ਦਿੱਲੀ/ਜਲੰਧਰ : ਬੀਤੇ ਦਿਨ ਦਿੱਲੀ ਹਾਈਕਮਾਨ ਕੋਲ ਪਹੁੰਚੇ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਦੀ ਤਿੱਕੜੀ ਨੂੰ ਇਕਜੁੱਟ ਕਰਨ ਵਿੱਚ ਰਾਹੁਲ ਗਾਂਧੀ ਕਾਮਯਾਬ ਹੁੰਦੇ ਨਜ਼ਰ ਨਹੀਂ ਆ ਰਹੇ। ਦਰਅਸਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਇਨ੍ਹਾਂ ਤਿੰਨਾਂ ਆਗੂਆਂ ਨੂੰ ਗੱਲਬਾਤ ਕਰਨ ਲਈ ਸੱਦਿਆ ਸੀ ਪਰ ਇਹ ਆਗੂ ਇਕ-ਦੂਜੇ ਦੀਆਂ ਸ਼ਿਕਾਇਤਾਂ ਲਾਉਣ 'ਚ ਹੀ ਮਸ਼ਰੂਫ਼ ਰਹੇ। ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰ ਚੱਲ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਨਾਉਣ ਦਾ ਯਤਨ ਕੀਤਾ।ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਨਾਲ ਵਿਚਾਰ ਚਰਚਾ ਕੀਤੀ। ਚੰਨੀ ਅਤੇ ਸਿੱਧੂ ਦੀ ਜੋੜੀ ਨਾਲ ਲੰਮਾ ਸਮਾਂ ਗੱਲਬਾਤ ਚੱਲਦੀ ਰਹੀ ਪਰ ਮੰਨਿਆ ਜਾ ਰਿਹਾ ਹੈ ਕਿ ਤਿੰਨੋਂ ਆਗੂ ਇਕ-ਦੂਜੇ ਖ਼ਿਲਾਫ਼ ਆਪਣੇ ਰੋਸੇ ਜ਼ਾਹਿਰ ਕਰਦੇ ਰਹੇ।
ਇਹ ਵੀ ਪੜ੍ਹੋ:ਪ੍ਰਕਾਸ਼ ਸਿੰਘ ਬਾਦਲ ਦੇ ਇਸ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਚਰਚੇ
ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਨੇ ਜਦੋਂ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਉਹ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰ ਚੱਲੇ ਆ ਰਹੇ ਹਨ।ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਨਵਜੋਤ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੇ ਸੰਗਠਨਾਤਮਕ ਢਾਂਚੇ ਨੂੰ ਲੈ ਕੇ ਹਾਈਕਮਾਨ ਨੂੰ ਅਹੁਦੇਦਾਰਾਂ ਦੀ ਸੂਚੀ ਭੇਜੀ ਗਈ ਹੈ ਪਰ ਅਜੇ ਤੱਕ ਇਸ ਸੂਚੀ 'ਤੇ ਮੋਹਰ ਨਹੀਂ ਲੱਗੀ।ਸੁਨੀਲ ਜਾਖੜ ਸਮੇਤ ਪੰਜਾਬ ਕਾਂਗਰਸ ਦੇ ਕਈ ਆਗੂ ਇਸ ਗੱਲ ਤੋਂ ਨਾਰਾਜ਼ ਹਨ ਕਿ ਜ਼ਿਲ੍ਹਾ ਪੱਧਰ ’ਤੇ ਕਮੇਟੀਆਂ ਦੇ ਗਠਨ ਸਮੇਤ ਸੰਗਠਨ ’ਚ ਫੇਰਬਦਲ 'ਤੇ ਉਨ੍ਹਾਂ ਦੀ ਕੋਈ ਰਾਏ ਨਹੀਂ ਲਈ ਗਈ।ਆਮ ਤੌਰ 'ਤੇ ਜ਼ਿਲ੍ਹਾ ਪੱਧਰ 'ਤੇ ਅਹੁਦੇਦਾਰਾਂ ਦੀ ਚੋਣ ਵਿੱਚ ਹਲਕਾ ਵਿਧਾਇਕਾਂ ਸਮੇਤ ਸੀਨੀਅਰ ਆਗੂਆਂ ਦੀ ਸਲਾਹ ਲਈ ਜਾਂਦੀ ਹੈ।ਮੰਨਿਆ ਜਾ ਰਿਹਾ ਹੈ ਕਿ ਜਾਖੜ ਨੇ ਵਰਤਮਾਨ ਪੰਜਾਬ ਕਾਂਗਰਸ ਦੀ ਟੀਮ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਪਾਸੇ ਸਿੱਧੂ ਵੱਲੋਂ ਮੁੱਖ ਮੰਤਰੀ ਵੱਲੋਂ ਬਲਾਕ ਪ੍ਰਧਾਨਾਂ ਨਾਲ ਕੀਤੀ ਗਈ ਬੈਠਕ ਦਾ ਮੁੱਦਾ ਚੁੱਕਿਆ ਗਿਆ ਜਿਸ ਵਿੱਚ ਨਵਜੋਤ ਸਿੱਧੂ ਨੂੰ ਨਹੀਂ ਸੱਦਿਆ ਗਿਆ ਸੀ।ਨਵਜੋਤ ਸਿੱਧੂ ਨੇ ਚੰਨੀ ਵੱਲੋਂ ਕੀਤੇ ਜਾ ਰਹੇ ਤਾਬੜਤੋੜ ਐਲਾਨਾਂ ’ਤੇ ਵੀ ਸਵਾਲ ਚੁੱਕੇ। ਦੱਸਿਆ ਜਾ ਰਿਹਾ ਹੈ ਸਿੱਧੂ ਨੇ ਕਿਹਾ ਕਿ ਚੰਨੀ ਜਿਸ ਤਰ੍ਹਾਂ ਇਕ ਤੋਂ ਬਾਅਦ ਇਕ ਐਲਾਨ ਕਰ ਰਹੇ ਹਨ, ਉਨ੍ਹਾਂ ਨੂੰ ਬਿਨਾਂ ਖ਼ਜ਼ਾਨੇ ਦੇ ਧਰਾਤਲ ’ਤੇ ਉਤਾਰ ਸਕਣਾ ਸੰਭਵ ਨਹੀਂ ਹੈ। ਇਸ ਲਈ ਜਨਤਾ ਨੂੰ ਸਬਜ਼ਬਾਗ ਵਿਖਾਉਣ ਦੀ ਬਜਾਏ 18 ਸੂਤਰੀ ਏਜੰਡੇ ’ਤੇ ਫੋਕਸ ਕਰਦਿਆਂ ਬੇਅਦਬੀ, ਨਸ਼ਿਆਂ ਵਰਗੇ ਮੁੱਦੇ ਦੇ ਨਿਪਟਾਰੇ ਨੂੰ ਤਵੱਜੋਂ ਦਿੱਤੀ ਜਾਵੇ। ਇਸੇ ਤਰ੍ਹਾਂ ਮੁੱਖ ਮੰਤਰੀ ਚੰਨੀ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਜਨਹਿਤੈਸ਼ੀ ਫ਼ੈਸਲੇ ਲੈ ਰਹੀ ਹੈ ਪਰ ਸਿੱਧੂ ਦੀ ਸਰਕਾਰ ਵਿਰੋਧੀ ਬਿਆਨਬਾਜ਼ੀ ਨਾਲ ਜਨਤਾ ’ਚ ਗ਼ਲਤ ਸੁਨੇਹਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਖ਼ਤਰੇ ਦੀ ਦਹਿਲੀਜ਼ 'ਤੇ ਪੰਜਾਬ, ਪ੍ਰੇਸ਼ਾਨ ਕਰ ਦੇਣਗੇ ਏਡਜ਼ ਦੇ ਮਰੀਜ਼ਾਂ ਦੇ ਅੰਕੜੇ
ਹੁਣ ਕਾਂਗਰਸ ਹਾਈਕਮਾਨ ਅੱਗੇ ਇਨ੍ਹਾਂ ਆਗੂਆਂ ਦੀ ਤਿੱਕੜੀ ਨੂੰ ਇਕ ਮਾਲਾ 'ਚ ਪਰੋ ਕੇ ਰੱਖਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ।ਜੇਕਰ ਇਨ੍ਹਾਂ ਆਗੂਆਂ ਵਿੱਚੋਂ ਇਕ ਵੀ ਨਾਰਾਜ਼ ਹੁੰਦਾ ਹੈ ਤਾਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਕਾਂਗਰਸ ਲਈ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਰਾਹੁਲ ਗਾਂਧੀ ਨਾਲ ਹੋਈ ਮੁਲਾਕਾਤ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਛੇਤੀ ਹੀ ਅਹਿਮ ਜ਼ਿੰਮੇਵਾਰੀ ਮਿਲ ਸਕਦੀ ਹੈ। ਇਸ ਦੇ ਨਾਲ ਹੀ ਜਾਖੜ ਦੀ ਨਾਰਾਜ਼ਗੀ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ’ਤੇ ਵੀ ਵਿਰ੍ਹਾਮ ਲੱਗ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਜਾਖੜ ਨੂੰ ਕਾਂਗਰਸ ਦਾ ਵੱਡਾ ਚਿਹਰਾ ਮੰਨਦਿਆਂ ਉਨ੍ਹਾਂ ਨੂੰ ਛੇਤੀ ਹੀ ਵੱਡੀ ਜ਼ਿੰਮੇਵਾਰੀ ਦੇਣ ਦਾ ਭਰੋਸਾ ਦਿੱਤਾ ਹੈ। ਇਸੇ ਤਰ੍ਹਾਂ ਜੇਕਰ ਸਿੱਧੂ ਵੱਲੋਂ ਭੇਜੀ ਗਈ ਅਹੁਦੇਦਾਰਾਂ ਦੀ ਸੂਚੀ 'ਤੇ ਮੋਹਰ ਲੱਗ ਜਾਂਦੀ ਹੈ ਤਾਂ ਸਿੱਧੂ ਦਾ ਰੋਸਾ ਵੀ ਦੂਰ ਹੋ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਉਲਝਣਾਂ ’ਚ ਉਲਝੇ ਜਿਮਖਾਨਾ ਦੇ ਇਲੈਕਸ਼ਨ, ਤਾਸ਼ ਦੇ ਪੱਤਿਆਂ ਵਾਂਗ ਖਿਲਰ ਗਿਆ ਜਿਮਖਾਨਾ ’ਤੇ ਕਾਬਜ਼ ਗਰੁੱਪ
NEXT STORY