ਚੰਡੀਗੜ੍ਹ : ਪੰਜਾਬ ਦੇ ਬੱਸ ਅੱਡਿਆਂ 'ਤੇ ਪ੍ਰਾਈਵੇਟ ਬੱਸ ਚਲਾਉਣ ਵਾਲੇ ਲੁੱਡੀਆਂ ਪਾ ਰਹੇ ਹਨ ਅਤੇ ਉਨ੍ਹਾਂ ਨੂੰ ਸਵਾਰੀਆਂ ਬਿਠਾਉਣ ਲਈ 10 ਤੋਂ 15 ਮਿੰਟਾਂ ਦਾ ਸਮਾਂ ਮਿਲ ਰਿਹਾ ਹੈ, ਜਦੋਂ ਕਿ ਇਸ ਦੇ ਉਲਟ ਸਰਕਾਰੀ ਬੱਸਾਂ ਵਾਲੇ ਕਾਫੀ ਪਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਬੱਸ ਅੱਡੇ 'ਤੇ ਸਵਾਰੀਆਂ ਚੜ੍ਹਾਉਣ ਲਈ ਸਿਰਫ 3 ਤੋਂ 4 ਮਿੰਟ ਹੀ ਮਿਲਦੇ ਹਨ। ਇਸ ਦੇ ਚੱਲਦਿਆਂ ਹੀ ਪੰਜਾਬ ਰੋਡਵੇਜ਼ ਲਗਾਤਾਰ ਘਾਟੇ 'ਚ ਜਾ ਰਹੀ ਹੈ ਅਤੇ ਰੋਡਵੇਜ਼ ਮੁਲਾਜ਼ਮਾਂ ਨੂੰ ਆਪਣੀ ਨੌਕਰੀ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਲਈ ਰੋਡਵੇਜ਼ ਅਤੇ ਪ੍ਰਾਈਵੇਟ ਬੱਸ ਕੰਡਕਟਰਾਂ ਅਤੇ ਡਰਾਈਵਰਾਂ ਦੀ ਆਪਸ 'ਚ ਬਹੁਤੀ ਵਾਰ ਖੜਕ ਚੁੱਕੀ ਹੈ।
ਸਰਕਾਰੀ ਡਰਾਈਵਰਾਂ ਦਾ ਦੋਸ਼ ਹੈ ਕਿ ਅਫਸਰਾਂ ਦੀ ਮਿਲੀ-ਭੁਗਤ ਨਾਲ ਸਰਕਾਰੀ ਬੱਸਾਂ ਨੂੰ ਬੱਸ ਅੱਡਿਆਂ 'ਤੇ ਉਨ੍ਹਾਂ ਸਮਾਂ ਨਹੀਂ ਮਿਲਦਾ, ਜਿੰਨਾ ਉੱਥੋਂ ਸਵਾਰੀਆਂ ਨੂੰ ਚੜ੍ਹਾਉਣ ਲਈ ਲੱਗਦਾ ਹੈ, ਜਦੋਂ ਕਿ ਪ੍ਰਾਈਵੇਟ ਬੱਸਾਂ ਨੂੰ ਜ਼ਿਆਦਾ ਸਮਾਂ ਮਿਲ ਜਾਂਦਾ ਹੈ ਅਤੇ ਉਹ ਪੂਰੀਆਂ ਸਵਾਰੀਆਂ ਲੈ ਕੇ ਚੱਲਦੀਆਂ ਹਨ, ਜਿਸ ਕਾਰਨ ਸਰਕਾਰੀ ਬੱਸਾਂ ਮੁਨਾਫਾ ਨਹੀਂ ਕਮਾ ਰਹੀਆਂ ਹਨ ਅਤੇ ਦੂਜੇ ਪਾਸੇ ਪ੍ਰਾਈਵੇਟ ਟਰਾਂਸਪੋਰਟ ਦੀਆਂ ਬੱਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਮੰਗ ਹੈ ਕਿ ਸਰਕਾਰ ਇਸ ਸਬੰਧੀ ਨੀਤੀ ਬਣਾ ਕੇ ਉਨ੍ਹਾਂ ਨੂੰ ਵੀ ਬਰਾਬਰ ਦਾ ਸਮਾਂ ਦੇਵੇ।
ਦੱਸ ਦੇਈਏ ਕਿ ਇਹ ਮੁੱਦਾ ਵਿਧਾਨ ਸਭਾ 'ਚ ਵੀ ਉੱਠ ਚੁੱਕਾ ਹੈ। ਪਿਛਲੇ ਦਿਨੀਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਇਸ ਮੁੱਦੇ ਨੂੰ ਸਰਕਾਰ ਅੱਗੇ ਰੱਖ ਕੇ ਨੀਤੀ ਬਣਾਉਣ ਦੀ ਮੰਗ ਕੀਤੀ ਸੀ ਪਰ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਵਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ।
ਸਰਕਾਰੀ ਅਧਿਆਪਕ ਦਾ ਕਾਰਾ, ਕੁੱਟ-ਕੁੱਟ ਬੱਚਿਆਂ ਦੇ ਪਾਏ ਨੀਲ
NEXT STORY