ਲੁਧਿਆਣਾ (ਰਾਜ)- ਫਿਰੋਜ਼ਪੁਰ ਰੋਡ ਸਥਿਤ ਵੇਰਕਾ ਮਿਲਕ ਪਲਾਂਟ ਦੀਆਂ ਲਾਈਟਾਂ ਨੇੜੇ ਬੀਤੀ ਰਾਤ ਰੋਡਰੇਜ ਦੌਰਾਨ 37 ਸਾਲਾ ਕਲਾਊਡ ਕਿਚਨ ਸੰਚਾਲਕ ਨੂੰ ਗੋਲੀ ਮਾਰਨ ਦੀ ਵਾਰਦਾਤ ਵਿਚ ਲੁਧਿਆਣਾ ਪੁਲਸ ਦੇ ਹੱਥ ਵੱਡਾ ਸੁਰਾਗ ਲੱਗਿਆ ਹੈ। ਚੰਡੀਗੜ੍ਹ ਵੱਲ ਫ਼ਰਾਰ ਹੋਏ ਹਮਲਾਵਰਾਂ ਵਲੋਂ ਖਰੜ ਵਿਖੇ ਲਾਵਾਰਿਸ ਛੱਡੀ ਗਈ ਆਈ-20 ਕਾਰ ਨੂੰ ਪੁਲਸ ਨੇ ਬਰਾਮਦ ਕਰ ਲਿਆ ਹੈ ਅਤੇ ਵਾਰਦਾਤ ਵਿਚ ਸ਼ਾਮਲ ਸਾਰੇ ਪੰਜੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ।
ਉੱਧਰ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ ਸ਼ਰਦ ਦੀ ਡੀ. ਐੱਮ. ਸੀ. ਹਸਪਤਾਲ ਵਿਖੇ ਦੇਰ ਰਾਤ ਸਫ਼ਲ ਸਰਜਰੀ ਕਰ ਦਿੱਤੀ ਗਈ। ਹਾਲਾਂਕਿ, ਜ਼ਿਆਦਾ ਖੂਨ ਵਹਿਣ ਅਤੇ ਅੰਦਰੂਨੀ ਸੱਟਾਂ ਕਾਰਨ ਅਗਲੇ 24 ਘੰਟੇ ਬੇਹੱਦ ਅਹਿਮ ਦੱਸੇ ਜਾ ਰਹੇ ਹਨ।
ਮਾਮੂਲੀ ਟੱਕਰ ਮਗਰੋਂ ਨਸ਼ੇ ’ਚ ਟੁੰਨ ਨੌਜਵਾਨਾਂ ਦੀ ਗੁੰਡਾਗਰਦੀ, ਵੀਡੀਓ ਬਣਾਉਣ ’ਤੇ ਚਲਾਈ ਗੋਲੀ
ਪਰਿਵਾਰਕ ਮੈਂਬਰਾਂ ਅਨੁਸਾਰ ਸ਼ਰਦ ਆਪਣੀ ਪਤਨੀ ਅਤੇ ਬਜ਼ੁਰਗ ਮਾਂ ਨਾਲ ਹੁੰਡਈ ਵੈਨਿਊ ਕਾਰ ਵਿਚ ਘਰ ਪਰਤ ਰਹੇ ਸਨ। ਵੇਰਕਾ ਚੌਕ ਦੀਆਂ ਲਾਈਟਾਂ ਕੋਲ 3 ਗੱਡੀਆਂ ਦੀ ਆਪਸ ਵਿਚ ਮਾਮੂਲੀ ਟੱਕਰ ਹੋ ਗਈ। ਇਸ ਮਗਰੋਂ ਆਈ-20 ਕਾਰ ਵਿਚੋਂ ਸ਼ਰਾਬ ਦੇ ਨਸ਼ੇ ਵਿਚ ਟੁੰਨ ਪੰਜ ਨੌਜਵਾਨ ਬਾਹਰ ਨਿਕਲੇ ਅਤੇ ਕਾਰ ਵਿਚ ਔਰਤਾਂ ਦੇ ਬੈਠੇ ਹੋਣ ਦੇ ਬਾਵਜੂਦ ਗਾਲੀ-ਗਲੋਚ ਕਰਨ ਲੱਗੇ।
ਵਿਰੋਧ ਕਰਨ ’ਤੇ ਮੁਲਜ਼ਮਾਂ ਨੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਦੋਂ ਸ਼ਰਦ ਨੇ ਸਬੂਤ ਵਜੋਂ ਮੋਬਾਈਲ ਫੋਨ ’ਤੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਭੜਕੇ ਨੌਜਵਾਨਾਂ ਵਿਚੋਂ ਇਕ ਨੇ ਪਿਸਤੌਲ ਕੱਢ ਕੇ ਨੇੜਿਓਂ ਸਿੱਧੀ ਗੋਲੀ ਚਲਾ ਦਿੱਤੀ, ਜੋ ਸ਼ਰਦ ਦੇ ਪੇਟ (ਧੁੰਨੀ ਤੋਂ ਉੱਪਰ) ਵਿਚ ਲੱਗ ਕੇ ਪਿੱਠ ਰਾਹੀਂ ਆਰ-ਪਾਰ ਹੋ ਗਈ।
ਸਬੂਤ ਮਿਟਾਉਣ ਲਈ ਖੋਹ ਕੇ ਲੈ ਗਏ ਮੋਬਾਈਲ, ਰਾਹਗੀਰਾਂ ਨੇ ਪਹੁੰਚਾਇਆ ਹਸਪਤਾਲ
ਗੋਲੀ ਲੱਗਣ ਨਾਲ ਸ਼ਰਦ ਖੂਨ ਨਾਲ ਲਥਪਥ ਹੋ ਕੇ ਸੜਕ ’ਤੇ ਡਿੱਗ ਪਏ। ਪਰਿਵਾਰ ਦਾ ਦੋਸ਼ ਹੈ ਕਿ ਵਾਰਦਾਤ ਮਗਰੋਂ ਮੁਲਜ਼ਮ ਸਬੂਤ ਮਿਟਾਉਣ ਦੀ ਨੀਅਤ ਨਾਲ ਸ਼ਰਦ ਦਾ ਮੋਬਾਈਲ ਫੋਨ ਵੀ ਖੋਹ ਕੇ ਫ਼ਰਾਰ ਹੋ ਗਏ। ਪਤਨੀ ਅਤੇ ਮਾਂ ਦੀਆਂ ਚੀਕਾਂ ਸੁਣ ਕੇ ਇਕੱਠੇ ਹੋਏ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀ ਸ਼ਰਦ ਨੂੰ ਤੁਰੰਤ ਡੀ. ਐੱਮ. ਸੀ. ਹਸਪਤਾਲ ਦਾਖ਼ਲ ਕਰਵਾਇਆ ਗਿਆ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕੀਤੀ ਜਾ ਰਹੀ ਛਾਪੇਮਾਰੀ : ਏ. ਡੀ. ਸੀ. ਪੀ.
ਏ. ਡੀ. ਸੀ. ਪੀ. ਡੀ. ਸਾਈ ਪ੍ਰਕਾਸ਼ ਨੇ ਦੱਸਿਆ ਕਿ ਰੋਡਰੇਜ ਦੀ ਇਸ ਘਟਨਾ ਵੇਲੇ ਮੁਲਜ਼ਮ ਸ਼ਰਾਬ ਦੇ ਨਸ਼ੇ ਵਿਚ ਸਨ। ਪੁਲਸ ਟੀਮਾਂ ਨੇ ਪਿੱਛਾ ਕਰਦਿਆਂ ਖਰੜ ਤੋਂ ਲਾਵਾਰਿਸ ਹਾਲਤ ਵਿਚ ਖੜ੍ਹੀ ਵਾਰਦਾਤ ’ਚ ਵਰਤੀ ਗਈ ਆਈ-20 ਕਾਰ ਬਰਾਮਦ ਕਰ ਲਈ ਹੈ ਅਤੇ ਪੰਜੇ ਹਮਲਾਵਰਾਂ ਦੀ ਪਛਾਣ ਵੀ ਹੋ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦ ਹੀ ਸਾਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਸੇਫ ਸਿਟੀ ਕੈਮਰਿਆਂ ਦੀ ਫੁਟੇਜ, ਡੰਪ ਡਾਟਾ ਅਤੇ ਮੋਬਾਈਲ ਲੋਕੇਸ਼ਨ ਚੈੱਕ ਕਰ ਰਹੀ ਪੁਲਸ
ਥਾਣਾ ਸਰਾਭਾ ਨਗਰ ਵਿਖੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਨ ਉਪਰੰਤ ਪੁਲਸ ਦੀਆਂ ਵਿਸ਼ੇਸ਼ ਟੀਮਾਂ ਤਕਨੀਕੀ ਜਾਂਚ ਕਰ ਰਹੀਆਂ ਹਨ। ਵੇਰਕਾ ਚੌਕ ਤੋਂ ਫਿਰੋਜ਼ਪੁਰ ਰੋਡ, ਬੱਦੋਵਾਲ ਅਤੇ ਸਰਾਭਾ ਨਗਰ ਵੱਲ ਜਾਂਦੇ ਰਸਤਿਆਂ ਦੇ ‘ਸੇਫ ਸਿਟੀ’ ਅਤੇ ਨਿੱਜੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਇਸ ਤੋਂ ਇਲਾਵਾ ਘਟਨਾ ਸਥਾਨ ਦਾ ਮੋਬਾਈਲ ਡੰਪ ਡਾਟਾ ਕੱਢਣ ਦੇ ਨਾਲ-ਨਾਲ ਖੋਹੇ ਗਏ ਫੋਨ ਦੀ ਆਖਰੀ ਲੋਕੇਸ਼ਨ ਵੀ ਟ੍ਰੇਸ ਕੀਤੀ ਜਾ ਰਹੀ ਹੈ।
ਕ੍ਰੈਡਿਟ ਕਾਰਡ ਤੋਂ ਧੋਖਾਧੜੀ ਕਰਨ ਵਾਲੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ
NEXT STORY