ਚੰਡੀਗੜ੍ਹ (ਅਸ਼ਵਨੀ)—ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਜੇਕਰ ਉਸ ਦਾ ਪੰਜਾਬ ਦੀ ਸਮੁੱਚੀ ਪੁਲਸ ਫੋਰਸ ਤੋਂ ਭਰੋਸਾ ਉੱਠ ਚੁੱਕਿਆ ਹੈ ਤਾਂ ਉਹ ਕੋਟਕਪੂਰਾ ਅਤੇ ਬਹਿਬਲ ਕਲਾਂ ਪੁਲਸ ਕਾਰਵਾਈ ਦੀ ਜਾਂਚ ਕਰ ਰਹੀ 'ਸਿਟ' ਦੇ ਏ. ਡੀ. ਜੀ. ਪੀ. ਅਤੇ ਬਾਕੀ ਟੀਮ ਮੈਂਬਰਾਂ ਦੀ ਛੁੱਟੀ ਕਰੇ।
ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਸੰਕੇਤ ਦੇ ਚੁੱਕਿਆ ਹੈ ਕਿ ਉਸ ਨੂੰ 'ਸਿਟ' ਦੀ ਅਗਵਾਈ ਕਰਨ ਵਾਲੇ ਏ.ਡੀ.ਜੀ.ਪੀ. ਪੱਧਰ ਦੇ ਅਧਿਕਾਰੀ ਜਾਂ ਬਾਕੀ ਟੀਮ ਮੈਂਬਰਾਂ ਉੱਤੇ ਕੋਈ ਭਰੋਸਾ ਨਹੀਂ ਹੈ, ਜਦਕਿ ਇਨ੍ਹਾਂ ਸਾਰਿਆਂ ਦੀ ਉਨ੍ਹਾਂ ਨੇ ਖੁਦ ਨਿਯੁਕਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਬਿਆਨ ਤੋਂ ਸਿਰਫ ਇਹੀ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਸਾਬਕਾ 'ਸਿਟ' ਮੈਂਬਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ, ਜਿਸ ਨੂੰ ਚੋਣ ਕਮਿਸ਼ਨ ਵੱਲੋਂ ਜਾਂਚ ਦੇ ਕੰਮ ਤੋਂ ਲਾਂਭੇ ਕੀਤਾ ਜਾ ਚੁੱਕਿਆ ਹੈ, ਨੂੰ ਚੋਣਾਂ ਤੋਂ ਬਾਅਦ ਦੁਬਾਰਾ 'ਸਿਟ' ਟੀਮ ਵਿਚ ਲਿਆਂਦਾ ਜਾਵੇਗਾ। ਇੰਝ ਜਾਪਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਲਈ ਆਈ.ਜੀ. ਅਸਲੀ ਜ਼ਿੰਦਗੀ ਵਾਲਾ ਮੋਗੈਂਬੋ ਹੈ ਅਤੇ ਉਹ ਮਹਿਸੂਸ ਕਰਦਾ ਹੈ ਕਿ ਆਈ. ਜੀ. ਹੀ ਅਕਾਲੀ ਦਲ ਨੂੰ ਫਸਾ ਸਕਦਾ ਹੈ।
ਇਹ ਟਿੱਪਣੀ ਕਰਦਿਆਂ ਕਿ ਸਿਆਸੀ ਤੌਰ 'ਤੇ ਪ੍ਰੇਰਿਤ ਅਤੇ ਬਦਲੇਖੋਰੀ ਵਾਲੀ ਜਾਂਚ ਨੂੰ ਆਰਜ਼ੀ ਤੌਰ 'ਤੇ ਰੋਕੇ ਜਾਣ 'ਤੇ ਮੁੱਖ ਮੰਤਰੀ ਨੂੰ ਹੋਈ ਪ੍ਰੇਸ਼ਾਨੀ ਨੂੰ ਉਹ ਸਮਝ ਸਕਦੇ ਹਨ, ਮਜੀਠੀਆ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਉਸ ਅਧਿਕਾਰੀ ਨੂੰ ਮੁੜ ਜਾਂਚ 'ਤੇ ਲਾਉਣ ਲਈ ਆਜ਼ਾਦ ਹੈ। ਅਕਾਲੀ ਦਲ ਸੱਚ ਦੇ ਨਾਲ ਖੜ੍ਹਾ ਹੈ ਅਤੇ ਉਹ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਅੱਗੇ ਝੁਕੇਗਾ ਨਹੀਂ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਸਰਕਾਰ ਦਾ ਪੋਲ ਖੋਲ੍ਹਣਗੇ, ਜੋ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਸੁਤੰਤਰ ਜਾਂਚ ਏਜੰਸੀ ਤੋਂ ਜਾਂਚ ਕਰਵਾਉਣ ਦਾ ਨਿਰਦੇਸ਼ ਦੇਣ ਤੋਂ ਡਰਦੀ ਹੈ।
ਨਾ ਬੈਂਕ ਬੈਲੇਂਸ, ਨਾ ਕੈਸ਼ ਇਨ ਹੈਂਡ ਪਰ ਸਾਂਸਦ ਬਣਨ ਦੀ ਤਮੰਨਾ
NEXT STORY