ਜਲੰਧਰ (ਜ.ਬ.) - ਜਲੰਧਰ ਪੁਲਸ ਨੇ ਪਿਮਸ ਹਸਪਤਾਲ ਦੇ ਸਾਹਮਣੇ ਕੀਤੀ ਜਾ ਰਹੀ ਚੈਕਿੰਗ 'ਚ ਬਿਜ਼ਨੈੱਸਮੈਨ ਦੀ ਗੱਡੀ 'ਚੋਂ 7 ਲੱਖ ਰੁਪਏ ਬਰਾਮਦ ਕੀਤੇ ਹਨ। ਦੇਰ ਰਾਤ ਡੇਢ ਵਜੇ ਥਾਣਾ 7 ਦੀ ਪੁਲਸ ਨੇ ਕੈਸ਼ ਫੜਿਆ ਤਾਂ ਪੁਲਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਬਿਜ਼ਨੈੱਸਮੈਨ ਵਲੋਂ ਕੋਈ ਵੀ ਦਸਤਾਵੇਜ਼ ਨਾ ਦਿਖਾ ਸਕਣ ਕਾਰਨ ਪੁਲਸ ਨੇ ਕੈਸ਼ ਅਤੇ ਬਿਜ਼ਨੈੱਸਮੈਨ ਨੂੰ ਇਲੈਕਸ਼ਨ ਕਮਿਸ਼ਨ ਵਲੋਂ ਬਣਾਈ ਕਮੇਟੀ ਨੂੰ ਸੌਂਪ ਦਿੱਤਾ। ਇਸ ਦੌਰਾਨ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਤੇ ਏ. ਡੀ. ਸੀ. ਪੀ.-2 ਪੀ. ਐੱਸ. ਭੰਡਾਲ ਨੇ ਦੱਸਿਆ ਕਿ ਥਾਣਾ-7 ਦੀ ਪੁਲਸ ਵਲੋਂ ਸ਼ੁੱਕਰਵਾਰ ਦੇਰ ਰਾਤ ਪਿਮਸ ਹਸਪਤਾਲ ਦੇ ਸਾਹਮਣੇ ਨਾਕਾ ਲਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਗੱਡੀ ਨੰ. ਪੀ. ਬੀ. 08 ਸੀ. ਜੇ 2020 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ 'ਚੋਂ 7 ਲੱਖ ਰੁਪਏ ਬਰਾਮਦ ਹੋਏ।
ਕਾਰ ਚਾਲਕ ਕੁਲਵੰਤ ਸਿੰਘ ਪੁੱਤਰ ਚਰਨਜੀਤ ਨੇ ਪੁਛਗਿੱਛ ਦੌਰਾਨ ਦੱਸਿਆ ਕਿ ਉਕਤ ਕੈਸ਼ ਉਸ ਦੇ ਬਿਜ਼ਨੈੱਸ ਨਾਲ ਜੁੜੇ ਕੁਲੈਕਸ਼ਨ ਦਾ ਹੈ ਪਰ ਉਹ ਇਸ ਨਾਲ ਸਬੰਧਿਤ ਕੋਈ ਦਸਤਾਵੇਜ਼ ਨਹੀਂ ਦਿਖਾ ਸਕਿਆ। ਪੁਖਤਾ ਸਬੂਤ ਨਾ ਹੋਣ 'ਤੇ ਪੁਲਸ ਨੇ ਪੈਸੇ ਕਬਜ਼ੇ 'ਚ ਲੈ ਕੇ ਉੱਚ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ, ਜਿਸ ਤੋਂ ਬਾਅਦ ਉਕਤ ਮਾਮਲਾ ਸਪੈਸ਼ਲ ਕਮੇਟੀ ਨੂੰ ਸੌਂਪ ਦਿੱਤਾ ਗਿਆ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਰੈਸਟੋਰੈਂਟ ਚਲਾਉਂਦਾ ਹੈ। ਉਕਤ ਕੈਸ਼ ਸੇਲ ਸੀ ਜਾਂ ਫਿਰ ਕੁਝ ਹੋਰ ਇਸ ਬਾਰੇ ਤਾਂ ਜਾਂਚ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ। ਦੱਸ ਦੇਈਏ ਕਿ ਹਾਲ 'ਚ ਹੀ ਲੱਗੇ ਕੋਡ ਆਫ ਕੰਡੈਕਟ 'ਚ 50 ਹਜ਼ਾਰ ਤੋਂ ਜ਼ਿਆਦਾ ਦੀ ਰਕਮ ਆਪਣੇ ਕੋਲ ਰੱਖਣ ਨਾਲ ਹੀ ਕੈਸ਼ ਸਬੰਧੀ ਦਸਤਾਵੇਜ਼ ਰੱਖਣੇ ਜ਼ਰੂਰੀ ਹਨ। ਜੇ ਦਸਤਾਵੇਜ਼ ਨਾ ਹੋਏ ਤਾਂ ਕੈਸ਼ ਜ਼ਬਤ ਕਰ ਲਿਆ ਜਾਵੇਗਾ।
ਪਤੀ ਦੇ ਤਸ਼ੱਦਦ ਤੋਂ ਦੁਖੀ ਪਤਨੀ ਨੇ ਇਨਸਾਫ ਦੀ ਕੀਤੀ ਮੰਗ (ਵੀਡੀਓ)
NEXT STORY