ਮਲੋਟ,(ਕਾਠਪਾਲ)- ਪੰਜਾਬ ਭਰ 'ਚ ਪੁਲਸ ਮੁਲਾਜ਼ਮਾਂ ਵੱਲੋਂ ਕੀਤੀਆਂ ਜਾਂਦੀਆਂ ਕਥਿਤ ਤੌਰ 'ਤੇ ਅਣਗਹਿਲੀਆਂ ਦੀਆਂ ਖਬਰਾਂ ਆਮ ਹੀ ਅਖਬਾਰਾਂ 'ਚ ਪੜ੍ਹਨ ਅਤੇ ਦੇਖਣ ਨੂੰ ਮਿਲਦੀਆਂ ਹਨ, ਠੀਕ ਇਸੇ ਤਰ੍ਹਾਂ ਦੀ ਇਕ ਤਾਜ਼ਾ ਉਦਾਹਰਣ ਦੇਖਣ ਨੂੰ ਮਿਲ ਰਹੀ ਹੈ, ਜਿਸ 'ਚ ਮੋਟਰਸਾਈਕਲ ਸਵਾਰ ਚੋਰਾਂ ਵੱਲੋਂ ਕੀਤੀ ਗਈ ਮੋਟਰਸਾਈਕਲ ਦੀ ਚੋਰੀ ਦਾ ਸਾਰਾ ਮਾਮਲਾ ਕੈਮਰੇ 'ਚ ਕੈਦ ਹੋ ਗਿਆ ਹੈ ਪਰ 3 ਮਹੀਨੇ ਬੀਤਣ ਉਪਰੰਤ ਪੁਲਸ ਚੋਰਾਂ ਨੂੰ ਫੜ ਨਾ ਸਕੀ।
ਜਾਣਕਾਰੀ ਦਿੰਦੇ ਹੋਏ ਮਲੋਟ ਦੇ ਜੱਜਜੀਤ ਸਿੰਘ ਨੇ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਸਥਾਨਕ ਸ਼ਹਿਰ ਦੇ ਬੱਸ ਸਟੈਂਡ ਤੋਂ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਮੋਟਰਸਾਈਕਲ ਚੋਰਾਂ ਦੀਆਂ ਤਸਵੀਰਾਂ ਨਜ਼ਦੀਕੀ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਚੁੱਕੀਆਂ ਹਨ, ਜੋ ਕਿ ਉਹ ਪੁਲਸ ਦੇ ਹਵਾਲੇ ਕਰ ਚੁੱਕੇ ਹਨ। ਤਸਵੀਰਾਂ 'ਚ ਚੋਰਾਂ ਦੇ ਚਿਹਰੇ ਬਿਲਕੁਲ ਸਾਫ ਨਜ਼ਰ ਆ ਰਹੇ ਹਨ ਪਰ ਪੁਲਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਕਈ ਵਾਰ ਪੁਲਸ ਥਾਣੇ ਜਾ ਕੇ ਤਫਤੀਸ਼ੀ ਅਫਸਰ ਜਰਨੈਲ ਸਿੰਘ ਨੂੰ ਮਿਲ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਹਰ ਵਾਰ ਬਸ ਇਹੀ ਕਿਹਾ ਜਾਂਦਾ ਹੈ ਕਿ ਪੁਲਸ ਮੁਲਾਜ਼ਮ ਉਨ੍ਹਾਂ ਦੇ ਕੰਮ ਲਈ ਲੱਗੇ ਹੋਏ ਹਨ, ਜਲਦ ਹੀ ਦੋਸ਼ੀਆਂ ਦੀ ਭਾਲ ਕਰ ਲਈ ਜਾਵੇਗੀ।
ਉਨ੍ਹਾਂ ਪੁਲਸ ਵਿਭਾਗ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਦੋਸ਼ੀਆਂ ਦੀ ਭਾਲ ਕੀਤੀ ਜਾਵੇ ਅਤੇ ਉਨ੍ਹਾਂ ਦਾ ਮੋਟਰਸਾਈਕਲ ਵਾਪਸ ਦਿਵਾਇਆ ਜਾਵੇ।
3 ਘੰਟੇ ਲਗਾਤਾਰ ਫੋਨ ਕਰਨ 'ਤੇ ਪੁਲਸ ਨਹੀਂ ਪਹੁੰਚੀ ਚੋਰ ਨੂੰ ਫੜਨ
ਸ੍ਰੀ ਮੁਕਤਸਰ ਸਾਹਿਬ, (ਦਰਦੀ)-ਚੋਰ ਨੂੰ ਫੜ ਕੇ ਲਗਾਤਾਰ 3 ਘੰਟੇ ਮੰਡੀ ਬਰੀਵਾਲਾ ਦੀ ਨਹਿਰੂ ਬਸਤੀ ਦੇ ਲੋਕ ਪੁਲਸ ਨੂੰ ਫੋਨ ਕਰਦੇ ਰਹੇ ਪਰ ਪੁਲਸ ਨਾ ਪਹੁੰਚੀ। ਨਹਿਰੂ ਬਸਤੀ ਦੇ ਵਾਸੀ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਸਵੇਰੇ ਕਰੀਬ 3 ਵਜੇ ਇਕ ਚੋਰ ਵੜ ਗਿਆ। ਅਚਾਨਕ ਖੜਕਾ ਹੋਣ ਨਾਲ ਉਸ ਦੀ ਜਾਗ ਖੁੱਲ੍ਹ ਗਈ ਤਾਂ ਉਸ ਨੇ ਚੋਰ ਨੂੰ ਦੇਖ ਕੇ ਕਾਬੂ ਕਰ ਲਿਆ। ਉਸ ਨੇ ਦੱਸਿਆ ਕਿ ਚੋਰ ਨੇ ਉਸ 'ਤੇ ਆਪਣੇ ਚਾਕੂ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਉਸ ਨੂੰ ਫੜ ਲਿਆ। ਰੌਲਾ ਪੈਣ 'ਤੇ ਪਰਿਵਾਰਕ ਮੈਂਬਰ ਅਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਦੋਂ ਚੋਰ ਨੂੰ ਫੜ ਕੇ ਉਸ ਤੋਂ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਰਾਤ ਦੀ ਰੇਲ ਗੱਡੀ ਤੋਂ ਕਰੀਬ ਢਾਈ ਵਜੇ ਬਰੀਵਾਲਾ ਸਟੇਸ਼ਨ 'ਤੇ ਉਤਰਿਆ ਸੀ। ਉਹ ਅਕਸਰ ਮੋਬਾਇਲ ਹੀ ਚੋਰੀ ਕਰਦਾ ਹੈ। ਲੋਕਾਂ ਨੇ ਥਾਣਾ ਬਰੀਵਾਲਾ ਵਿਖੇ ਕਈ ਫੋਨ ਕੀਤੇ ਪਰ ਮੌਕੇ 'ਤੇ ਮੌਜੂਦ ਪੁਲਸ ਕਰਮਚਾਰੀਆਂ ਨੇ ਕਿਹਾ ਕਿ ਉਹ ਚੋਰ ਨੂੰ ਫੜਨ ਲਈ ਇਸ ਵੇਲੇ ਨਹੀਂ ਆ ਸਕਦੇ ਕਿਉਂਕੇ ਥਾਣੇ 'ਚ ਫੋਰਸ ਨਹੀਂ ਹੈ। ਵਰਣਨਯੋਗ ਹੈ ਕਿ ਥਾਣਾ ਘਟਨਾ ਸਥਾਨ ਤੋਂ ਕਰੀਬ 200 ਮੀਟਰ ਦੀ ਦੂਰ 'ਤੇ ਹੈ। ਪੁਲਸ ਦੇ ਨਾ ਪਹੁੰਚਣ 'ਤੇ ਲੋਕਾਂ 'ਚ ਕਾਫੀ ਰੋਸ ਸੀ। ਇਸ ਦੌਰਾਨ ਥਾਣਾ ਬਰੀਵਾਲਾ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਚੋਰ ਦੀ ਪਛਾਣ ਜਸਵਿੰਦਰ ਸਿੰਘ ਉਰਫ ਚੀਚੀ ਪੁੱਤਰ ਰਾਜਦੀਪ ਸਿੰਘ ਵਾਸੀ ਪਿੰਡੀ (ਫਿਰੋਜ਼ਪੁਰ) ਵਜੋਂ ਹੋਈ ਹੈ। ਚੀਚੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਹਾਲ ਦੀ ਘੜੀ ਉਹ ਹਸਪਤਾਲ 'ਚ ਜ਼ੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਨਾਕੇਬੰਦੀ ਕਾਰਨ ਪੁਲਸ ਨੂੰ ਘਟਨਾ ਸਥਾਨ 'ਤੇ ਪੁੱਜਣ 'ਚ ਦੇਰੀ ਹੋਈ ਸੀ।
ਨਸ਼ੀਲੇ ਪਾਊਡਰ ਤੇ ਨਾਜਾਇਜ਼ ਸ਼ਰਾਬ ਸਣੇ 2 ਕਾਬੂ
NEXT STORY