ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਬੰਧ ਉਦੋਂ ਤੱਕ ਨਹੀ ਸੁਧਰ ਸਕਦੇ, ਜਦੋਂ ਤੱਕ ਪਾਕਿਸਤਾਨ 'ਚ ਫੌਜ 'ਤੇ ਕੰਟਰੋਲ ਨਹੀਂ ਰੱਖਿਆ ਜਾਂਦਾ। ਮੁੱਖ ਮੰਤਰੀ ਨੇ ਕਿਹਾ ਕਿ ਇਮਰਾਨ ਖਾਨ ਜਾਂ ਹੋਰ ਕੋਈ ਖਾਨ ਉਨ੍ਹਾਂ ਚਿਰ ਕੁੱਝ ਵੀ ਨਹੀ ਕਰ ਸਕਦਾ, ਜਿੰਨਾਂ ਚਿਰ ਉਥੇ ਫੌਜ 'ਤੇ ਕਾਬੂ ਨਹੀਂ ਪਾਇਆ ਜਾਂਦਾ ਕਿਉਂਕਿ ਭਾਰਤ ਨਾਲ ਲਗਾਤਾਰ ਤਣਾਅ ਜਾਰੀ ਰੱਖਣ ਪਿੱਛੇ ਪਾਕਿਸਤਾਨ ਫੌਜ ਦੇ ਆਪਣੇ ਸੌੜੇ ਹਿੱਤ ਹਨ। ਸ਼ੁੱਕਰਵਾਰ ਨੂੰ ਇਕ ਉੱਘੇ ਮੀਡੀਆ ਹਾਉਸ ਵੱਲੋਂ ਆਯੋਜਿਤ ਸਾਹਿਤ ਮੇਲੇ 'ਤੇ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਲੋਕ ਕੁੱਲ ਮਿਲਾ ਕੇ ਭਾਰਤ ਨਾਲ ਸ਼ਾਤੀ ਚਾਹੁੰਦੇ ਹਨ, ਜਦਕਿ ਓਥੋਂ ਦੀ ਫੌਜ ਵੱਖਰੇ ਤਰ੍ਹਾਂ ਮਹਿਸੂਸ ਕਰਦੀ ਹੈ।
ਉਨ੍ਹਾਂ ਕਿਹਾ ਕਿ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਕੁੱਝ ਹੱਦ ਤੱਕ ਦੋਵਾਂ ਦੇਸ਼ਾਂ ਵਿੱਚ ਸਬੰਧਾਂ ਨੂੰ ਨਿੱਘੇ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੇ ਭਾਰਤ-ਪਾਕਿਸਤਾਨ ਦੇ ਦੋਵਾਂ ਪੰਜਾਬਾਂ ਦੀਆਂ ਖੇਡਾਂ ਨੂੰ ਸਫਲਤਾਪੁਰਵਕ ਆਯੋਜਿਤ ਕਰਵਾਇਆ ਸੀ। ਉਨ੍ਹਾਂ ਦੁਖ ਪ੍ਰਗਟ ਕੀਤਾ ਕਿ ਦੋਹਾਂ ਦੇਸ਼ਾਂ ਦੇ ਸਬੰਧਾਂ 'ਚ ਮੁੜ ਖਟਾਸ ਆ ਗਈ ਹੈ। ਉਨ੍ਹਾਂ ਨੇ ਇਸ ਵਾਸਤੇ ਪਾਕਿਸਤਾਨ ਦੀ ਫੌਜ 'ਤੇ ਦੋਸ਼ ਲਾਇਆ। ਇਕ ਹੋਰ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਪਾਕਿਸਤਾਨ ਦੀ ਆਈ.ਐਸ.ਆਈ ਪੰਜਾਬ 'ਚ ਭੜਕਾਹਟ ਪੈਦਾ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸੂਬੇ 'ਚ ਅੱਤਵਾਦ ਮੁੜ ਪੈਦਾ ਹੋ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਸੂਬੇ 'ਚ ਅੱਤਵਾਦ ਨੂੰ ਦੇਖ ਲਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸੂਬੇ ਦੇ ਨੌਜਵਾਨਾਂ 'ਚ ਬੇਰੋਜ਼ਗਾਰੀ ਦੇ ਕਾਰਨ ਪਰੇਸ਼ਾਨੀ ਹੈ ਪਰ ਉਨ੍ਹਾਂ ਦੀ ਸਰਕਾਰ ਨੇ ਸ਼ਾਨਾਮਤਾ ਪ੍ਰੋਗਰਾਮ 'ਘਰ-ਘਰ ਨੌਕਰੀ' ਬਣਾਇਆ ਹੈ ਅਤੇ ਇਹ ਆਪਣੇ ਨਤੀਜੇ ਦਿਖਾਉਣ ਲੱਗ ਪਿਆ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ 18 ਮਹੀਨਿਆਂ ਦੌਰਾਨ ਸੂਬੇ 'ਚ ਤਕਰੀਬਨ 4.5 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਕੁੱਲ ਮਿਲਾ ਕੇ ਨਸ਼ਿਆਂ ਦੀ ਸਮੱਸਿਆ 'ਤੇ ਕਾਬੂ ਪਾ ਲਿਆ ਹੈ ਪਰ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਇਹ ਸਮੱਸਿਆ ਅਜਿਹੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਸਾਰੇ ਕਦਮ ਚੁੱਕ ਰਹੀ ਹੈ ਅਤੇ ਨਸ਼ੇ 'ਚ ਫਸੇ ਲੋਕਾਂ ਦਾ ਮੁੜ ਵਸੇਬਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਹੈਰੋਇਨ ਦੀ ਸਮਗਲਿੰਗ ਸਮੁੱਚੇ ਦੇਸ਼ ਤੋਂ ਕੀਤੀ ਜਾ ਰਹੀ ਹੈ ਅਤੇ ਹਾਲ ਹੀ 'ਚ ਪੁਲਸ ਨੇ ਇਸ ਦੀ ਇਕ ਖੇਪ ਫੜ੍ਹੀ ਹੈ। ਇਹ ਖੇਪ ਗੁਜਰਾਤ ਦੇ ਮਨਦਾਵੀ ਤੋਂ ਆਈ ਸੀ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸੂਬੇ 'ਚ ਅਸਥਿਰਤਾ ਪੈਦਾ ਕਰਨ ਲਈ ਸਿਲਸਿਲੇਵਾਰ ਖੇਡ ਖੇਡੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ 'ਚ ਅਜਿਹਾ ਨਹੀਂ ਹੋਣ ਦੇਣਗੇ ਅਤੇ ਉਨ੍ਹਾਂ ਦੀ ਸਰਕਾਰ ਨਸ਼ੇ ਦੇ ਵਪਾਰੀਆਂ ਅਤੇ ਡੀਲਰਾਂ ਵਿਰੁਧ ਮੁਹਿੰਮ ਜਾਰੀ ਰੱਖੇਗੀ।
ਪ੍ਰਕਾਸ਼ ਪੁਰਬ 'ਤੇ ਸਰਕਾਰ ਵਲੋਂ ਵੱਖਰਾ ਸਮਾਗਮ ਰੱਖਣਾ ਠੀਕ ਨਹੀ : ਲੌਂਗੋਵਾਲ
NEXT STORY