ਲੁਧਿਆਣਾ (ਵਿੱਕੀ)- ਮਿਡਲ ਈਸਟ (ਮੱਧ ਪੂਰਬ) ਖੇਤਰ ਵਿਚ ਵਧਦੇ ਫੌਜੀ ਤਣਾਅ ਤੇ ਅਸਥਿਰ ਹਾਲਾਤ ਨੂੰ ਦੇਖਦੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਨੇ ਬਹਿਰੀਨ, ਇਰਾਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਤੇ ਯੂ.ਏ.ਈ. ਵਿਚ ਸੋਮਵਾਰ ਨੂੰ ਹੋਣ ਵਾਲੀਆਂ ਦੋਵਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਫਿਲਹਾਲ ਟਾਲ ਦਿੱਤੀਆਂ ਹਨ। ਬੋਰਡ ਨੇ ਸਾਫ਼ ਕੀਤਾ ਹੈ ਕਿ ਮੌਜੂਦਾ ਹਾਲਾਤ ਵਿਚ ਵਿਦਿਆਰਥੀਆਂ ਅਤੇ ਪ੍ਰੀਖਿਆ ਸਟਾਫ਼ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਮਿਡਲ ਈਸਟ ਵਿੱਚ ਇਰਾਨ, ਇਜ਼ਰਾਈਲ ਤੇ ਸੰਯੁਕਤ ਰਾਜ ਅਮਰੀਕਾ ਦੇ ਵਿਚਕਾਰ ਵਧਦੇ ਟਕਰਾਅ ਕਾਰਨ ਹਵਾਈ ਖੇਤਰ ਬੰਦ ਹੋਣ ਤੇ ਉਡਾਣਾਂ ਰੱਦ ਹੋਣ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ।
ਅਜਿਹੀ ਸਥਿਤੀ ਵਿਚ ਵਿਦਿਆਰਥੀਆਂ ਦਾ ਪ੍ਰੀਖਿਆ ਕੇਂਦਰ ਤੱਕ ਪਹੁੰਚਣਾ ਤੇ ਸਟਾਫ਼ ਦੀ ਉਪਲਬਧਤਾ ਮੁਸ਼ਕਲ ਹੋ ਰਹੀ ਸੀ। ਸੀ.ਬੀ.ਐੱਸ.ਈ. ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਸਿਰਫ਼ 2 ਮਾਰਚ ਦੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ। 3 ਮਾਰਚ ਨੂੰ ਇੱਕ ਰਿਵਿਊ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ 5 ਮਾਰਚ ਤੋਂ ਬਾਅਦ ਹੋਣ ਵਾਲੀਆਂ ਪ੍ਰੀਖਿਆਵਾਂ ਬਾਰੇ ਫੈਸਲਾ ਲਿਆ ਜਾਵੇਗਾ। ਦੱਸ ਦਈਏ ਕਿ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਭਾਰਤ ਤੋਂ ਇਲਾਵਾ ਵਿਦੇਸ਼ਾਂ ਦੇ 26 ਦੇਸ਼ਾਂ ਵਿੱਚ ਹਰ ਸਾਲ ਬੋਰਡ ਦੀਆਂ ਪ੍ਰੀਖਿਆਵਾਂ ਕਰਵਾਉਂਦਾ ਹੈ। ਦੁਨੀਆ ਭਰ ਵਿਚ ਬੋਰਡ ਤੋਂ ਮਾਨਤਾ ਪ੍ਰਾਪਤ 200 ਤੋਂ ਵੱਧ ਸਕੂਲ ਹਨ।
ਦੂਜੇ ਪਾਸੇ ਬੋਰਡ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਉਸ ਫ਼ਰਜ਼ੀ ਨੋਟਿਸ ਨੂੰ ਵੀ ਪੂਰੀ ਤਰ੍ਹਾਂ ਝੂਠਾ ਦੱਸਿਆ ਹੈ, ਜਿਸ ਵਿਚ ਬਾਕੀ ਸਾਰੀਆਂ ਪ੍ਰੀਖਿਆਵਾਂ ਰੱਦ ਕਰਨ ਤੇ ਵਿਕਲਪਿਕ ਮੁਲਾਂਕਣ ਦੇ ਆਧਾਰ ’ਤੇ ਅੰਕ ਦੇਣ ਦਾ ਦਾਅਵਾ ਕੀਤਾ ਗਿਆ ਸੀ। ਸੀ.ਬੀ.ਐੱਸ.ਈ. ਨੇ ਕਿਹਾ ਹੈ ਕਿ ਵਿਦਿਆਰਥੀ ਸਿਰਫ਼ ਅਧਿਕਾਰਤ ਵੈੱਬਸਾਈਟ ’ਤੇ ਹੀ ਭਰੋਸਾ ਕਰਨ। ਇਹ ਫੈਸਲਾ ਸਿਰਫ਼ ਪ੍ਰਭਾਵਿਤ ਮਿਡਲ ਈਸਟ ਦੇਸ਼ਾਂ ਦੇ ਪ੍ਰੀਖਿਆ ਕੇਂਦਰਾਂ ’ਤੇ ਲਾਗੂ ਹੈ, ਜਦੋਂਕਿ ਭਾਰਤ ਅਤੇ ਹੋਰ ਦੇਸ਼ਾਂ ਵਿਚ ਪ੍ਰੀਖਿਆਵਾਂ ਤੈਅ ਸ਼ਡਿਊਲ ਅਨੁਸਾਰ ਜਾਰੀ ਰਹਿਣਗੀਆਂ। ਮੁਲਤਵੀ ਕੀਤੀਆਂ ਗਈਆਂ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਹਾਲਾਤ ਆਮ ਹੋਣ ਤੋਂ ਬਾਅਦ ਐਲਾਨੀਆਂ ਜਾਣਗੀਆਂ।
ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 15 ਲੱਖ ਰੁਪਏ ਦੀ ਠੱਗੀ
NEXT STORY