ਚੰਡੀਗੜ੍ਹ (ਰਮਨਜੀਤ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬਾਦਲਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਦਾ ਵਿਰੋਧ ਮਹਿਜ ਸਿਆਸੀ ਡਰਾਮੇਬਾਜ਼ੀ ਦੱਸਿਆ ਹੈ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਚੀਮਾ ਨੇ ਕਿਹਾ ਕਿ ਅਕਾਲੀ ਦਲ ਦੀ ਕੋਰ ਕਮੇਟੀ 'ਚ ਕਲੋਜ਼ਰ ਰਿਪੋਰਟ ਬਾਰੇ ਬਾਦਲਾਂ ਨੇ ਜੋ ਬਿਆਨਬਾਜ਼ੀ ਕੀਤੀ ਹੈ, ਉਹ ਬਾਦਲਾਂ ਦੀ ਦੋਗਲੀ ਨੀਤੀ ਦਾ ਸਿਖਰ ਹੈ ਅਤੇ ਪੰਜਾਬ ਦੇ ਲੋਕ ਬਾਦਲਾਂ ਦੀ ਇਸ ਸਿਆਸੀ ਬਿਆਨਬਾਜ਼ੀ ਤੋਂ ਭਲੀਭਾਂਤ ਵਾਕਿਫ਼ ਹਨ।
ਚੀਮਾ ਨੇ ਕਿਹਾ ਕਿ ਬਾਦਲ ਇੰਝ ਦਿਖਾਵਾ ਕਰ ਰਹੇ ਹਨ ਜਿਵੇਂ ਕੇਂਦਰ 'ਚ ਕਿਸੇ ਵਿਰੋਧੀ ਧਿਰ ਦੀ ਸਰਕਾਰ ਹੋਵੇ, ਇਸ ਲਈ ਬਾਦਲ ਚਾਹੁਣ ਤਾਂ 24 ਘੰਟਿਆਂ 'ਚ ਸੀ.ਬੀ.ਆਈ. ਆਪਣਾ ਫ਼ੈਸਲਾ ਬਦਲ ਸਕਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਰਜ਼ੀ ਬਿਨਾਂ ਇਸ ਸਮੇਂ ਦੇਸ਼ 'ਚ ਪੱਤਾ ਨਹੀਂ ਹਿੱਲ ਸਕਦਾ, ਫਿਰ ਇੰਨੇ ਸੰਵੇਦਨਸ਼ੀਲ ਮਾਮਲੇ 'ਚ ਸੀ.ਬੀ.ਆਈ. ਉਸ ਸਮੇਂ ਕਲੋਜ਼ਰ ਰਿਪੋਰਟ ਕਿਵੇਂ ਦੇ ਸਕਦੀ ਹੈ, ਜਦੋਂ ਪੰਜਾਬ 'ਚ ਵਿਸ਼ੇਸ਼ ਜਾਂਚ ਪੂਰੀ ਨਹੀਂ ਹੋਈ। ਚੀਮਾ ਨੇ ਕਿਹਾ ਕਿ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਨੇ ਵਿਰੋਧਾਭਾਸ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ, ਜਿਸ ਕਾਰਨ ਕਾਨੂੰਨੀ ਤੌਰ 'ਤੇ ਕੇਸ ਪ੍ਰਭਾਵਿਤ ਹੋਵੇਗਾ ਅਤੇ ਇਸ ਦਾ ਫ਼ਾਇਦਾ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਸਾਰੇ ਛੋਟੇ-ਵੱਡੇ ਦੋਸ਼ੀ ਉਠਾਉਣਗੇ। ਚੀਮਾ ਨੇ ਕਿਹਾ ਕਿ ਕੈ. ਅਮਰਿੰਦਰ ਸਿੰਘ ਸਰਕਾਰ ਵੀ ਬਾਦਲਾਂ ਨਾਲ ਰਲੀ ਹੋਈ ਹੈ ਅਤੇ ਬੇਅਦਬੀ ਮਾਮਲਿਆਂ 'ਚ ਸ਼ਾਮਲ ਦੋਸ਼ੀਆਂ ਨੂੰ ਬਚਾਉਣ 'ਤੇ ਤੁਲੀ ਹੋਈ ਹੈ।
ਚਾਰਟਰ ਜਹਾਜ਼ ਰਾਹੀ ਵਿਦੇਸ਼ਾਂ 'ਚ ਮਰਿਆਦਾ ਨਾਲ ਭੇਜੇ ਜਾਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ
NEXT STORY