ਲੁਧਿਆਣਾ,(ਪਾਲੀ) : ਸਿਰਫ 100 ਦਿਨ ਪਹਿਲਾਂ ਲੁਧਿਆਣਾ ਦੇ ਇਕ ਫੈਕਟਰੀ ਮਾਲਕ ਤੋਂ 25 ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲੇ ਅਡੀਸ਼ਨਲ ਡਾਇਰੈਕਟਰ ਆਫ ਫੈਕਟਰੀਜ਼, ਪੰਜਾਬ ਨੂੰ ਸਰਕਾਰ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਜਿਸ ਦਾ ਸਵਾਗਤ ਕਰਦੇ ਹੋਏ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਹੋਰਨਾਂ ਰਿਸ਼ਵਤਖੋਰਾਂ ਨੂੰ ਵੀ ਤਾਕੀਦ ਕਰਦਿਆਂ ਕਿਹਾ ਕਿ 'ਸਭ ਫੜੇ ਜਾਣਗੇ' ਤਹਿਤ ਸਾਰੇ ਰਿਸ਼ਵਤਖੋਰਾਂ ਖਿਲਾਫ ਸਬੂਤ ਇਕੱਤਰ ਕੀਤੇ ਜਾ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਜੋ ਪਹਿਲਾਂ ਹੀ ਫੜੇ ਜਾ ਚੁੱਕੇ ਹਨ, ਉਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਚੱਲ ਰਹੀ ਹੈ ਅਤੇ ਜਲਦੀ ਹੀ ਉਹ ਵੀ ਨੌਕਰੀ ਤੋਂ ਬਰਖਾਸਤ ਕਰ ਕੇ ਘਰ ਭੇਜ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ 24 ਅਪ੍ਰੈਲ 2019 ਨੂੰ ਐੱਮ. ਪੀ. ਬੇਰੀ, ਐਡੀਸ਼ਨਲ ਡਾਇਰੈਕਟਰ ਆਫ ਫੈਕਟਰੀਜ਼, ਪੰਜਾਬ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਹੋਟਲ ਸ਼ੈਵਰਨ ਵਿਖੇ ਇਕ ਕਾਰਖਾਨੇਦਾਰ ਤੋਂ ਫੈਕਟਰੀ ਲਾਇਸੈਂਸ ਦੇਣ ਦੀ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਲਈ ਆਇਆ ਸੀ। ਕਿਰਤ ਵਿਭਾਗ ਦੇ ਉਕਤ ਅਧਿਕਾਰੀ ਨੂੰ ਜਦੋਂ ਲੁਧਿਆਣਾ ਦਾ ਸਨਅਤਕਾਰ ਗੁਰਨੀਤ ਪਾਲ ਸਿੰਘ ਪਾਹਵਾ ਹੋਟਲ ਵਿਚ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਪੁੱਜਾ ਤਾਂ ਇਸ ਦੌਰਾਨ ਵਿਧਾਇਕ ਬੈਂਸ ਅਤੇ ਉਨ੍ਹਾਂ ਦੇ ਸਾਥੀ ਵੀ ਪੁੱਜ ਗਏ।ਵਿਧਾਇਕ ਬੈਂਸ ਨੇ 25 ਹਜ਼ਾਰ ਰੁਪਏ ਦੀ ਰਿਸ਼ਵਤ ਵਜੋਂ ਦਿੱਤੀ ਗਈ ਰਕਮ ਉਕਤ ਅਧਿਕਾਰੀ ਤੋਂ ਬਰਾਮਦ ਕਰ ਲਈ। ਇਸ ਦੌਰਾਨ ਐਡੀਸ਼ਨਲ ਡਾਇਰੈਕਟਰ ਆਫ ਫੈਕਟਰੀਜ਼, ਪੰਜਾਬ ਐੱਮ. ਪੀ. ਬੇਰੀ ਨੇ ਇਹ ਵੀ ਮੰਨਿਆ ਸੀ ਕਿ ਉਹ ਸੇਵਾ ਮੁਕਤੀ ਤੋਂ ਬਾਅਦ ਇਕ ਸਾਲ ਲਈ ਵਾਧੂ ਸੇਵਾ ਕਾਲ ਵਜੋਂ ਸੇਵਾ ਨਿਭਾਅ ਰਿਹਾ ਹੈ ਅਤੇ ਉਸ ਦੀ ਪ੍ਰਤੀ ਮਹੀਨੇ ਡੇਢ ਲੱਖ ਰੁਪਏ ਤਨਖਾਹ ਹੈ। ਇਸ ਦੌਰਾਨ ਉਕਤ ਅਧਿਕਾਰੀ ਨਾਲ ਹੋਈ ਗੱਲਬਾਤ, ਰਿਸ਼ਵਤ ਦੇ ਪੈਸੇ ਲੈਣ ਸਬੰਧੀ ਪੂਰੀ ਵੀਡੀਓ ਲਾਈਵ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹੀ।
ਇਸ ਦੌਰਾਨ ਉਕਤ ਅਧਿਕਾਰੀ ਨੇ ਸੋਸ਼ਲ ਮੀਡੀਆ ਦੇ ਚੱਲ ਰਹੀ ਲਾਈਵ ਵੀਡੀਓ ਵਿਚ ਮੁਆਫੀ ਵੀ ਮੰਗੀ ਅਤੇ ਅੱਗੇ ਤੋਂ ਅਜਿਹਾ ਕੰਮ ਨਾ ਕਰਨ ਦੀ ਵੀ ਤੌਬਾ ਕੀਤੀ ਸੀ। ਵਿਧਾਇਕ ਬੈਂਸ ਨੇ ਦੱਸਿਆ ਕਿ ਉਕਤ ਅਧਿਕਾਰੀ ਨੂੰ ਫੜਨ ਤੋਂ ਪਹਿਲਾਂ ਉਨ੍ਹਾਂ ਖੁਦ ਫੋਨ ਕਰ ਕੇ ਇਹ ਵੀ ਕਿਹਾ ਸੀ ਕਿ ਰਿਸ਼ਵਤ ਲੈਣੀ ਬੰਦ ਕਰ ਕੇ ਲੋਕਾਂ ਦੇ ਕੰਮ ਕਾਰ ਕਰੋ ਪਰ ਉਕਤ ਅਧਿਕਾਰੀ ਫਿਰ ਵੀ ਫੈਕਟਰੀ ਮਾਲਕ ਤੋਂ ਪੈਸਿਆਂ ਦੀ ਮੰਗ ਕਰਦਾ ਰਿਹਾ ਅਤੇ ਫੈਕਟਰੀ ਮਾਲਕ ਤੋਂ 35 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ, ਜੋ ਬਾਅਦ ਵਿਚ ਫੈਕਟਰੀ ਮਾਲਕ ਵੱਲੋਂ ਬੇਨਤੀ ਕਰਨ 'ਤੇ 25 ਹਜ਼ਾਰ ਰੁਪਏ ਵਿਚ ਸੌਦਾ ਤਹਿ ਹੋਇਆ ਸੀ।
ਜੰਮੂ-ਕਸ਼ਮੀਰ ਪੁਲਸ ਦੇ ਹੁਕਮਾਂ 'ਤੇ ਘਾਟੀ ਦਾ ਰੇਲ ਨੈੱਟਵਰਕ ਬੰਦ
NEXT STORY