ਜਲੰਧਰ (ਚੋਪੜਾ)– ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਲੋਕ ਸਭਾ ਚੋਣਾਂ ਵਿਚ ਮੈਦਾਨ ਵਿਚ ਉਤਾਰਨ ਦੀ ਮੰਗ ਲਗਾਤਾਰ ਜ਼ੋਰ ਫੜਨ ਲੱਗੀ ਹੈ ਅਤੇ ਸੰਭਾਵਨਾ ਹੈ ਕਿ ਚਰਨਜੀਤ ਚੰਨੀ ਹੀ ਜਲੰਧਰ ਸੀਟ ਨੂੰ ਲੈ ਕੇ ਕਾਂਗਰਸ ਹਾਈਕਮਾਨ ਦੀ ਪਹਿਲੀ ਪਸੰਦ ਬਣ ਕੇ ਉਭਰੇ ਹਨ।
ਉਥੇ ਹੀ, ਪਿਛਲੇ ਇਕ ਮਹੀਨੇ ਤੋਂ ਜਲੰਧਰ ਦੇ ਕਈ ਦੌਰੇ ਕਰ ਕੇ ਚੰਨੀ ਨੇ ਆਪਣੀਆਂ ਸਿਆਸੀ ਸਰਗਰਮੀਆਂ ਵਿਚ ਤੇਜ਼ੀ ਲਿਆਂਦੀ ਹੈ, ਜਿਸ ਤਹਿਤ ਚੰਨੀ ਨੇ ਜਿਥੇ ਡੇਰਾ ਸੱਚਖੰਡ ਬੱਲਾਂ ਅਤੇ ਰਾਧਾ ਸਵਾਮੀ ਡੇਰੇ ਦੇ ਇਲਾਵਾ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਜਾ ਕੇ ਸੀਸ ਨਿਵਾਇਆ। ਉਥੇ ਹੀ, ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਕਰ ਕੇ ਆਪਣੇ ਲਈ ਸਮਰਥਨ ਜੁਟਾਇਆ।
ਚੰਨੀ ਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਹੈਨਰੀ, ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਬੇਰੀ, ਆਦਮਪੁਰ ਹਲਕੇ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸ਼ਾਹਕੋਟ ਵਿਧਾਨ ਸਭਾ ਹਲਕੇ ਦੇ ਵਿਧਾਇਕ ਲਾਡੀ ਸ਼ੇਰੋਵਾਲੀਆ ਅਤੇ ਕਰਤਾਰਪੁਰ ਹਲਕੇ ਦੇ ਇੰਚਾਰਜ ਰਾਜਿੰਦਰ ਸਿੰਘ ਨਾਲ ਸੰਪਰਕ ਕੀਤਾ। ਇਸ ਤੋਂ ਇਲਾਵਾ ਉਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵੈਸਟ ਵਿਧਾਨ ਸਭਾ ਹਲਕੇ ਵਿਚ ਆਯੋਜਿਤ ਹੋਣ ਵਾਲੀ ਸ਼ੋਭਾ ਯਾਤਰਾ ਵਿਚ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਇਹ ਵੀ ਪੜ੍ਹੋ- 20 ਰੁਪਏ ਦੀ ਟਿਕਟ ਨੂੰ ਲੈ ਕੇ ਨੌਜਵਾਨ ਤੇ ਬੱਸ ਕੰਡਕਟਰ ਵਿਚਾਲੇ ਹੋਈ ਬਹਿਸ, ਫਿਰ ਸਾਥੀ ਬੁਲਾ ਕੇ ਕੀਤੀ ਮਾਰ-ਕੁੱਟ
ਸਾਬਕਾ ਮੁੱਖ ਮੰਤਰੀ ਵੱਲੋਂ ਸਿਆਸੀ ਕੂਟਨੀਤੀ ਕਾਰਨ ਜ਼ਿਲ੍ਹੇ ਨਾਲ ਸਬੰਧਤ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਸੀਨੀਅਰ ਕਾਂਗਰਸੀ ਆਗੂਆਂ ਦਾ ਮਿਲਿਆ ਸਮਰਥਨ ਚੌਧਰੀ ਪਰਿਵਾਰ ਦੇ ਰਾਹ ’ਚ ਰੋੜਾ ਬਣ ਗਿਆ ਹੈ, ਜਿਸ ਕਾਰਨ ਹੁਣ ਲੱਗਦਾ ਨਹੀਂ ਕਿ ਚੌਧਰੀ ਪਰਿਵਾਰ ਲੋਕ ਸਭਾ ਚੋਣਾਂ ਵਿਚ ਟਿਕਟ ਹਾਸਲ ਕਰਨ ਦੀ ਬਾਜ਼ੀ ਮਾਰ ਸਕੇਗਾ। ਉਥੇ ਹੀ, ਸੰਸਦ ਮੈਂਬਰ ਸਵ. ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਤੋਂ ਬਾਅਦ ਹੋਈ ਜ਼ਿਮਨੀ ਚੋਣ ਵਿਚ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਚੌਧਰੀ ਦੀ ਹਾਰ ਅਤੇ ਪੁੱਤਰ ਤੇ ਵਿਧਾਇਕ ਵਿਕਰਮਜੀਤ ਚੌਧਰੀ ਦੇ ਬੜਬੋਲੇ ਸ਼ਬਦਾਂ ਨੇ ਰਹੀ ਕਸਰ ਪੂਰੀ ਕਰ ਦਿੱਤੀ ਹੈ।
ਬੀਤੇ ਦਿਨੀਂ ਜ਼ਿਲ੍ਹੇ ਦੇ 2 ਵਿਧਾਇਕਾਂ ਕੋਟਲੀ ਅਤੇ ਸ਼ੇਰੋਵਾਲੀਆ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨਾਲ ‘ਸਾਡਾ ਚੰਨੀ ਜਲੰਧਰ’ ਲਿਖੇ ਜਨਮ ਦਿਨ ਦੇ ਕੇਕ ਕੱਟਣ ਦੇ ਮਾਮਲੇ ਵਿਚ ਵਿਕਰਮਜੀਤ ਚੌਧਰੀ ਨੇ ਖੁੱਲ੍ਹੇਆਮ ਮੀਡੀਆ ਵਿਚ ਜਾ ਕੇ ਜਿਥੇ ਚੰਨੀ ਖ਼ਿਲਾਫ਼ ਜੰਮ ਕੇ ਭੜਾਸ ਕੱਢੀ, ਉਥੇ ਹੀ ਚੰਨੀ ਖ਼ਿਲਾਫ਼ ਖੁੱਲ੍ਹ ਕੇ ਨਿੱਜੀ ਹਮਲੇ ਵੀ ਕੀਤੇ, ਜਿਸ ਨੂੰ ਕਾਂਗਰਸੀ ਖੇਮਿਆਂ ਵਿਚ ਵੀ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ। ਵਿਕਰਮਜੀਤ ਨੇ ਆਪਣੀ ਹੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਆਗੂ ਨੂੰ ਲੈ ਕੇ ਇਥੋਂ ਤਕ ਕਹਿ ਦਿੱਤਾ ਕਿ ਉਨ੍ਹਾਂ ਨੂੰ ਦੋਆਬਾ ਬਾਰੇ ਕੀ ਪਤਾ?
ਇਹ ਵੀ ਪੜ੍ਹੋ- ਦਿੱਗਜ ਵਾਹਨ ਨਿਰਮਾਤਾ ਕੰਪਨੀ Hero Motocorp ਨੂੰ ਆਮਦਨ ਕਰ ਵਿਭਾਗ ਨੇ ਭੇਜਿਆ 605 ਕਰੋੜ ਦਾ ਨੋਟਿਸ
ਇਕ ਸੀਨੀਅਰ ਕਾਂਗਰਸੀ ਆਗੂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਵਿਕਰਮਜੀਤ ਦਾ ਕੱਦ ਕਦੀ ਇੰਨਾ ਵੱਡਾ ਨਹੀਂ ਹੋਇਆ, ਜੋ ਉਹ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਆਗੂ ਨੂੰ ਕਟਹਿਰੇ ਵਿਚ ਖੜ੍ਹਾ ਕਰ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਚੰਨੀ ’ਤੇ ਚਿੱਕੜ ਉਛਾਲਣ ਤੋਂ ਪਹਿਲਾਂ ਵਿਕਰਮਜੀਤ ਨੂੰ ਆਪਣੇ ਮੰਜੇ ਹੇਠਾਂ ਝਾਤੀ ਮਾਰਨੀ ਚਾਹੀਦੀ ਸੀ ਕਿਉਂਕਿ ਜਲੰਧਰ ਦੇ ਵਿਧਾਇਕਾਂ ਨੇ ਆਪਣੇ ਸੀਨੀਅਰ ਆਗੂ ਦੇ ਜਨਮ ਦਿਨ ਦਾ ਕੇਕ ਕੱਟ ਕੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਕੇ ਕੋਈ ਗੁਨਾਹ ਨਹੀਂ ਕੀਤਾ ਸੀ। ਪਾਰਟੀ ਵਿਚ ਟਿਕਟ ਮੰਗਣਾ ਤੇ ਟਿਕਟ ਦੇ ਦਾਅਵੇਦਾਰ ਦਾ ਸਮਰਥਨ ਕਰਨਾ ਹਰੇਕ ਕਾਂਗਰਸੀ ਨੂੰ ਅਧਿਕਾਰ ਹੈ।
ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਵਧੇਰੇ ਆਗੂ ਵਿਕਰਮਜੀਤ ਦੇ ਰਵੱਈਏ ਕਾਰਨ ਹੀ ਚੌਧਰੀ ਪਰਿਵਾਰ ਤੋਂ ਦੂਰ ਹੁੰਦੇ ਜਾ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਜ਼ਿਲ੍ਹੇ ਦੇ ਲੱਗਭਗ ਸਾਰੇ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨੇ ਚੰਨੀ ਦੀ ਟਿਕਟ ਦੀ ਦਾਅਵੇਦਾਰੀ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਹੋਏ ਹਾਈਕਮਾਨ ਤੋਂ ਮੰਗ ਕਰ ਦਿੱਤੀ ਹੈ ਕਿ ਉਹ ਚੰਨੀ ਨੂੰ ਟਿਕਟ ਦੇਵੇ। ਸਾਰੇ ਕਾਂਗਰਸੀ ਉਨ੍ਹਾਂ ਨੂੰ ਜਿੱਤ ਦਿਵਾ ਕੇ ਲੋਕ ਸਭਾ ਵਿਚ ਭੇਜ ਕੇ ਜਲੰਧਰ ਸੀਟ ਨੂੰ ਕਾਂਗਰਸ ਦੀ ਝੋਲੀ ਵਿਚ ਪਾਉਣਗੇ। ਇਨ੍ਹਾਂ ਹਾਲਾਤ ਨੂੰ ਦੇਖ ਕੇ ਮੰਨਿਆ ਜਾ ਰਿਹਾ ਹੈ ਕਿ ਹੁਣ ਜਲੰਧਰ ਦੀ ਲੋਕ ਸਭਾ ਸੀਟ ’ਤੇ ਚੰਨੀ ਦੀ ਦਾਅਵੇਦਾਰੀ ਦਾ ਤੋੜ ਚੌਧਰੀ ਪਰਿਵਾਰ ਕੋਲ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ। ਉਮੀਦ ਹੈ ਕਿ ਆਉਣ ਵਾਲੇ ਕੁਝ ਦਿਨਾਂ ਅੰਦਰ ਹਾਈਕਮਾਨ ਪੰਜਾਬ ਨਾਲ ਸਬੰਧਤ ਉਮੀਦਵਾਰਾਂ ਦੇ ਨਾਵਾਂ ਦੀ ਜਾਰੀ ਕੀਤੀ ਜਾਣ ਵਾਲੀ ਪਹਿਲੀ ਲਿਸਟ ਵਿਚ ਚੰਨੀ ਦੇ ਨਾਂ ਦਾ ਐਲਾਨ ਕਰ ਦੇਵੇਗੀ।
ਇਹ ਵੀ ਪੜ੍ਹੋ- ਆਟੋ ਚਾਲਕਾਂ ਲਈ ਅਹਿਮ ਖ਼ਬਰ, ਜਾਰੀ ਹੋਈਆਂ ਸਖ਼ਤ ਹਦਾਇਤਾਂ, ਉਲੰਘਣਾ ਕਰਨ 'ਤੇ ਹੋਵੇਗਾ ਚਲਾਨ
ਚਰਨਜੀਤ ਚੰਨੀ ਟਿਕਟ ਮਿਲਣ ਤੋਂ ਬਾਅਦ ਜੀ.ਟੀ.ਬੀ. ਨਗਰ ਸਥਿਤ ਕੋਠੀ ’ਚ ਲਾਉਣਗੇ ਡੇਰਾ
ਚਰਨਜੀਤ ਸਿੰਘ ਚੰਨੀ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਮਿਲਣ ਤੋਂ ਬਾਅਦ ਖੁੱਲ੍ਹ ਕੇ ਚੋਣ ਮੈਦਾਨ ਵਿਚ ਉਤਰਨਗੇ, ਜਿਸ ਨੂੰ ਲੈ ਕੇ ਉਨ੍ਹਾਂ ਆਪਣੀਆਂ ਪੂਰੀਆਂ ਤਿਆਰੀਆਂ ਵੀ ਕਰ ਲਈਆਂ ਹਨ। ਚੰਨੀ ਨੇ ਜੀ.ਟੀ.ਬੀ. ਨਗਰ ਵਿਚ ਕਾਂਗਰਸ ਦੇ ਇਕ ਸਾਬਕਾ ਕਾਂਗਰਸੀ ਆਗੂ ਦੀ ਕੋਠੀ (ਹੁਣ ਨਹੀਂ) ਨੂੰ ਕਿਰਾਏ ’ਤੇ ਲੈ ਲਿਆ ਹੈ। ਚੰਨੀ ਦੇ ਠਹਿਰਨ ਅਤੇ ਚੋਣ ਪ੍ਰਚਾਰ ਦੀ ਕਮਾਨ ਇਸੇ ਕੋਠੀ ਤੋਂ ਸੰਚਾਲਿਤ ਕੀਤੀ ਜਾਵੇਗੀ ਅਤੇ ਕੋਠੀ ਵਿਚ ਇਸ ਸਬੰਧੀ ਰੈਨੋਵੇਸ਼ਨ ਅਤੇ ਹੋਰ ਸਹੂਲਤਾਂ ਦੇ ਪ੍ਰਬੰਧ ਜ਼ੋਰ-ਸ਼ੋਰ ਨਾਲ ਜਾਰੀ ਹਨ। ਸੂਤਰਾਂ ਦੀ ਮੰਨੀਏ ਤਾਂ ਚਰਨਜੀਤ ਸਿੰਘ ਟਿਕਟ ਦਾ ਐਲਾਨ ਹੋਣ ਤੋਂ ਬਾਅਦ ਵੱਡਾ ਰੋਡ ਸ਼ੋਅ ਕਰਦੇ ਹੋਏ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਣ ਤੋਂ ਬਾਅਦ ਇਸ ਕੋਠੀ ਵਿਚ ਪਹੁੰਚਣਗੇ ਅਤੇ ਇਥੇ ਆਪਣਾ ਪੱਕਾ ਡੇਰਾ ਜਮਾ ਲੈਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਗਦੀਸ਼ ਗਰਚਾ ਦੀ ਘਰ ਵਾਪਸੀ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਵੱਡਾ ਬਲ: ਸੁਖਬੀਰ ਬਾਦਲ
NEXT STORY