ਸਪੋਰਟਸ ਡੈਸਕ: ਨਿਊਜ਼ੀਲੈਂਡ ਖ਼ਿਲਾਫ਼ ਆਕਲੈਂਡ ਦੇ ਈਡਨ ਪਾਰਕ ਵਿਚ ਖੇਡੇ ਗਏ ਪਹਿਲੇ ਵਨਡੇ ਮੈਚ ਵਿਚ ਭਾਰਤੀ ਟੀਮ ਨੇ 5 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਮੈਚ ਵਿਚ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ 4 ਵਿਕਟਾਂ ਹਾਸਲ ਕੀਤੀਆਂ, ਪਰ ਆਪਣੇ ਆਖਰੀ ਓਵਰ ਵਿਚ ਉਹ ਕਾਫ਼ੀ ਮਹਿੰਗਾ ਸਾਬਤ ਹੋਇਆ। ਅਰਸ਼ਦੀਪ ਦੇ ਇਸ ਗੇਂਦਬਾਜ਼ੀ ਸਪੈੱਲ 'ਤੇ ਭਾਰਤ ਦੇ ਸਾਬਕਾ ਕਪਤਾਨ ਅਜੇ ਜਡੇਜਾ ਨੇ ਆਪਣੀ ਬੇਬਾਕ ਰਾਏ ਦਿੰਦਿਆਂ ਕਿਹਾ ਕਿ 5ਵੀਂ ਵਿਕਟ ਹਾਸਲ ਕਰਨ ਦੇ ਚੱਕਰ ਵਿਚ ਅਰਸ਼ਦੀਪ "ਥੋੜ੍ਹਾ ਲਾਲਚੀ" ਹੋ ਗਿਆ ਸੀ।
ਅਜੇ ਜਡੇਜਾ ਨੇ ਕਿਹਾ, "ਮੈਂ ਉਸ ਨੂੰ ਥੋੜ੍ਹਾ ਲਾਲਚੀ ਕਹਾਂਗਾ ਅਤੇ ਉਸ ਨੇ ਖੁਦ ਵੀ ਇਹ ਗੱਲ ਮੰਨੀ ਹੈ। ਜੇਕਰ ਉਸ ਦੇ ਆਖਰੀ ਓਵਰ ਨੂੰ ਛੱਡ ਦਿੱਤਾ ਜਾਵੇ ਤਾਂ ਉਸ ਨੇ ਇਸ ਤੋਂ ਪਹਿਲਾਂ 4 ਵਿਕਟਾਂ ਲੈ ਕੇ ਸਿਰਫ਼ 40 ਦੇ ਕਰੀਬ ਦੌੜਾਂ ਦਿੱਤੀਆਂ ਸਨ। ਪਰ ਆਖਰੀ ਓਵਰ ਵਿਚ 5ਵੀਂ ਵਿਕਟ ਲੈਣ ਦੇ ਚੱਕਰ ਵਿਚ ਉਹ ਥੋੜ੍ਹਾ ਲਾਲਚੀ ਹੋ ਗਿਆ"।
ਮੈਚ ਤੋਂ ਬਾਅਦ ਅਰਸ਼ਦੀਪ ਸਿੰਘ ਨੇ ਵੀ ਖ਼ੁਦ ਕਬੂਲਿਆ ਸੀ ਕਿ 5ਵੀਂ ਵਿਕਟ ਉਸ ਦੀ ਸਭ ਤੋਂ ਪਸੰਦੀਦਾ ਵਿਕਟ ਹੁੰਦੀ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ 5 ਵਿਕਟਾਂ ਦਾ ਅੰਕੜਾ ਛੂਹਣ ਲਈ ਕਾਫ਼ੀ ਉਤਸ਼ਾਹਿਤ ਸੀ। ਦਰਅਸਲ, ਅਰਸ਼ਦੀਪ ਸਿੰਘ ਨੇ ਆਪਣੇ 10 ਓਵਰਾਂ ਦੇ ਸਪੈੱਲ ਵਿਚ 70 ਦੌੜਾਂ ਦੇ ਕੇ 4 ਵਿਕਟਾਂ (4/70) ਝਟਕਾਈਆਂ। ਹਾਲਾਂਕਿ, ਉਸ ਦਾ ਆਖਰੀ ਓਵਰ ਬਹੁਤ ਮਹਿੰਗਾ ਰਿਹਾ, ਜਿੱਥੇ ਨਿਊਜ਼ੀਲੈਂਡ ਦੇ ਆਖਰੀ ਬੱਲੇਬਾਜ਼ ਬਲੇਅਰ ਟਿਕਨਰ ਨੇ ਉਸ ਨੂੰ ਤਿੰਨ ਛੱਕੇ ਜੜਦਿਆਂ ਕੁੱਲ 6 ਗੇਂਦਾਂ ਵਿਚ 23 ਦੌੜਾਂ ਬਣਾ ਲਈਆਂ।
ਮਹਿੰਗੇ ਆਖਰੀ ਓਵਰ ਦੇ ਬਾਵਜੂਦ ਅਜੇ ਜਡੇਜਾ ਨੇ ਅਰਸ਼ਦੀਪ ਸਿੰਘ ਦੀ ਸ਼ਲਾਘਾ ਕੀਤੀ। ਨਿਊਜ਼ੀਲੈਂਡ ਵਿਚ ਵਨਡੇ ਮੈਚ ਦੌਰਾਨ 4 ਵਿਕਟਾਂ ਲੈਣ ਵਾਲੇ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਵਿਸ਼ੇਸ਼ ਸੂਚੀ ਵਿਚ ਅਰਸ਼ਦੀਪ ਦਾ ਨਾਂ ਹੁਣ ਜਵਾਗਲ ਸ਼੍ਰੀਨਾਥ ਅਤੇ ਮੁਹੰਮਦ ਸ਼ਮੀ ਵਰਗੇ ਦਿੱਗਜਾਂ ਨਾਲ ਦਰਜ ਹੋ ਗਿਆ ਹੈ। ਜਡੇਜਾ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ ਦੇ ਨਾਲ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਵਜੋਂ ਅਰਸ਼ਦੀਪ ਦਾ ਟੀਮ ਵਿਚ ਸ਼ਾਮਲ ਹੋਣਾ ਭਾਰਤੀ ਗੇਂਦਬਾਜ਼ੀ ਲਈ ਬਹੁਤ ਵਧੀਆ ਸੰਕੇਤ ਹੈ।
IND vs NZ ਸੀਰੀਜ਼ ਵਿਚਾਲੇ ਪੂਰੀ ਸੀਰੀਜ਼ 'ਚੋਂ ਬਾਹਰ ਹੋ ਧਾਕੜ ਖਿਡਾਰੀ ! ਪ੍ਰੈਕਟਿਸ ਦੌਰਾਨ ਹੋਇਆ ਜ਼ਖ਼ਮੀ
NEXT STORY