ਲੁਧਿਆਣਾ (ਖੁਰਾਣਾ)- ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀਆਂ ਟੀਮਾਂ ਨੇ ਸ਼ਹਿਰ ਦੇ ਮਾਡਲ ਟਾਊਨ, ਗੁਲਾਟੀ ਚੌਕ, ਕ੍ਰਿਸ਼ਨਾ ਮੰਦਰ, ਗੁਰੂ ਤੇਗ ਬਹਾਦਰ ਹਸਪਤਾਲ ਰੋਡ ਅਤੇ ਦੁੱਗਰੀ ਫੇਜ਼-1 ਸਥਿਤ ਢਾਬਿਆਂ, ਰੈਸਟੋਰੈਂਟਾਂ ਅਤੇ ਫਾਸਟ ਫੂਡ ਰੇਹੜੀਆਂ ’ਤੇ ਛਾਪੇਮਾਰੀ ਕਰਦਿਆਂ ਕਮਰਸ਼ੀਅਲ ਦੀ ਥਾਂ ਵਰਤੇ ਜਾ ਰਹੇ 6 ਘਰੇਲੂ ਗੈਸ ਸਿਲੰਡਰ ਕਬਜ਼ੇ ਵਿਚ ਲਏ ਹਨ।
ਦੂਜੇ ਪਾਸੇ ਸ਼ਿਕਾਇਤਕਰਤਾ ਅਰਵਿੰਦ ਸ਼ਰਮਾ ਨੇ ਇਸ ਕਾਰਵਾਈ ਨੂੰ ‘ਆਈ-ਵਾਸ਼’ ਕਰਾਰ ਦਿੰਦਿਆਂ ਕਿਹਾ ਕਿ ਅਧਿਕਾਰੀ ਸਿਰਫ਼ ਖਾਨਾਪੂਰਤੀ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕੰਟਰੋਲਰ ਸਰਤਾਜ ਸਿੰਘ ਚੀਮਾ ਅਤੇ ਲਖਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਦੇਰ ਸ਼ਾਮ ਬਾਜ਼ਾਰਾਂ ਦੀਆਂ ਚੌਪਾਟੀਆਂ ’ਤੇ ਇਮਾਨਦਾਰੀ ਨਾਲ ਛਾਪੇਮਾਰੀ ਕੀਤੀ ਜਾਵੇ ਤਾਂ 100 ਦੇ ਕਰੀਬ ਘਰੇਲੂ ਸਿਲੰਡਰ ਬਰਾਮਦ ਹੋ ਸਕਦੇ ਹਨ।
ਸ਼ਰਮਾ ਨੇ ਦੋਸ਼ ਲਾਇਆ ਕਿ ਗੈਸ ਏਜੰਸੀਆਂ ਦੇ ਡੀਲਰਾਂ ਦੀ ਮਿਲੀਭੁਗਤ ਨਾਲ ਸਿਲੰਡਰ 2,000 ਤੋਂ 2,500 ਰੁਪਏ ਵਿਚ ਬਲੈਕ ਹੋ ਰਹੇ ਹਨ ਅਤੇ ਵਿਭਾਗੀ ਅਧਿਕਾਰੀ ਡਿਊਟੀ ਸਮੇਂ ਤੋਂ ਪਹਿਲਾਂ ਹੀ ਦਫ਼ਤਰ ਛੱਡ ਕੇ ਚਲੇ ਜਾਂਦੇ ਹਨ।
ਡੀ. ਐੱਫ. ਐੱਸ. ਓ. ਧਾਲੀਵਾਲ ਖ਼ਿਲਾਫ਼ ਫਿਰ ਲੱਗੇ ਗੰਭੀਰ ਦੋਸ਼
ਉਧਰ ਆਰ. ਟੀ. ਆਈ. ਐਕਟੀਵਿਸਟ ਰੋਹਿਤ ਸੱਭਰਵਾਲ ਨੇ ਡੀ. ਐੱਫ. ਐੱਸ. ਓ. ਚਰਨਜੀਤ ਸਿੰਘ ਧਾਲੀਵਾਲ ’ਤੇ ਨਿਸ਼ਾਨਾ ਸਾਧਦਿਆਂ ਬਿਨਾਂ ਸਰਕਾਰੀ ਆਗਿਆ ਦੇ ਸਟੇਸ਼ਨ ਛੱਡਣ ਦੇ ਦੋਸ਼ ਲਾਏ ਹਨ। ਸੱਭਰਵਾਲ ਨੇ ਦਾਅਵਾ ਕੀਤਾ ਕਿ ਧਾਲੀਵਾਲ ਰੋਜ਼ਾਨਾ ਰਾਏਕੋਟ ਸਥਿਤ ਆਪਣੀ ਰਿਹਾਇਸ਼ ਤੋਂ ਸਰਾਭਾ ਨਗਰ ਦਫ਼ਤਰ ਤੱਕ ਅਪਡਾਊਨ ਕਰਦੇ ਹਨ, ਜੋ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਮੰਗ ਕੀਤੀ ਕਿ ਸੱਚਾਈ ਸਾਹਮਣੇ ਲਿਆਉਣ ਲਈ ਅਧਿਕਾਰੀ ਦੇ ਮੋਬਾਈਲ ਫੋਨ ਦੀ ਪਿਛਲੇ ਇਕ ਮਹੀਨੇ ਦੀ ਲੋਕੇਸ਼ਨ ਜਾਂਚੀ ਜਾਵੇ।
ਗੈਸ ਪਲਟੀ ਦੇ ਨਾਂ ’ਤੇ ਖੁੱਲ੍ਹੇਆਮ ਚੱਲ ਰਿਹਾ ਮੌਤ ਦਾ ਕਾਲਾ ਕਾਰੋਬਾਰ
ਵਿਭਾਗੀ ਦਾਅਵਿਆਂ ਦੇ ਉਲਟ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਬਹਾਦਰਕੇ ਰੋਡ ਸਥਿਤ ਮਨਮੋਹਨ ਕਾਲੋਨੀ, ਨੂਰਵਾਲਾ ਰੋਡ ਦੀ ਦਸਮੇਸ਼ ਕਾਲੋਨੀ ਅਤੇ ਜਲੰਧਰ ਬਾਈਪਾਸ ਨੇੜਲੇ ਇਲਾਕਿਆਂ ਵਿਚ ਗੈਸ ਮਾਫੀਆ ਵਲੋਂ ਐੱਲ. ਪੀ. ਜੀ. ਗੈਸ ਦੀ ਪਲਟੀ ਮਾਰਨ ਦਾ ਖ਼ਤਰਨਾਕ ਕਾਰੋਬਾਰ ਬੇਖ਼ੌਫ਼ ਚਲਾਇਆ ਜਾ ਰਿਹਾ ਹੈ, ਜਿਥੇ ਇਕ ਛੋਟੀ ਜਿਹੀ ਲਾਪ੍ਰਵਾਹੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਕੈਮਰੇ ਵਿਚ ਕੈਦ ਹੋਈਆਂ ਤਸਵੀਰਾਂ ਨੇ ਡੀ. ਐੱਫ. ਐੱਸ. ਓ. ਧਾਲੀਵਾਲ ਦੇ ਉਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ, ਜਿਨ੍ਹਾਂ ਵਿਚ ਉਨ੍ਹਾਂ ਇਲਾਕੇ ਅੰਦਰ ਗੈਸ ਦੀ ਕਾਲਾਬਜ਼ਾਰੀ ਜਾਂ ਪਲਟੀ ਨਾ ਹੋਣ ਦੀ ਗੱਲ ਆਖੀ ਸੀ।
ਰੋਡਰੇਜ ਫਾਇਰਿੰਗ ਕਾਂਡ: ਹਮਲਾਵਰਾਂ ਦੀ i-20 ਕਾਰ ਖਰੜ ਤੋਂ ਬਰਾਮਦ, 5 ਮੁਲਜ਼ਮਾਂ ਦੀ ਹੋਈ ਪਛਾਣ
NEXT STORY