ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਸੁਲਤਾਨਪੁਰ ਜ਼ਿਲ੍ਹੇ ਵਿੱਚ ਪੂਰਵਾਂਚਲ ਐਕਸਪ੍ਰੈੱਸ-ਵੇਅ 'ਤੇ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਲੁਧਿਆਣਾ ਤੋਂ ਆਜ਼ਮਗੜ੍ਹ ਜਾ ਰਹੀ ਇੱਕ ਲਗਜ਼ਰੀ ਡਬਲ ਡੈਕਰ ਬੱਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ 47 ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਮੰਗਲਵਾਰ ਸਵੇਰੇ ਲਗਭਗ 6 ਵਜੇ ਬਲਦੀਰਾਏ ਤਹਿਸੀਲ ਖੇਤਰ ਵਿੱਚ ਪੂਰਵਾਂਚਲ ਐਕਸਪ੍ਰੈਸ-ਵੇਅ ਦੇ ਮਾਈਲਸਟੋਨ 108 ਕੋਲ ਵਾਪਰਿਆ।
ਜਾਣਕਾਰੀ ਅਨੁਸਾਰ ਹਾਦਸੇ ਸਮੇਂ ਬੱਸ ਵਿੱਚ ਸਮਰੱਥਾ ਤੋਂ ਵੱਧ ਯਾਨੀ ਲਗਭਗ 100 ਯਾਤਰੀ ਸਵਾਰ ਸਨ। ਬੱਸ ਤੇਜ਼ ਰਫ਼ਤਾਰ ਕਾਰਨ ਅਚਾਨਕ ਬੇਕਾਬੂ ਹੋ ਗਈ ਅਤੇ ਸੜਕ ਦੇ ਵਿਚਕਾਰ ਪਲਟ ਗਈ, ਜਿਸ ਕਾਰਨ 47 ਲੋਕ ਜ਼ਖ਼ਮੀ ਹੋ ਗਏ ਹਨ। ਇੱਕ ਛੋਟੀ ਬੱਚੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜ਼ਿਲ੍ਹਾ ਮੈਡੀਕਲ ਕਾਲਜ ਰੈਫ਼ਰ ਕੀਤਾ ਗਿਆ ਹੈ, ਜਦਕਿ ਬਾਕੀ ਜ਼ਖ਼ਮੀਆਂ ਦਾ ਨੇੜਲੇ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।
ਹਾਦਸੇ ਦੀ ਜਾਣਕਾਰੀ ਮਿਲਣ ਮਗਰੋਂ ਸੁਲਤਾਨਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਇੰਦਰਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਬੱਸ 'ਚੋਂ ਸੁਰੱਖਿਅਤ ਕੱਢੇ ਗਏ ਯਾਤਰੀਆਂ ਨੂੰ ਆਜ਼ਮਗੜ੍ਹ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਨੇ ਦੂਜੀ ਬੱਸ ਦਾ ਪ੍ਰਬੰਧ ਕੀਤਾ ਹੈ ਤੇ ਉਨ੍ਹਾਂ ਦਾ ਸਾਮਾਨ ਸੁਰੱਖਿਅਤ ਕਬਜ਼ੇ ਵਿੱਚ ਲੈ ਕੇ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ ਹੈ। ਹਾਦਸੇ ਤੋਂ ਤੁਰੰਤ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਭਾਲ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
ਪੰਜਾਬ: ਛੁੱਟੀ ਮਗਰੋਂ ਚੱਲਦੀ ਸਕੂਲ ਬੱਸ ਨੂੰ ਲੱਗ ਗਈ ਅੱਗ, ਪਈਆਂ ਭਾਜੜਾਂ
NEXT STORY