ਬਠਿੰਡਾ (ਮਨਜੀਤ) : ਬਠਿੰਡਾ ਜ਼ਿਲ੍ਹੇ ਦੇ ਪਿੰਡ ਸੰਗਤ ਕਲਾਂ ਨੇੜੇ ਸ਼ਾਮ ਸਮੇਂ ਲੁੱਟ ਦੀ ਇਕ ਸਨਸਨੀਖੇਜ਼ ਘਟਨਾ ਨੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਨੌਜਵਾਨ ਨੂੰ ਰਾਹ ਵਿਚ ਘੇਰ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਉਸ ਕੋਲੋਂ ਮੋਟਰਸਾਈਕਲ ਦੀ ਕਿਸ਼ਤ ਭਰਨ ਲਈ ਰੱਖੇ 10 ਹਜ਼ਾਰ ਰੁਪਏ ਖੋਹ ਲਏ ਅਤੇ ਜਾਂਦੇ ਸਮੇਂ ਉਸ ਦਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਭੰਨ ਕੇ ਫਰਾਰ ਹੋ ਗਏ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਇਹ ਵਾਰਦਾਤ ਥਾਣਾ ਸੰਗਤ ਤੋਂ ਮਹਿਜ਼ ਦੋ ਕਿਲੋਮੀਟਰ ਦੀ ਦੂਰੀ 'ਤੇ ਵਾਪਰੀ ਪਰ ਤਿੰਨ ਦਿਨ ਲੰਘ ਜਾਣ ਦੇ ਬਾਵਜੂਦ ਨਾ ਤਾਂ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਹੋ ਸਕੀ ਅਤੇ ਨਾ ਹੀ ਪੁਲਸ ਕੋਈ ਵੱਡੀ ਸਫ਼ਲਤਾ ਹਾਸਲ ਕਰ ਸਕੀ। ਇੰਨਾ ਹੀ ਨਹੀਂ ਪੁਲਸ ਵੱਲੋਂ ਲੁੱਟ ਵਰਗੀ ਗੰਭੀਰ ਵਾਰਦਾਤ ਦਾ ਕੇਸ ਵੀ ਤਿੰਨ ਦਿਨ ਬਾਅਦ ਦਰਜ ਕੀਤਾ ਗਿਆ, ਜਿਸ ਕਾਰਨ ਪੁਲਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਵਿਚ ਰੋਸ਼ ਅਤੇ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਦਰਬਾਰਾ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪੱਕਾ ਕਲਾਂ ਦੀ ਸ਼ਕਾਇਤ 'ਤੇ ਪਿੰਡ ਦੇ ਹੀ ਨੰਨੂ ਡਕੋਦਾ ਦੇ ਪੁੱਤਰ ਸੋਨੀ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ 20 ਜੁਲਾਈ ਨੂੰ ਆਪਣੇ ਮੋਟਰਸਾਈਕਲ 'ਤੇ ਸੰਗਤ ਮੰਡੀ ਵਿਖੇ ਮੋਟਰਸਾਈਕਲ ਦੀ ਕਿਸ਼ਤ ਭਰਨ ਲਈ 10 ਹਜ਼ਾਰ ਰੁਪਏ ਲੈ ਕੇ ਜਾ ਰਿਹਾ ਸੀ। ਜਿਵੇਂ ਹੀ ਉਹ ਪਿੰਡ ਸੰਗਤ ਕਲਾਂ ਨੇੜੇ ਪਹੁੰਚਿਆ ਤਾਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਸ ਦਾ ਰਾਹ ਰੋਕ ਲਿਆ। ਇਸ ਤੋਂ ਬਾਅਦ ਲੁਟੇਰਿਆਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਜੇਬ ਵਿਚ ਪਏ 10 ਹਜ਼ਾਰ ਰੁਪਏ ਖੋਹ ਲਏ। ਉਹ ਇੱਥੇ ਹੀ ਨਹੀਂ ਰੁਕੇ, ਸਗੋਂ ਜਾਂਦੇ ਸਮੇਂ ਪੀੜਤ ਦਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਭੰਨ ਕੇ ਫਰਾਰ ਹੋ ਗਏ।
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਥਾਣੇ ਦੇ ਇੰਨੇ ਨੇੜੇ ਦਿਨ-ਦਿਹਾੜੇ ਲੁੱਟ ਅਤੇ ਹਮਲੇ ਵਰਗੀਆਂ ਘਟਨਾਵਾਂ ਹੋਣ ਲੱਗ ਪੈਣ ਤਾਂ ਆਮ ਲੋਕ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰਨਗੇ। ਉੱਧਰ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਪਿੰਡ ਪੱਕਾ ਕਲਾਂ ਦੇ ਨੰਨੂ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਫਿਲਹਾਲ ਇਸ ਸਨਸਨੀਖੇਜ਼ ਵਾਰਦਾਤ ਨੇ ਥਾਣਾ ਸੰਗਤ ਪੁਲਸ ਦੀ ਕਾਰਗੁਜ਼ਾਰੀ ਅਤੇ ਇਲਾਕੇ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਲੁਧਿਆਣਾ ASI ਕਤਲਕਾਂਡ 'ਚ ਅਦਾਲਤ ਦਾ ਵੱਡਾ ਫ਼ੈਸਲਾ, ਮੁੱਖ ਮੁਲਜ਼ਮ ਜੈਪਾਲ ਭੁੱਲਰ...
NEXT STORY