ਚੰਡੀਗੜ੍ਹ,(ਅਸ਼ਵਨੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਕੋਰੇ ਝੂਠ ਮਾਰਨ ਦੀ ਖਿੱਲੀ ਉਡਾਉਂਦਿਆਂ ਕਿਹਾ ਕਿ ਇਸ ਨਾਲ ਉਸ ਦੀ ਘੋਰ ਨਿਰਾਸ਼ਾ ਦਾ ਪ੍ਰਗਟਾਵਾ ਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਖੁਰੇ ਹੋਏ ਸਿਆਸੀ ਵੱਕਾਰ ਨੂੰ ਬਹਾਲ ਕਰਨ ਲਈ ਹੱਥ-ਪੈਰ ਮਾਰ ਰਿਹਾ ਹੈ, ਜਿਸ ਲਈ ਉਸ ਨੇ ਸੰਜੀਦਗੀ ਦਾ ਵੀ ਪੱਲਾ ਛੱਡ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਕਿਹੋ ਜਿਹੇ ਕਿਰਦਾਰ ਵਾਲਾ ਇਨਸਾਨ ਹੈ ਅਤੇ ਸੂਬੇ ਦੇ ਲੋਕ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਪੂਰੀ ਤਰ੍ਹਾਂ ਰੱਦ ਕਰ ਚੁੱਕੇ ਹਨ ਅਤੇ ਇਹ ਇਹੋ ਜਿਹੀ ਜ਼ਲਾਲਤ ਹੈ, ਜਿਸ ਨਾਲ ਉਸ ਦੀ ਹਊਮੈ ਨੂੰ ਨਿਗਲਿਆ ਨਹੀਂ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਖਿਲਾਫ਼ ਸੁਖਬੀਰ ਦਾ ਤਾਜ਼ਾ ਹਮਲਾ ਉਸ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ, ਜਿਸ 'ਚੋਂ ਉਹ ਇਸ ਵੇਲੇ ਗੁਜ਼ਰ ਰਿਹਾ ਹੈ। ਕੈਪਟਨ ਨੇ ਕਿਹਾ ਕਿ ਬਰਗਾੜੀ ਅਤੇ ਬੇਅਦਬੀ ਦੇ ਹੋਰ ਕੇਸਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀਆਂ ਨਿਰਾਸ਼ਾਜਨਕ ਕੋਸ਼ਿਸ਼ਾਂ ਨਾਲ ਸੁਖਬੀਰ ਸਪੱਸ਼ਟ ਤੌਰ 'ਤੇ ਤਲਖ ਹਕੀਕਤਾਂ ਨਾਲ ਜੂਝ ਰਿਹਾ ਹੈ ਕਿ ਹੁਣ ਉਸ ਦੇ ਜੁਰਮ ਉਸ ਨੂੰ ਫੜ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਵਲੋਂ ਝੂਠ 'ਤੇ ਝੂਠ ਮਾਰਨਾ ਉਸ ਅੰਦਰ ਪੈਦਾ ਹੋ ਰਹੇ ਖੌਫ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਕੇਸ 'ਚ ਸੁਖਬੀਰ ਵਲੋਂ ਕਾਂਗਰਸ ਸਰਕਾਰ ਖਿਲਾਫ਼ ਬੇਹੁਦਾ ਦੋਸ਼ਾਂ ਨਾਲ ਇਹ ਸਿੱਧ ਹੁੰਦਾ ਹੈ ਕਿ ਉਸ ਨੂੰ ਪਤਾ ਲੱਗ ਗਿਆ ਹੈ ਕਿ ਉਹ ਅਤੇ ਉਸ ਦੀ ਪਾਰਟੀ ਦੇ ਸਾਥੀ ਘਿਰ ਗਏ ਹਨ ਅਤੇ ਹੁਣ ਬਹੁਤਾ ਸਮਾਂ ਨਿਆਂ ਦੀ ਮਾਰ ਤੋਂ ਬਚ ਨਹੀਂ ਸਕਦੇ।
ਅਮਰਿੰਦਰ ਨੇ ਕਿਹਾ ਕਿ ਕੀ ਸੁਖਬੀਰ ਭੁੱਲ ਗਿਆ ਹੈ ਕਿ ਜਦੋਂ ਪੰਜਾਬ 'ਚ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਹੋ ਰਹੀ ਸੀ ਤਾਂ ਉਸ ਮੌਕੇ ਸੂਬੇ 'ਚ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਸਰਕਾਰ ਸੀ? ਕੀ ਉਹ ਭੁੱਲ ਗਿਆ ਕਿ ਜਦੋਂ ਬਹਿਬਲ ਕਲਾਂ ਅਤੇ ਕੋਟਕਪੂਰਾ 'ਚ ਬੇਕਸੂਰ ਲੋਕਾਂ 'ਤੇ ਗੋਲੀ ਚਲਾਈ ਗਈ ਸੀ ਤਾਂ ਉਸ ਵੇਲੇ ਸੂਬੇ ਦਾ ਗ੍ਰਹਿ ਮੰਤਰੀ ਕੌਣ ਸੀ? ਕੈਪਟਨ ਨੇ ਕਿਹਾ ਕਿ ਭਾਵੇਂ ਉਹ ਇਸ ਕੌੜੀ ਸੱਚਾਈ ਤੋਂ ਵੀ ਮੂੰਹ ਮੋੜ ਲੈਣਾ ਚਾਹੁੰਦਾ ਹੈ ਪਰ ਜੋ ਕੁਝ ਅਕਾਲੀ-ਭਾਜਪਾ ਸਰਕਾਰ ਦੇ ਨੱਕ ਥੱਲੇ ਵਾਪਰਦਾ ਰਿਹੈ, ਉਸ ਨੂੰ ਨਾ ਤਾਂ ਪੰਜਾਬ ਦੇ ਲੋਕ ਭੁੱਲੇ ਹਨ ਅਤੇ ਨਾ ਹੀ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਮੁਆਫ਼ ਕੀਤਾ ਹੈ।
ਪੰਜਾਬ 'ਚ 20-21 ਮਾਰਚ ਨੂੰ ਤੇਜ਼ ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ
NEXT STORY