ਚੰਡੀਗੜ੍ਹ (ਮੇਸ਼ੀ) : 'ਛੱਤਬੀੜ ਚਿੜੀਆਘਰ' ਵਿਖੇ 2 ਔਰਤਾਂ ਆਪਣੇ ਬੱਚਿਆਂ ਨਾਲ ਘੁੰਮਣ ਆਈਆਂ ਹੋਈਆਂ ਸਨ ਕਿ ਇੱਥੋਂ ਦੇ ਇਕ ਮੁਲਾਜ਼ਮ ਵਲੋਂ ਉਨ੍ਹਾਂ ਸਾਹਮਣੇ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜ਼ੀਰਕਪੁਰ ਦੇ ਵਧਾਵਾ ਨਗਰ ਦੀ ਵਸਨੀਕ ਔਰਤ ਵਲੋਂ ਉਕਤ ਅਸ਼ਲੀਲ ਹਰਕਤਾਂ ਕਰਨ ਦਾ ਮੌਕੇ 'ਤੇ ਵਿਰੋਧ ਕੀਤਾ ਗਿਆ ਤਾਂ ਸੰਬਧਤ ਮੁਲਾਜ਼ਮ ਉੱਥੋਂ ਫਰਾਰ ਹੋ ਗਿਆ। ਔਰਤ ਵਲੋਂ ਮਾਮਲੇ ਦੀ ਸ਼ਿਕਾਇਤ ਚਿੜੀਆਘਰ ਦੇ ਅਧਿਕਾਰੀਆਂ ਨੂੰ ਕੀਤੀ ਪਰ ਇਸ ਘਟਨਾ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ, ਜਿਸ ਕਾਰਨ ਔਰਤਾਂ 'ਚ ਭਾਰੀ ਰੋਸ ਪਾਇਆ ਗਿਆ।
ਚਿੜੀਆਘਰ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ 'ਚ 33 ਸਾਲਾ ਇਕ ਔਰਤ ਨੇ ਦੱਸਿਆ ਕਿ ਜ਼ੀਰਕਪੁਰ 'ਚ ਉਹ ਬੱਚਿਆਂ ਦੀ ਦੇਖ-ਰੇਖ ਕਰਨ ਲਈ ਡੇਅ ਕੇਅਰ ਸੈਂਟਰ ਚਲਾਉਂਦੀ ਹੈ। ਉਹ ਆਪਣੀ ਸਹੇਲੀ ਤੇ ਬੱਚਿਆਂ ਨਾਲ ਛੱਤਬੀੜ ਚਿੜੀਆਘਰ 'ਚ ਘੁੰਮਣ ਆਈ ਸੀ, ਜਦੋਂ ਉਹ ਸ਼ੇਰ ਸਫਾਰੀ ਦੇ ਕੋਲ ਪਹੁੰਚੀਆਂ ਤਾਂ ਉੱਥੇ ਇਕ ਮੁਲਾਜ਼ਮ ਉਨ੍ਹਾਂ ਵੱਲ ਦੇਖ ਕੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ।
ਉਨ੍ਹਾਂ ਵਲੋਂ ਵਿਰੋਧ ਕਰਨ 'ਤੇ ਉਹ ਫਰਾਰ ਹੋ ਗਿਆ। ਉਨ੍ਹਾਂ ਨੇ ਮੌਕੇ 'ਤੇ ਤਾਇਨਾਤ ਮਾਲੀ ਤੇ ਹੋਰ ਮੁਲਾਜ਼ਮਾਂ ਤੋਂ ਪੁੱਛਗਿਛ ਕੀਤੀ ਤਾਂ ਸਾਹਮਣੇ ਆਇਆ ਕਿ ਮੁਲਾਜ਼ਮ ਦਾ ਨਾਂ ਕਾਕੂ ਹੈ। ਮਾਮਲੇ ਦੀ ਸ਼ਿਕਾਇਤ ਮਿਲਣ 'ਤੇ ਚਿੜੀਆਘਰ ਦੇ ਰੇਂਜ ਅਫਸਰ ਮੱਖਣ ਸਿੰਘ ਤੇ ਇਕ ਗਾਰਡ ਮੌਕੇ 'ਤੇ ਆਏ, ਜਿਨ੍ਹਾਂ ਨੇ ਕਾਕੂ ਨੂੰ ਮੌਕੇ 'ਤੇ ਬੁਲਾਇਆ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਰੇਂਜ ਅਫਸਰ ਮੱਖਣ ਸਿੰਘ ਨੇ ਦੋਸ਼ੀ ਕਾਕੂ ਰਾਮ ਖਿਲਾਫ ਠੋਸ ਕਾਰਵਾਈ ਕੀਤੇ ਬਿਨਾਂ ਹੀ ਉਸ ਨੂੰ ਵਾਪਸ ਭੇਜ ਦਿੱਤਾ।
ਇਸੇ ਦੌਰਾਨ ਔਰਤ ਨੇ ਗਾਰਡ 'ਤੇ ਵੀ ਬਦਸਲੂਕੀ ਦਾ ਦੋਸ਼ ਲਾਇਆ। ਰੇਂਜ ਅਫਸਰ ਨੇ ਕਿਹਾ ਕਿ ਸ਼ਿਕਾਇਤ ਮਿਲਣ 'ਤੇ ਉਹ ਮੌਕੇ 'ਤੇ ਪਹੁੰਚੇ ਤੇ ਔਰਤ ਤੋਂ ਮੁਲਾਜ਼ਮ ਦੀ ਪਛਾਣ ਕਰਵਾਈ ਗਈ। ਇਸ ਪਿੱਛੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ 'ਚ ਦੋਸ਼ੀ ਪਾਏ ਜਾਣ 'ਤੇ ਕਸੂਰਵਾਰ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਬਿਆਸ ਤੇ ਸਤਲੁਜ 'ਚ ਹੋਣਗੀਆਂ ਅਟਲ ਜੀ ਦੀਆਂ ਅਸਥੀਆਂ ਪ੍ਰਵਾਹ (ਵੀਡੀਓ)
NEXT STORY