ਭੋਆ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਅੱਜ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਵੱਲੋਂ ਵਿਧਾਨ ਸਭਾ ਹਲਕਾ ਭੋਆ ਦੇ ਡੇਢ ਦਰਜਨ ਪਿੰਡਾਂ ਦਾ ਦੌਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਪੰਜਾਬ ਵੱਲੋਂ ਜਿੱਥੇ ਇਨ੍ਹਾਂ ਪਿੰਡਾਂ ਅੰਦਰ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਉੱਥੇ ਹੀ ਵੱਖ-ਵੱਖ ਪਿੰਡਾਂ ਅੰਦਰ ਪਹੁੰਚ ਕੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਸਮੱਸਿਆਵਾਂ ਨੂੰ ਜਲਦੀ ਹੀ ਦੂਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਨਰੇਸ਼ ਕੁਮਾਰ ਸੈਣੀ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਬਲਾਕ ਪ੍ਰਧਾਨ ਪਵਨ ਕੁਮਾਰ , ਠਾਕੁਰ ਭੁਪਿੰਦਰ ਸਿੰਘ ਮੂੰਨਾ ਅਤੇ ਹੋਰ ਪਾਰਟੀ ਦੇ ਕਾਰਜਕਰਤਾ ਅਤੇ ਆਹੁਦੇਦਾਰ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਅੱਜ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਸਭ ਤੋਂ ਪਹਿਲਾ ਪਿੰਡ ਘਰੋਟਾ ਅੰਦਰ ਪਹੁੰਚੇ ਅਤੇ ਪਿੰਡ ਦੇ ਆਲੇ ਦੁਆਲੇ ਬਣਾਈ ਜਾ ਰਹੀ ਕੰਕਰੀਟ ਦੀ ਫਿਰਨੀ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਪਿੰਡ ਡੱਲਾ ਬਲੀਮ, ਪਿੰਡ ਢੋਲੋ ਵਾਲ, ਪਰਮਾਨੰਦ, ਚੋਹਾਣਾ, ਖੰਨੀ ਖੂਹੀ, ਮੀਲਵਾਂ, ਬਡਾਲਾ, ਹੈਬੋ, ਜੰਗਲਾ ਬੁਆਨੀ, ਛੰਨੀ ਟੋਲਾ, ਟੋਲਾ, ਕੋਠੇ ਰਾਂਝੇ ਦੇ, ਮਾੜੀ , ਕਤਾਣੀ, ਮੁਰਾਦਪੁਰ, ਤਾਰਾਗੜ੍ਹ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਦੇ ਦਿਨ ਦੀ ਸ਼ੁਰੂਆਤ ਇਤਹਾਸਿਕ ਪਿੰਡ ਘਰੋਟਾ ਅੰਦਰ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡ ਘਰੋਟਾ ਦੇ ਆਲੇ ਦੁਆਲੇ 18 ਫੁੱਟ ਫਿਰਨੀ ਦੇ ਨਿਰਮਾਣ ਕਾਰਜ ਸ਼ੁਰੂ ਕੀਤੇ ਗਏ ਸਨ ਜੋ ਕਿ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਫਿਰਨੀ ਵਿੱਚ ਇੰਟਰਲਾੱਕ ਟਾਇਲ ਲਗਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਅੱਜ ਮੌਕੇ ਤੇ ਹਾਜ਼ਰ ਵਿਭਾਗੀ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਅੰਦਰ ਤੇਜ਼ੀ ਲਿਆਉਂਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਪਿੰਡ ਘਰੋਟਾ ਅੰਦਰ ਹੀ ਬਾਬਾ ਨਾਗਾ ਜੀ ਦੇ ਅਸਥਾਨ ਤੇ ਲੋਕਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਸਥਾਨ ਤੇ ਇੱਕ ਪਰਿਆਵਰਣ ਪਾਰਕ ਦਾ ਨਿਰਮਾਣ ਕੀਤਾ ਜਾਵੇ, ਉਨ੍ਹਾਂ ਕਿਹਾ ਕਿ ਕਿਉਂਕਿ ਵਣ ਵਿਭਾਗ ਉਨ੍ਹਾਂ ਕੋਲ ਹੋਣ ਕਰ ਕੇ ਉਹ ਵਾਅਦਾ ਕਰਦੇ ਹਨ ਕਿ ਇੱਥੇ ਪੰਚਾਇਤੀ ਜਗ੍ਹਾ 'ਤੇ ਇੱਕ ਬਹੁਤ ਹੀ ਖੁਬਸੂਰਤ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ। ਜਿਸ ਵਿੱਚ ਵਾੱਕ ਟਰੇਲ, ਓਪਨ ਜਿਮ ਅਤੇ ਇੱਕ ਗਜੀਬੋ ਵੀ ਬਣਾਇਆ ਜਾਵੇਗਾ ਅਤੇ ਪਾਰਕ ਅੰਦਰ ਹਰ ਤਰ੍ਹਾਂ ਦੀ ਸੁਵਿਧਾ ਹੋਵੇਗੀ।
ਉਨ੍ਹਾਂ ਕਿਹਾ ਕਿ ਘਰੋਟਾ ਤੋਂ ਦੀਨਾਨਗਰ ਮਾਰਗ ਜਿਸ ਦੀ ਬਹੁਤ ਹੀ ਖਸਤਾ ਹਾਲਤ ਸੀ ਅਤੇ ਬਹੁਤ ਲੰਮੇ ਸਮੇਂ ਤੋਂ ਰੋਡ ਦਾ ਨਵ ਨਿਰਮਾਣ ਨਹੀਂ ਕੀਤਾ ਗਿਆ ਸੀ, ਹੋਲੀ ਹੋਲੀ ਰੋਡ ਟੁੱਟ ਰਿਹਾ ਸੀ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਖੇਤਰ ਵਾਸੀਆਂ ਨੂੰ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਹੁਣ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਇਸ ਰੋਡ ਨੂੰ ਪਲਾਨ ਰੋਡ ਵਜੋਂ ਮਨਜ਼ੂਰੀ ਦਿੱਤੀ ਹੈ ਅਤੇ ਬਹੁਤ ਜਲਦੀ ਹੀ ਇਸ ਮਾਰਗ ਦਾ ਨਿਰਮਾਣ ਕਾਰਜ ਸੁਰੂ ਕੀਤਾ ਜਾਵੇਗਾ ਅਤੇ ਘੱਟ ਸਮੇਂ ਅੰਦਰ ਇੱਕ ਗੁਣਬੱਤਾ ਵਾਲਾ ਰੋਡ ਤਿਆਰ ਕਰਕੇ ਖੇਤਰ ਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਜੋ ਲੀਹੋਂ ਲੱਥਿਆ ਸੀ ਹੋਲੀ ਹੋਲੀ ਫਿਰ ਤੋਂ ਲੀਹ ਤੇ ਲਿਆਉਂਣ ਦੇ ਲਈ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਅੰਦਰ ਪੰਜਾਬ ਸਰਕਾਰ ਨੇ ਕਮਰ ਕੱਸੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਬਜਟ ਅੰਦਰ ਵੀ ਬਹੁਤ ਵੱਡੀਆਂ ਇਤਹਾਸਿਕ ਪੁਲਾਘਾਂ ਪੰਜਾਬ ਨੇ ਪੁੱਟੀਆਂ ਹਨ, ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੈ ਪੰਜਾਬ ਅੰਦਰ ਕਿ 65 ਲੱਖ ਪਰਿਵਾਰਾਂ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅੰਦਰ ਕਵਰ ਕਰਨ ਦਾ ਫੈਂਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ 10 ਲੱਖ ਰੁਪਏ ਦੇ ਨਾਲ ਹਰੇਕ ਪਰਿਵਾਰ ਦਾ ਇਲਾਜ ਕਰਵਾਉਂਣ ਦੀ ਬਚਨ ਬੱਧਦਾ ਕੀਤੀ ਹੈ। ਉਨ੍ਹਾ ਕਿਹਾ ਕਿ ਉਨ੍ਹਾਂ ਦਾ ਅਪਣਾ ਹਲਕਾ ਭੋਆ ਇੱਕ ਨਵੀਂ ਅੰਗੜਾਈ ਲੈ ਰਿਹਾ ਹੈ ਮੈਨੂੰ ਖੁਸੀ ਹੈ ਕਿ ਖੇਤਰ ਅੰਦਰ ਜਿੱਥੇ ਤੇਜ਼ੀ ਨਾਲ ਵਿਕਾਸ ਕਾਰਜ ਚਲ ਰਹੇ ਹਨ ਅਤੇ ਭਵਿੱਖ ਅੰਦਰ ਹੋਰ ਵੀ ਨਵੇਂ ਵਿਕਾਸ ਕਾਰਜ ਹਲਕੇ ਅੰਦਰ ਸੁਰੂ ਕਰਵਾਏ ਜਾਣਗੇ।
ਬਜਟ ਇਜਲਾਸ ਦੌਰਾਨ ਔਰਤਾਂ ਲਈ ਵੱਡਾ ਐਲਾਨ! ਜਾਣੋਂ ਆਖਰੀ ਦਿਨ ਕੀ-ਕੀ ਹੋਇਆ
NEXT STORY