੀਆਂ ਹਨ।
ਇਕ ਸਰਵੇ ਅਨੁਸਾਰ ਵਿਸ਼ਵ 'ਚ ਔਸਤਨ ਹਰ 2 ਮਿੰਟ ਬਾਅਦ ਬ੍ਰੈਸਟ ਕੈਂਸਰ ਦਾ ਮਰੀਜ਼ ਪਾਇਆ ਜਾਂਦਾ ਹੈ ਅਤੇ ਹਰ 13 ਮਿੰਟ ਬਾਅਦ ਇਸ ਕੈਂਸਰ ਨਾਲ ਮੌਤ ਹੋ ਰਹੀ ਹੈ। 10 'ਚੋਂ 1 ਮਹਿਲਾ ਨੂੰ ਉਸ ਦੀ ਜ਼ਿੰਦਗੀ 'ਚ ਬ੍ਰੈਸਟ ਕੈਂਸਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਭਾਰਤ 'ਚ ਇਸ ਦੀ ਗਿਣਤੀ ਘੱਟ ਹੈ ਪਰ 10,000 ਆਬਾਦੀ ਦੇ ਪਿੱਛੇ 25 ਮਹਿਲਾਵਾਂ ਬ੍ਰੈਸਟ ਕੈਂਸਰ ਤੋਂ ਪੀੜਤ ਹਨ। ਜੇਕਰ ਇਸ ਬੀਮਾਰੀ ਦੀ ਸਮੇਂ 'ਤੇ ਜਾਂਚ ਨਾ ਹੋਵੇ ਅਤੇ ਮਹਿਲਾਵਾਂ ਨੂੰ ਇਸ ਦੇ ਪ੍ਰਤੀ ਜਾਗਰੂਕ ਨਾ ਕੀਤਾ ਗਿਆ ਤਾਂ ਇਸ ਦੀ ਗਿਣਤੀ 2020 'ਚ ਦੁੱਗਣੀ ਹੋ ਸਕਦੀ ਹੈ।
ਬ੍ਰੈਸਟ ਕੈਂਸਰ ਹੋਣ ਦੇ ਕਾਰਨ
ਮੰਨਿਆ ਗਿਆ ਹੈ ਕਿ ਕੁਝ ਕਾਰਨਾਂ ਨਾਲ ਬ੍ਰੈਸਟ ਦਾ ਕੈਂਸਰ ਜ਼ਿਆਦਾ ਹੁੰਦਾ ਹੈ ਅਤੇ ਉਸ ਨੂੰ ਕੰਟਰੋਲ ਕਰਨ ਨਾਲ ਕੈਂਸਰ ਘੱਟ ਹੋ ਸਕਦਾ ਹੈ, ਜਿਵੇਂ ਕਿ ਮੋਟਾਪਾ, ਸ਼ਰਾਬ ਅਤੇ ਤੰਬਾਕੂ ਦਾ ਸੇਵਨ, ਖੁਰਾਕ, ਕਸਰਤ ਦੀ ਕਮੀ, ਬੱਚਾ ਨਾ ਹੋਣ ਦੇ ਲਈ ਦਵਾਈ (ਕੰਟਰਾਸੈਪਟਿਵ) ਖਾਣਾ ਆਦਿ। ਕੁਝ ਮਹਿਲਾਵਾਂ, ਜੋ ਆਪਣਾ ਦੁੱਧ ਬੱਚਿਆਂ ਨੂੰ ਨਹੀਂ ਪਿਲਾਉਂਦੀਆਂ, ਉਨ੍ਹਾਂ 'ਚ ਕੈਂਸਰ ਜ਼ਿਆਦਾ ਦੇਖਿਆ ਗਿਆ ਹੈ। ਕੁਝ ਪਰਿਵਾਰਾਂ 'ਚ ਜੀਨ ਦੀ ਖਰਾਬੀ ਪੁਸ਼ਤੈਨੀ ਹੁੰਦੀ ਹੈ। ਉਨ੍ਹਾਂ ਨੂੰ ਕੈਂਸਰ ਜ਼ਿਆਦਾ ਹੁੰਦਾ ਹੈ। ਇਸ ਜੀਨ ਦੀ ਖੂਨ 'ਚ ਜਾਂਚ ਅਤੇ ਲੜਕੀਆਂ ਦੀ ਯੁਵਾ ਅਵਸਥਾ 'ਚ ਬ੍ਰੈਸਟ ਦੀ ਜਾਂਚ ਕਰਨੀ ਚਾਹੀਦੀ ਹੈ।
ਇਹ ਰਹੇ ਬ੍ਰੈਸਟ ਕੈਂਸਰ ਦੇ ਲੱਛਣ
ਬ੍ਰੈਸਟ 'ਚ ਗਿਲਟੀ ਦਾ ਹੋਣਾ
ਨਿੱਪਲ ਤੋਂ ਪਾਣੀ ਜਾਂ ਖੂਨ ਦਾ ਵਹਿਣਾ
ਚਮੜੀ ਦਾ ਸਖਤ ਹੋਣਾ
ਜ਼ਖਮ ਹੋਣਾ
ਛਾਤੀ ਦੀ ਚਮੜੀ 'ਚ ਖੱਡੇ ਪੈਣਾ
ਨਿੱਪਲਾਂ ਦਾ ਛਾਤੀ ਦੇ ਅੰਦਰ ਸੁੰੰਗੜਨਾ
ਦਰਦ ਸੋਜ ਖਾਰਸ਼
ਜਦ ਕੈਂਸਰ ਫੈਲ ਜਾਵੇ ਤਾਂ ਅੰਡਰਆਰਮ ਜਾਂ ਗਰਦਨ 'ਚ ਗਿਲਟੀ ਦਾ ਬਣਨਾ
ਹਰ ਗਿਲਟੀ ਕੈਂਸਰ ਨਹੀਂ ਹੋ ਸਕਦੀ ਪਰ ਜਾਂਚ ਜ਼ਰੂਰੀ : ਡਾ. ਅਮਰਜੀਤ
ਗੌਰਮਿੰਟ ਕਾਲਜ ਅੰਮ੍ਰਿਤਸਰ ਦੇ ਪੈਥੋਲੋਜੀ ਦੇ ਪ੍ਰੋਫੈਸਰ ਡਾ. ਅਮਰਜੀਤ ਸਿੰਘ ਨੇ ਮਹਿਲਾਵਾਂ 'ਚ ਪਾਏ ਜਾਣ ਵਾਲੇ ਬ੍ਰੈਸਟ ਕੈਂਸਰ ਬਾਰੇ ਦੱਸਿਆ ਕਿ ਹਰ ਗਿਲਟੀ ਕੈਂਸਰ ਨਹੀਂ ਹੋ ਸਕਦੀ ਪਰ ਇਸ ਦੀ ਜਾਂਚ ਜ਼ਰੂਰੀ ਹੈ। ਇਸ ਲਈ ਬ੍ਰੈਸਟ ਕੈਂਸਰ ਨੂੰ ਘਟਾਉਣਾ ਅਤੇ ਸਮੇਂ 'ਤੇ ਜਾਂਚ ਕਰਵਾਉਣ ਦੇ ਲਈ ਸਰਕਾਰੀ ਪੱਧਰ 'ਤੇ ਸ਼ਹਿਰਾਂ ਅਤੇ ਪਿੰਡਾਂ 'ਚ ਸਿਹਤ ਸੈਂਟਰਾਂ 'ਤੇ ਸਕਰੀਨਿੰਗ ਅਤੇ ਜਾਗਰੂਕਤਾ ਕੈਂਪ ਲਾਉਣੇ ਚਾਹੀਦੇ ਹਨ ਤਾਂ ਕਿ ਇਸ ਬੀਮਾਰੀ ਨੂੰ ਜੜ੍ਹ ਤੋਂ ਫੜਿਆ ਜਾਵੇ । ਕੁਝ ਸੰਗਠਨ ਇਸ ਪ੍ਰਤੀ ਸ਼ਲਾਘਾਯੋਗ ਕੰਮ ਰਹੇ ਹਨ। ਮਹਿਲਾਵਾਂ ਨੂੰ ਇਹ ਸੰਦੇਸ਼ ਜ਼ਰੂਰੀ ਹੈ ਕਿ 30 ਤੋਂ 40 ਦੀ ਉਮਰ ਦੇ ਬਾਅਦ ਹਰ ਮਹੀਨੇ ਨਜ਼ਦੀਕੀ ਸਿਹਤ ਸੈਂਟਰ ਤੋਂ ਆਪਣੀ ਬ੍ਰੈਸਟ ਦੀ ਜਾਂਚ ਕਰਵਾਉਣ। ਸ਼ੱਕ ਪੈਣ 'ਤੇ ਗਿਲਟੀ ਦੀ ਮੈਮੋਗ੍ਰਾਫੀ ਕਰਵਾਉਣੀ ਚਾਹੀਦੀ ਹੈ। ਸਾਡਾ ਫਰਜ਼ ਬਣਦਾ ਹੈ ਕਿ ਕੈਂਸਰ ਪੀੜਤ ਮਹਿਲਾਵਾਂ ਦੀ ਮਦਦ ਕੀਤੀ ਜਾਵੇ ਅਤੇ ਉਤਸ਼ਾਹ ਦਿੱਤਾ ਜਾਵੇ ਤਾਂ ਕਿ ਉਨ੍ਹਾਂ ਦੀ ਜੀਣ ਦੀ ਉਮੀਦ ਬਣੀ ਰਹੇ।
ਪੰਜਾਬ 'ਚ ਨਰਮੇ ਦੀ ਖੇਤੀ 'ਤੇ ਸੰਕਟ, ਕਿਸਾਨਾਂ ਨੇ ਸਰਕਾਰ ਕੋਲ ਲਾਈ ਇਹ ਗੁਹਾਰ (ਵੀਡੀਓ)
NEXT STORY