ਚੰਡੀਗੜ੍ਹ - ਸੀ.ਬੀ.ਐੱਸ.ਈ. ਵੱਲੋਂ ਬਾਰਵੀਂ ਸ਼੍ਰੇਣੀ ਦੇ ਐਲਾਨੇ ਗਏ ਨਤੀਜਿਆਂ 'ਚ ਇੱਥੋਂ ਦੇ ਚਿਤਕਾਰਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਸਕੂਲ ਦੀ ਵਿਦਿਆਰਥਣ ਜੈਸਿਕਾ ਸੈਣੀ ਨੇ 96 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਸਮੁੱਚੇ 77 ਵਿਦਿਆਰਥੀ ਪਹਿਲੇ ਦਰਜੇ 'ਚ ਪਾਸ ਹੋਏ ਹਨ ਤੇ 14 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਜਿਨ੍ਹਾਂ ਬੱਚਿਆ ਦੇ 90 ਫ਼ੀਸਦੀ ਤੋਂ ਵੱਧ ਅੰਕ ਹਨ ਉਨ੍ਹਾਂ 'ਚ ਜੈਸਿਕਾ ਸੈਣੀ ਤੋਂ ਇਲਾਵਾ ਜੈਸਮੀਨ, ਰੋਹਿਨ, ਸਕਸ਼ਮ, ਸੌਰਭ, ਸੁਖਮਨ, ਪ੍ਰਭਜੋਤ, ਇਸ਼ਿਕਾ, ਸਮਰਿੱਧੀ ਅਤੇ ਹਿਰਾ ਬਹਾਦਰ ਸ਼ਾਮਲ ਹਨ।

ਚਿਤਕਾਰਾ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਡਾ. ਨਿਯਤੀ ਚਿਤਕਾਰਾ ਨੇ ਸਕੂਲ ਦੇ ਸ਼ਾਨਦਾਰ ਨਤੀਜੇ ਨੂੰ ਅਧਿਆਪਕਾਂ ਦੀ ਸਖ਼ਤ ਮਿਹਨਤ ਤੇ ਵਿਦਿਆਰਥੀਆਂ ਦੀ ਲਗਨ ਦਾ ਨਤੀਜਾ ਦੱਸਿਆ। ਉਨ੍ਹਾਂ ਦੱਸਿਆ ਕਿ ਹਿਊਮਨਟੀਜ 'ਚ ਸਕੂਲ 'ਚੋਂ ਮੋਹਰੀ ਰਹਿਣ ਵਾਲੀ ਜੈਸਿਕਾ ਸੈਣੀ ਨੇ ਰਾਜਨੀਤੀ ਸ਼ਾਸ਼ਤਰ 'ਚ 98 ਫ਼ੀਸਦੀ ਅੰਕ ਹਾਸਲ ਕੀਤੇ ਹਨ ਅਤੇ ਉਹ ਬਾਸਕਟਬਾਲ ਅਤੇ ਡਾਂਸ ਦੀ ਪ੍ਰਤਿਭਾਸ਼ੀਲ ਖਿਡਾਰਣ ਹੈ। ਉਨ੍ਹਾਂ ਦੱਸਿਆ ਕਿ ਇਸੇ ਗਰੁੱਪ 'ਚ ਦੂਜੇ ਸਥਾਨ ਤੇ ਰਹਿਣ ਵਾਲੀ ਸੁਖਮਨ ਨੇ 95 ਫ਼ੀਸਦੀ ਅੰਕ ਹਾਸਲ ਕੀਤੇ ਹਨ ਤੇ ਉਹ ਚੰਗੀ ਖਿਡਾਰਣ ਹੈ।

ਰਿਹਨ ਸਾਗਰ ਨੇ ਕਾਮਰਸ ਗਰੁੱਪ 'ਚ ਅਤੇ ਸਮਰਿੱਧੀ ਨੇ ਨਾਨ ਮੈਡੀਕਲ 'ਚ 95 ਫ਼ੀਸਦੀ ਅੰਕ ਲੈ ਕੇ ਆਪੋ ਆਪਣੇ ਗਰੁੱਪਾਂ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਵਿਦਿਆਰਥੀ ਅਤੇ ਕੌਮੀ ਪੱਧਰ ਦੇ ਫੁੱਟਬਾਲ ਖਿਡਾਰੀ ਹੀਰਾ ਬਹਾਦਰ ਨੇ 94 ਫੀਸਦੀ ਅੰਕ ਲੈ ਕੇ ਨਵਾਂ ਮਾਅਰਕਾ ਮਾਰਿਆ ਹੈ। ਪ੍ਰਿੰਸੀਪਲ ਡਾ. ਨਿਯਤੀ ਚਿਤਕਾਰਾ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੰਦਿਆਂ ਬੱਚਿਆਂ ਨੂੰ ਭਵਿੱਖੀ ਪੜਾਈ ਲਈ ਸ਼ੁੱਭ ਇਛਾਵਾਂ ਦਿੱਤੀਆਂ। ਉਨ੍ਹਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਕੱਲ ਦੇ ਡਾਕਟਰ, ਇੰਜਨੀਅਰ ਤੇ ਅਧਿਆਪਕ ਦੱਸਦਿਆਂ ਉਨ੍ਹਾਂ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ।

ਲੁਧਿਆਣਾ 'ਚ ਕੋਰੋਨਾ ਕਾਰਨ 7 ਮਰੀਜ਼ਾਂ ਦੀ ਮੌਤ, 73 ਨਵੇਂ ਮਾਮਲਿਆਂ ਦੀ ਪੁਸ਼ਟੀ
NEXT STORY