ਮੋਹਾਲੀ (ਨਿਆਮੀਆਂ) - ਕੈਪਟਨ ਅਮਰਿੰਦਰ ਸਿੰਘ, ਜੋ ਚੋਣਾਂ ਦੌਰਾਨ ਨੌਜਵਾਨਾਂ ਨਾਲ ਵਾਅਦੇ ਕਰਦੇ ਸਨ ਕਿ ਕਾਂਗਰਸ ਸਰਕਾਰ ਆਉਣ 'ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ ਤੇ ਨਿਗੂਣੀਆਂ ਤਨਖਾਹਾਂ ਦਾ ਚਲਣ ਜੋ ਅਕਾਲੀ-ਭਾਜਪਾ ਸਰਕਾਰ ਵਲੋਂ ਚਲਾਇਆ ਗਿਆ, ਉਸ ਨੂੰ ਬੰਦ ਕੀਤਾ ਜਾਵੇਗਾ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਕ ਸਾਲ ਬੀਤ ਜਾਣ 'ਤੇ ਕਾਂਗਰਸ ਸਰਕਾਰ ਦਾ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਗਿਆ ਤੇ ਨਾ ਹੀ ਮੁੱਖ ਮੰਤਰੀ ਵਲੋਂ ਮੁਲਾਜ਼ਮਾਂ ਨਾਲ ਕੋਈ ਗੱਲਬਾਤ ਕੀਤੀ ਗਈ। ਮੁਲਾਜ਼ਮ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਲਈ ਸਰਕਾਰ ਦਾ ਹਰ ਦਰਵਾਜ਼ਾ ਖੜਕਾ ਚੁੱਕੇ ਹਨ ਪਰ ਸਰਕਾਰ ਦੇ ਵਿਧਾਇਕ, ਮੰਤਰੀ ਤੇ ਮੁੱਖ ਮੰਤਰੀ ਦੇ ਓ. ਐੱਸ. ਡੀ. ਮੁਲਾਜ਼ਮਾਂ ਦੀ ਮੁੱਖ ਮੰਤਰੀ ਨਾਲ ਗੱਲਬਾਤ ਕਰਵਾਉਣ ਤੋਂ ਹੁਣ ਤਕ ਬੇਵੱਸ ਨਜ਼ਰ ਆਏ ਹਨ।
ਪਿਛਲੀ ਸਰਕਾਰ ਵਲੋਂ ਸੇਵਾ ਕੇਂਦਰਾਂ ਨੂੰ ਨਿੱਜੀ ਕੰਪਨੀ ਦੇ ਹੱਥ ਦੇ ਕੇ ਸੁਵਿਧਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਸਰਕਾਰ ਆਉਣ 'ਤੇ ਤੁਰੰਤ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਕਾਂਗਰਸ ਸਰਕਾਰ ਫਿਰ ਇਨ੍ਹਾਂ ਸੇਵਾ ਕੇਂਦਰਾਂ ਨੂੰ ਮੁੜ ਨਿੱਜੀ ਕੰਪਨੀ ਨੂੰ ਦੇ ਕੇ ਖਜ਼ਾਨੇ ਦੀ ਲੁੱਟ ਕਰਵਾਉਣ ਦੀ ਤਿਆਰੀ ਕਰ ਚੁੱਕੀ ਹੈ। ਕਾਂਗਰਸ ਸਰਕਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਤੋਂ ਹੀ ਭੱਜਣ ਲੱਗ ਗਈ ਹੈ ਅਤੇ ਨਾਲ ਹੀ ਆਉੂਟਸੋਰਸ ਰਾਹੀਂ ਵੱਡੇ ਪੱਧਰ 'ਤੇ ਮੁਲਾਜ਼ਮਾਂ ਦਾ ਸ਼ੋਸ਼ਣ ਜਾਰੀ ਹੈ। ਮੁਲਾਜ਼ਮਾਂ ਵਲੋਂ ਲੰਬੇ ਸੰਘਰਸ਼ ਦੌਰਾਨ ਵਿਧਾਨ ਸਭਾ ਤੋਂ ਦਸੰਬਰ 2016 ਦੌਰਾਨ ਐਕਟ ਪਾਸ ਕਰਵਾਇਆ ਗਿਆ ਸੀ, ਜਿਸ ਅਨੁਸਾਰ ਤਿੰਨ ਸਾਲ ਦੀ ਨੌਕਰੀ ਕਰਨ ਵਾਲੇ ਮੁਲਾਜ਼ਮ ਨੂੰ ਪੱਕਾ ਕੀਤਾ ਜਾਵੇਗਾ ਅਤੇ ਆਉੂਟਸੋਰਸ ਮੁਲਾਜ਼ਮਾਂ ਨੂੰ ਵਿਭਾਗ ਅਧੀਨ ਠੇਕੇ 'ਤੇ ਲਿਆ ਜਾਵੇਗਾ ਪਰ ਕਾਂਗਰਸ ਦੀ ਸਰਕਾਰ ਐਕਟ ਨੂੰ ਖਾਰਿਜ ਕਰਨ 'ਤੇ ਆ ਗਈ ਹੈ।
ਇਸ ਦੇ ਨਾਲ ਹੀ ਕੈਪਟਨ ਦੀ ਸਰਕਾਰ ਇਕ ਬਹੁਤ ਮਾੜੀ ਰੀਤ ਸ਼ੁਰੂ ਕਰਨ ਜਾ ਰਹੀ ਹੈ, ਜਿਸ ਅਨੁਸਾਰ 10-12 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਮੁਲਾਜ਼ਮਾਂ, ਜਿਨ੍ਹਾਂ ਵਲੋਂ ਲੰਬੇ ਸੰਘਰਸ਼ ਲੜ ਕੇ ਤਨਖਾਹਾਂ ਵਿਚ ਵਾਧਾ ਕਰਵਾਇਆ ਗਿਆ ਸੀ, ਨੂੰ ਅੱਜ ਕਾਂਗਰਸ ਸਰਕਾਰ ਰੈਗੂਲਰ ਕਰਨ ਦੇ ਨਾਂ 'ਤੇ ਖਤਮ ਕਰਦੇ ਹੋਏ ਤਨਖਾਹ ਵਿਚ 70-80 ਫੀਸਦੀ ਕਟੌਤੀ ਕਰਨ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਕਿਹਾ ਸੀ ਕਿ ਪੰਜਾਬ ਵਿਚ ਬੇਰੁਜ਼ਗਾਰੀ ਤਾਂ ਇਕ ਮੁੱਦਾ ਹੈ ਪਰ ਸਰਕਾਰ ਘੱਟ ਤਨਖਾਹਾਂ 'ਤੇ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੀ ਹੈ। ਕਾਂਗਰਸ ਸਰਕਾਰ ਆਉਣ 'ਤੇ ਇਸ ਮੁੱਦੇ ਨੂੰ ਹੱਲ ਕੀਤਾ ਜਾਵੇਗਾ ਕਿਉਂਕਿ ਸੂਬੇ ਦੇ ਕਈ ਵਿਭਾਗਾਂ ਵਿਚ ਪੜ੍ਹੇ-ਲਿਖੇ ਨੌਜਵਾਨ ਮੁਲਾਜ਼ਮ 3000-5000 ਤਨਖਾਹਾਂ ਲੈ ਰਹੇ ਸਨ, ਜੋ ਕਿ ਅੱਜ ਵੀ ਉਵੇਂ ਹੀ ਚੱਲ ਰਿਹਾ ਹੈ। ਉਲਟਾ ਅੱਜ ਕੈਪਟਨ ਦੀ ਸਰਕਾਰ ਘੱਟ ਤਨਖਾਹਾਂ ਵਾਲੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਉਣ ਦੀ ਬਜਾਏ ਮੁਲਾਜ਼ਮਾਂ ਦੀਆਂ ਮੌਜੂਦਾ ਤਨਖਾਹਾਂ ਵਿਚ 70-80 ਫੀਸਦੀ ਕਟੌਤੀ ਕਰਨ ਜਾ ਰਹੀ ਹੈ, ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਗਲਤ ਰਸਤੇ ਤੋਰਨ 'ਤੇ ਮਜਬੂਰ ਕਰੇਗੀ।
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂਆਂ ਪ੍ਰਵੀਨ ਸ਼ਰਮਾ, ਅਵਤਾਰ ਸਿੰਘ, ਰਜਿੰਦਰ ਸਿੰਘ, ਪ੍ਰੇਮ ਕੁਮਾਰ, ਕ੍ਰਿਸ਼ਨ ਪ੍ਰਸਾਦ, ਜਗਮੋਹਨ ਸਿੰਘ, ਰਾਜ ਕੁਮਾਰ, ਦਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦਾ ਕੋਈ ਵੀ ਨੁੰਮਾਇਦਾ ਮੁਲਾਜ਼ਮਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ ਤੇ ਨਾ ਹੀ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਜਿਸ ਦੇ ਰੋਸ ਵਜੋਂ ਅੱਜ ਮੁਲਾਜ਼ਮਾਂ ਨੇ ਵਿਧਾਇਕਾਂ ਤੇ ਮੰਤਰੀਆਂ ਨੂੰ 'ਧੱਕੇਸ਼ਾਹੀ ਐਵਾਰਡ' ਦੇਣ ਦਾ ਫੈਸਲਾ ਕੀਤਾ ਕਿਉਂਕਿ ਕਾਂਗਰਸ ਸਰਕਾਰ ਹਰ ਇਕ ਫੈਸਲਾ ਆਮ ਜਨਤਾ 'ਤੇ ਧੱਕੇ ਨਾਲ ਥੋਪ ਰਹੀ ਹੈ।
ਮੋਹਾਲੀ ਵਿਖੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ 'ਧੱਕੇਸ਼ਾਹੀ ਅਵਾਰਡ' ਦਿੰਦਿਆਂ ਆਗੂਆਂ ਕਿਹਾ ਕਿ ਅਵਾਰਡ ਦੇਣ ਤੋਂ ਬਾਅਦ ਮੁਲਾਜ਼ਮ ਕਾਂਗਰਸ ਵਿਧਾਇਕਾਂ, ਮੰਤਰੀਆਂ ਤੇ ਕਾਂਗਰਸ ਪ੍ਰਧਾਨਾਂ ਤੇ ਆਗੂਆਂ ਤੋਂ ਬਲਾਕ ਜ਼ਿਲਾ ਪੱਧਰ 'ਤੇ ਰੱਸਿਆਂ ਦੀ ਮੰਗ ਕਰਨਗੇ, ਤਾਂ ਜੋ ਫਾਹਾ ਲਿਆ ਜਾ ਸਕੇ ਕਿÀੁਂਕਿ ਹੁਣ ਕਾਂਗਰਸ ਸਰਕਾਰ ਜੋ ਹਾਲਾਤ ਬਣਾ ਰਹੀ ਹੈ, ਉਹ ਵੀ ਮੁਲਾਜ਼ਮਾਂ ਦਾ ਗਲਾ ਘੁੱਟਣ ਤੋਂ ਘੱਟ ਨਹੀਂ ਹਨ। ਇਸ ਲਈ ਮੁਲਾਜ਼ਮ ਕਾਂਗਰਸ ਦੇ ਰੱਸੇ ਨੂੰ ਗਲੇ ਵਿਚ ਪਾ ਕੇ ਫਾਹਾ ਲੈ ਲੈਣਗੇ।
ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਹੁਣ ਵੀ ਕਾਂਗਰਸ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਗੌਰ ਨਾ ਕੀਤਾ ਗਿਆ ਤੇ ਤੁਰੰਤ ਗੱਲਬਾਤ ਨਾ ਕੀਤੀ ਗਈ ਤਾਂ ਮੁਲਾਜ਼ਮ 15 ਮਾਰਚ ਤੋਂ ਸੈਕਟਰ-17 ਚੰਡੀਗੜ੍ਹ ਵਿਖੇ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ ਜੇਕਰ ਜ਼ਰੂਰਤ ਪਈ ਤਾਂ ਉਹ ਮਰਨ ਵਰਤ ਰੱਖਣ ਤੋਂ ਵੀ ਪਿੱਛੇ ਨਹੀਂ ਹਟਣਗੇ।
ਨਾਜਾਇਜ਼ ਸਬੰਧਾਂ ਕਾਰਨ ਪਤਨੀ ਦੀ ਕੁੱਟ-ਮਾਰ ਕਰਨ ਵਾਲੇ ਸਹਾਇਕ ਥਾਣੇਦਾਰ ਪਤੀ 'ਤੇ ਪਰਚਾ
NEXT STORY