ਤਰਨਤਾਰਨ (ਰਮਨ) : ਬੀਤੇ ਦਿਨੀਂ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਿਚ ਇਕ ਕੈਮਿਸਟ ਮਾਲਕ ਪਾਸੋਂ 30 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮਾਂ ਨੂੰ ਪੁਲਸ ਨੇ ਇਕ ਪਿਸਤੌਲ, ਮੋਬਾਈਲ ਫੋਨ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮਾਂ ਵੱਲੋਂ ਬੀਤੇ ਦਿਨੀਂ ਫਿਰੌਤੀ ਨਾ ਮਿਲਣ ਦੀ ਸੂਰਤ ਵਿਚ ਮੈਡੀਕਲ ਸਟੋਰ ਮਾਲਕ ਦੇ ਘਰ ਬਾਹਰ ਫਾਇਰਿੰਗ ਵੀ ਕੀਤੀ ਗਈ ਸੀ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਖਜ਼ਾਨ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਮਾਣਕਪੁਰ ਜੋ ਘਰਿਆਲਾ ਵਿਖੇ ਮੈਡੀਕਲ ਸਟੋਰ ਦਾ ਕਾਰੋਬਾਰ ਕਰਦਾ ਹੈ ਨੇ ਬਿਆਨ ਦਰਜ ਕਰਵਾਏ ਸਨ ਕਿ ਬੀਤੀ 17 ਅਪ੍ਰੈਲ ਨੂੰ ਜਦੋਂ ਉਹ ਆਪਣੇ ਘਰ ਵਿਚ ਮੌਜੂਦ ਨਹੀਂ ਸੀ ਤਾਂ ਉਸਦੇ ਘਰ ਬਾਹਰ ਰਾਤ 11 ਵਜੇ ਦੇ ਕਰੀਬ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਦੇ ਬਾਹਰ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਉਹ ਫਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਕੱਚਾ ਪੱਕਾ ਵਿਖੇ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਡੀ. ਐੱਸ. ਪੀ. ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਮੈਡੀਕਲ ਸਟੋਰ ਮਾਲਕ ਨੇ ਬਾਅਦ ਵਿਚ ਪੁਲਸ ਨੂੰ ਦੱਸਿਆ ਕਿ ਉਸ ਨੂੰ ਮੋਬਾਈਲ ਫੋਨ ਰਾਹੀਂ ਧਮਕੀ ਦਿੰਦੇ ਹੋਏ 30 ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਗਈ ਸੀ, ਜਿਸ ਤੋਂ ਬਾਅਦ ਜੁਰਮ ਵਿਚ ਵਾਧਾ ਕੀਤਾ ਗਿਆ ਅਤੇ ਪੁਲਸ ਵੱਲੋਂ ਇਸ ਕੇਸ ਨੂੰ ਹੱਲ ਕਰਨ ਲਈ ਸੀ. ਆਈ. ਏ. ਸਟਾਫ ਤਰਨਤਾਰਨ ਅਤੇ ਪੁਲਸ ਵੱਲੋਂ ਸਾਂਝੀ ਟੀਮ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਡੀ. ਐੱਸ. ਪੀ. ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਕੀਤੀ ਗਈ ਬਾਰੀਕੀ ਨਾਲ ਜਾਂਚ ਅਤੇ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਇਸ ਕੇਸ ਨੂੰ ਹੱਲ ਕਰਦੇ ਹੋਏ ਰਸ਼ਪਾਲ ਸਿੰਘ ਉਰਫ ਪਾਲ ਪੁੱਤਰ ਸੁਖਚੈਨ ਸਿੰਘ ਵਾਸੀ ਪਿੰਡ ਭੰਗਾਲਾ ਅਤੇ ਇੰਦਰਜੀਤ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ ਭੰਗਾਲਾ ਨੂੰ ਗ੍ਰਿਫਤਾਰ ਕਰਦੇ ਹੋਏ ਵਾਰਦਾਤ ਲਈ ਵਰਤਿਆ ਗਿਆ ਦੇਸੀ 32 ਬੋਰ ਪਿਸਤੌਲ ਸਮੇਤ ਇਕ ਰੌਂਦ, ਮੋਬਾਈਲ ਫੋਨ ਅਤੇ ਬਿਨਾਂ ਨੰਬਰੀ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਡੀ. ਐੱਸ. ਪੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਕੰਵਲਬੀਰ ਸਿੰਘ ਵਾਸੀ ਅੰਮ੍ਰਿਤਸਰ ਹਾਲ ਵਾਸੀ ਕੈਨੇਡਾ ਦੇ ਕਹਿਣ ਉਪਰ ਦਿੱਤਾ ਸੀ, ਜਿਸ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਵਿਦੇਸ਼ ਮੰਤਰਾਲੇ ਨਾਲ ਸੰਪਰਕ ਬਣਾਉਣ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦਾ ਰਿਮਾਂਡ ਹਾਸਿਲ ਕਰ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ, ਜਿਸ ਵਿਚ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਮੁਲਜ਼ਮ ਪਹਿਲਾਂ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ।
ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ, ਘੱਟ ਤੋਂ ਘੱਟ ਪਾਰੇ ਵਿਚ ਥੋੜ੍ਹੀ ਕਮੀ
NEXT STORY