ਲੁਧਿਆਣਾ/ਰਾਜਪੁਰਾ (ਗੌਤਮ,ਇਕਬਾਲ, ਹਰਵਿੰਦਰ, ਚਾਵਲਾ, ਹਰਵਿੰਦਰ)- ਪੰਜਾਬ ਦੇ ਰਾਜਪੁਰਾ ’ਚ ਸ਼ੁੱਕਰਵਾਰ ਦੁਪਹਿਰ ਯਾਤਰੀਆਂ ਨਾਲ ਭਰੀ ਚੱਲਦੀ ਟ੍ਰੇਨ ’ਚ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਜਾ ਰਹੀ ਕਰਮਭੂਮੀ ਐਕਸਪ੍ਰੈੱਸ ਦੇ 4 ਜਨਰਲ ਡੱਬੇ ਅੱਗ ਦੀ ਲਪੇਟ ’ਚ ਆ ਗਏ। ਅੱਗ ਦੀਆਂ ਲਪਟਾਂ ਅਤੇ ਧੂੰਏਂ ਦਾ ਸੰਘਣਾ ਗੁਬਾਰ ਉੱਠਦਾ ਵੇਖ ਯਾਤਰੀਆਂ ’ਚ ਦਹਿਸ਼ਤ ਫੈਲ ਗਈ। ਆਪਣੀ ਜਾਨ ਬਚਾਉਣ ਲਈ ਕਈ ਯਾਤਰੀਆਂ ਨੇ ਟ੍ਰੇਨ ’ਚੋਂ ਛਾਲ ਮਾਰ ਦਿੱਤੀ। ਖੁਸ਼ਕਿਸਮਤੀ ਨਾਲ, ਸ਼ੁਰੂਆਤੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਕਿਸੇ ਦੀ ਮੌਤ ਜਾਂ ਸੱਟ ਦੀ ਪੁਸ਼ਟੀ ਨਹੀਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਟ੍ਰੇਨ ਨੰਬਰ 12508 ਕਰਮਭੂਮੀ ਐਕਸਪ੍ਰੈੱਸ ਸ਼ੁੱਕਰਵਾਰ ਦੁਪਹਿਰ ਲੱਗਭਗ 1 ਵਜੇ ਰਾਜਪੁਰਾ ਦੇ ਨੇੜੇ ਸਰਾਈ ਬੰਜਾਰਾ ਖੇਤਰ ’ਚ ਪਹੁੰਚੀ ਸੀ। ਟ੍ਰੇਨ ਸਾਧੂਗੜ੍ਹ ਰੇਲਵੇ ਸਟੇਸ਼ਨ ਤੋਂ ਦੁਪਹਿਰ 12.58 ਵਜੇ ਰਵਾਨਾ ਹੋਈ ਸੀ। ਇਸ ਦੇ ਕੁਝ ਹੀ ਸਮੇਂ ਬਾਅਦ ਇੰਜਣ ਵਾਲੇ ਪਾਸਿਓਂ 5ਵੇਂ ਡੱਬਿਅਾਂ ’ਚ ਅੱਗ ਅਤੇ ਧੂੰਆਂ ਦਿਖਾਈ ਦੇਣ ਲੱਗਾ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਨੇੜਲੇ 3 ਹੋਰ ਡੱਬਿਆਂ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ।
ਡੱਬਿਆਂ ’ਚ ਅੱਗ ਫੈਲਦਿਆਂ ਹੀ ਯਾਤਰੀਆਂ ਨੇ ਚੀਖ-ਚਿਹਾੜਾ ਪਾ ਦਿੱਤਾ। ਧੂੰਏਂ ਤੋਂ ਬਚਣ ਅਤੇ ਜਾਨ ਬਚਾਉਣ ਲਈ ਯਾਤਰੀ ਆਪਣਾ ਸਾਮਾਨ ਛੱਡ ਕੇ ਬਾਹਰ ਨਿਕਲਣ ਲੱਗੇ। ਕਈ ਯਾਤਰੀਆਂ ਨੇ ਚੱਲਦੀ ਟ੍ਰੇਨ ’ਚੋਂ ਛਾਲ ਮਾਰ ਦਿੱਤੀ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਟ੍ਰੇਨ ਨੂੰ ਰੋਕ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਰੇਲਵੇ ਕਰਮਚਾਰੀਆਂ, ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਪ੍ਰਭਾਵਿਤ ਡੱਬਿਆਂ ਤੋਂ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਅੰਬਾਲਾ ਰੇਲਵੇ ਮੰਡਲ ਨੇ ਮੈਡੀਕਲ ਰਾਹਤ ਟ੍ਰੇਨ ਘਟਨਾ ਸਥਾਨ ਲਈ ਰਵਾਨਾ ਕੀਤੀ। ਇਸ ’ਚ ਦੁਰਘਟਨਾ ਰਾਹਤ ਨਾਲ ਜੁੜੇ ਮੈਡੀਕਲ ਉਪਕਰਣ ਮੁਹੱਈਅਾ ਸਨ। ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਵਿਨੋਦ ਕੁਮਾਰ ਭਾਟੀਆ ਸਮੇਤ ਸੀਨੀਅਰ ਰੇਲਵੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ।
ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸ਼ੁਰੂਆਤੀ ਤੌਰ ’ਤੇ ਸ਼ਾਰਟ-ਸਰਕਟ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ, ਜਦਕਿ ਕੁਝ ਰਿਪੋਰਟਾਂ ’ਚ ਪੈਂਟਰੀ ਤੋਂ ਅੱਗ ਸ਼ੁਰੂ ਹੋਣ ਦੀ ਗੱਲ ਕਹੀ ਗਈ ਹੈ।
ਰੇਲਵੇ ਨੇ 8 ਟ੍ਰੇਨਾਂ ਦੇ ਰੂਟ ਬਦਲੇ
ਕਰਮਭੂਮੀ ਐਕਸਪ੍ਰੈੱਸ ’ਚ ਅੱਗ ਲੱਗਣ ਤੋਂ ਬਾਅਦ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ। ਅੰਬਾਲਾ ਰੇਲਵੇ ਮੰਡਲ ਨੇ ਅਹਿਤਿਆਤ ਵਜੋਂ 8 ਟ੍ਰੇਨਾਂ ਦੇ ਮਾਰਗ ਬਦਲ ਦਿੱਤੇ। ਜਾਰੀ ਡਾਇਵਰਜ਼ਨ ਯੋਜਨਾ ਅਨੁਸਾਰ, ਡਾਊਨ ਦਿਸ਼ਾ ਦੀਆਂ 5 ਅਤੇ ਅੱਪ ਦਿਸ਼ਾ ਦੀਆਂ 3 ਟ੍ਰੇਨਾਂ ਨੂੰ ਬਦਲਵੇਂ ਰਸਤਿਆਂ ਤੋਂ ਰਵਾਨਾ ਕੀਤਾ ਗਿਆ। ਇਸ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪੰਜਾਬ 'ਚ ਵੱਡੀ ਵਾਰਦਾਤ! ਵਾਲੀਬਾਲ ਖੇਡ ਕੇ ਪਰਤ ਰਹੇ ਨੌਜਵਾਨਾਂ 'ਤੇ ਸਰਪੰਚ ਦੇ ਪੁੱਤ ਨੇ ਚਲਾਈਆਂ ਗੋਲ਼ੀਆਂ
NEXT STORY