ਜਲੰਧਰ (ਧਵਨ)- ਕਾਂਗਰਸ ਦੇ ਕੌਮੀ ਬੁਲਾਰੇ ਚਰਨ ਸਿੰਘ ਸਪਰਾ ਨੇ ਕਿਹਾ ਹੈ ਕਿ ਜੇਕਰ ਸੂਬੇ ਵਿਚ ਲੰਗੜੀ ਵਿਧਾਨ ਸਭਾ ਆਉਂਦੀ ਹੈ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਾਜਪਾ ਅਤੇ ਅਕਾਲੀ ਦਲ ਦੇ ਸਹਿਯੋਗ ਨਾਲ ਸਰਕਾਰ ਬਣਾ ਸਕਦੇ ਹਨ। ਇਥੇ ਗੱਲਬਾਤ ਕਰਦਿਆਂ ਸਪਰਾ ਨੇ ਕਿਹਾ ਕਿ ਕੇਜਰੀਵਾਲ ਲੰਮੇਂ ਸਮੇਂ ਤੋਂ ਨਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਾ ਹੀ ਭਾਜਪਾ ਵਿਰੁੱਧ ਬੋਲ ਰਹੇ ਹਨ। ਇਸ ਨਾਲ ਉਨ੍ਹਾਂ ਵਿਚਾਲੇ ਗਠਜੋੜ ਦਾ ਪਰਦਾਫਾਸ਼ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਇਨ੍ਹਾਂ ਤਿੰਨਾਂ ਧਿਰਾਂ ਤੋਂ ਸੁਚੇਤ ਰਹਿਣਾ ਪਵੇਗਾ। ਪੰਜਾਬ ਵਾਸੀ ਅਕਾਲੀ ਦਲ ਦਾ ਰਾਜ ਨਹੀਂ ਚਾਹੁੰਦੇ ਕਿਉਂਕਿ ਜੇਕਰ ਉਨ੍ਹਾਂ ਦਾ ਰਾਜ ਆਇਆ ਤਾਂ ਮਾਫ਼ੀਆ ਰਾਜ ਭਾਗ-2 ਦੀ ਸਰਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਲੰਗੜੀ ਵਿਧਾਨ ਸਭਾ ਲਿਆਉਣ ਦੀ ਬਜਾਏ ਕਾਂਗਰਸ ਨੂੰ ਪੂਰਨ ਬਹੁਮਤ ਦੇਣਾ ਚਾਹੀਦਾ ਹੈ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿਛਲੇ 111 ਦਿਨਾਂ ’ਚ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਹੈ ਅਤੇ ਸਾਰੇ ਵਰਗਾਂ ਨੂੰ ਕੁਝ ਰਿਆਇਤਾਂ ਦਿੱਤੀਆਂ ਹਨ।
ਸਪਰਾ ਨੇ ਕਿਹਾ ਕਿ ਚੰਨੀ ਸਰਕਾਰ ਨੇ ਗਰੀਬਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕੀਤੇ, ਬਿਜਲੀ ਬਿੱਲਾਂ ’ਚ ਕਟੌਤੀ ਕੀਤੀ, ਪਾਣੀ ਦੇ ਬਿੱਲ ਮੁਆਫ਼ ਕੀਤੇ ਅਤੇ ਸ਼ਹਿਰਾਂ ਦੇ ਵਿਕਾਸ ਲਈ ਵੀ ਕੰਮ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ ਦੇ ਸਮੇਂ ਦੌਰਾਨ ਸਿਰਫ ਕਾਂਗਰਸ ਸਰਕਾਰ ਹੀ ਪੰਜਾਬ ਨੂੰ ਮਹਾਮਾਰੀ ਤੋਂ ਬਚਾਉਣ ਵਿਚ ਸਫਲ ਰਹੀ ਹੈ, ਜਦੋਂ ਕਿ ਦਿੱਲੀ ਵਿਚ ਕੋਵਿਡ ਦੇ ਸਮੇਂ ਦੌਰਾਨ ਹਾਲਾਤ ਬਦ ਤੋਂ ਬਦਤਰ ਹੋ ਗਏ ਸਨ, ਜਿਸ ਲਈ ਕੇਜਰੀਵਾਲ ਸਰਕਾਰ ਜ਼ਿੰਮੇਵਾਰ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਦੋਵੇਂ ਹੀ ਹਵਾ ਦੇ ਗੁਬਾਰੇ ਹਨ ਅਤੇ ਦੋਵੇਂ ਹੀ ਝੂਠ ਬੋਲਣ ਦੇ ਮਾਹਿਰ ਹਨ। ਇਹ ਗੁਬਾਰਾ ਹੁਣ ਫਟ ਗਿਆ ਹੈ, ਜਿਸ ਕਾਰਨ ਪੰਜਾਬ ਦੇ ਲੋਕਾਂ ਨੇ ਚੰਨੀ ਸਰਕਾਰ ਨੂੰ ਇਕ ਹੋਰ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭੂਗੋਲਿਕ, ਆਰਥਿਕ ਅਤੇ ਰਾਜਨੀਤਿਕ ਹਾਲਾਤ ਦੂਜੇ ਸੂਬਿਆਂ ਨਾਲੋਂ ਵੱਖ ਹਨ, ਇਸ ਲਈ ਸੂਬੇ ’ਤੇ ਕਾਂਗਰਸ ਦਾ ਸ਼ਾਸਨ ਰਹਿਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ: ਛੱਤੀਸਗੜ ਦੇ CM ਭੁਪੇਸ਼ ਬਘੇਲ ਦੇ ਵਿਰੋਧੀਆਂ ’ਤੇ ਰਗੜੇ, PM ਮੋਦੀ ਨੂੰ ਕੀਤੇ ਤਿੱਖੇ ਸਵਾਲ
ਪੰਜਾਬ ਦੇ ਪਾਣੀਆਂ ਦੇ ਮੁੱਦੇ ’ਤੇ ਕੇਜਰੀਵਾਲ ਆਪਣਾ ਸਟੈਂਡ ਸਪੱਸ਼ਟ ਕਰਨ
ਕਾਂਗਰਸੀ ਆਗੂ ਚਰਨ ਸਿੰਘ ਸਪਰਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਪਾਣੀਆਂ ਦੇ ਮੁੱਦੇ ’ਤੇ ਆਪਣਾ ਸਟੈਂਡ ਸਪੱਸ਼ਟ ਕਰਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜਦੋਂ ਦਿੱਲੀ ਵਿਚ ਹੁੰਦੇ ਹਨ ਤਾਂ ਉਹ ਪੰਜਾਬ ਦਾ ਪਾਣੀ ਹਰਿਆਣਾ ਅਤੇ ਦਿੱਲੀ ਲਈ ਮੰਗਦੇ ਹਨ। ਅਜਿਹਾ ਵਿਅਕਤੀ ਪੰਜਾਬ ਦਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ’ਚ ਪ੍ਰਦੂਸ਼ਣ ਫੈਲਦਾ ਹੈ ਤਾਂ ਕੇਜਰੀਵਾਲ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਂਦੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਲਈ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਨਹੀਂ ਹਨ ਅਤੇ ਇਹ ਧੂੰਆਂ ਪੰਜਾਬ ਤੋਂ ਦਿੱਲੀ ਨਹੀਂ ਪਹੁੰਚ ਸਕਦਾ। ਦਿੱਲੀ ਵਿਚ ਪ੍ਰਦੂਸ਼ਣ ਇਸ ਦੀਆਂ ਉਦਯੋਗਿਕ ਇਕਾਈਆਂ, ਵਾਹਨਾਂ ਅਤੇ ਹੋਰ ਗੁਆਂਢੀ ਸੂਬਿਆਂ ਤੋਂ ਆਉਂਦਾ ਹੈ। ਫਿਰ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਕਿਉਂ ਠਹਿਰਾਇਆ ਜਾਂਦਾ ਹੈ।
ਅਕਾਲੀ ਦਲ ਹੁਣ ਦਾਗੀ ਪਾਰਟੀ ਬਣ ਚੁੱਕੀ
ਸਪਰਾ ਨੇ ਕਿਹਾ ਕਿ ਅਕਾਲੀ ਦਲ ਹੁਣ ਦਾਗੀ ਪਾਰਟੀ ਬਣ ਕੇ ਰਹਿ ਗਿਆ ਹੈ ਅਤੇ ਇਸ ’ਤੇ ਲੈਂਡ ਮਾਫੀਆ, ਭੂ ਮਾਫੀਆ, ਡਰੱਗਸ ਮਾਫੀਆ, ਟਰਾਂਸਪੋਰਟ ਮਾਫੀਆ ਆਦਿ ਦੇ ਦਾਗ ਲੱਗੇ ਹੋਏ ਹਨ। ਇਸੇ ਤਰ੍ਹਾਂ ਪੰਜਾਬ ’ਚ ਨਸ਼ੇ ਫੈਲਾਉਣ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਸੂਬੇ ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਵੀ ਸਾਬਕਾ ਅਕਾਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਬੇਅਦਬੀ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਅਤੇ ਨਾਲ ਹੀ ਨਸ਼ੇ ਫੈਲਾਉਣ ਲਈ ਜ਼ਿੰਮੇਵਾਰ ਅਕਾਲੀ ਆਗੂਆਂ ਖ਼ਿਲਾਫ਼ ਵੀ ਐਕਸ਼ਨ ਲਿਆ।
ਇਹ ਵੀ ਪੜ੍ਹੋ: ਆਰ. ਪੀ. ਸਿੰਘ ਦਾ ਵੱਡਾ ਦਾਅਵਾ, ਕੇਜਰੀਵਾਲ ਆਪਣੀ ਪਤਨੀ ਨੂੰ ਬਣਾਉਣਾ ਚਾਹੁੰਦੇ ਨੇ ਪੰਜਾਬ ਦੀ ਮੁੱਖ ਮੰਤਰੀ
ਗਰੀਬਾਂ ਨੂੰ ਵੀ ਰਾਜ ਕਰਨ ਦਾ ਮੌਕਾ ਮਿਲਣਾ ਚਾਹੀਦੈ
ਕਾਂਗਰਸੀ ਆਗੂ ਸਪਰਾ ਨੇ ਕਿਹਾ ਕਿ ਕੀ ਰਾਜ ਕਰਨਾ ਅਮੀਰਾਂ ਦਾ ਹੀ ਜਨਮ ਸਿੱਧ ਅਧਿਕਾਰ ਹੈ। ਕੀ ਗਰੀਬਾਂ ਨੂੰ ਰਾਜ ਸੱਤਾ ਚਲਾਉਣ ਦਾ ਮੌਕਾ ਨਹੀਂ ਮਿਲਣਾ ਚਾਹੀਦਾ? ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਕਾਂਗਰਸ ਨੇ ਪਹਿਲੀ ਵਾਰ ਗਰੀਬ ਦਾ ਚਿਹਰਾ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ ਹੈ ਤੇ ਉਸ ਨੂੰ ਮਜ਼ਬੂਤੀ ਦਿੱਤੀ ਜਾਣੀ ਚਾਹੀਦੀ ਹੈ, ਨਹੀਂ ਤਾਂ ਭਵਿੱਖ ’ਚ ਅਮੀਰ ਅਤੇ ਜ਼ਮੀਨਾਂ ਦੇ ਮਾਲਕ ਗਰੀਬਾਂ ਨੂੰ ਕਦੇ ਵੀ ਅੱਗੇ ਨਹੀਂ ਆਉਣ ਦੇਣਗੇ। ਹੁਣ ਫੈਸਲਾ ਪੰਜਾਬ ਦੇ ਲੋਕਾਂ ਨੇ ਲੈਣਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਅਮੀਰਾਂ ਦੀ ਪਾਰਟੀ ਹੈ। ਇਸੇ ਤਰ੍ਹਾਂ ਅਕਾਲੀ ਦਲ ਵੀ ਧਨਾਢਾਂ ਦੀ ਪਾਰਟੀ ਹੈ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੀ ਅਮੀਰਾਂ ਦੀ ਪਾਰਟੀ ਹੈ। ਚੰਨੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ।
ਇਹ ਵੀ ਪੜ੍ਹੋ: CM ਚੰਨੀ ਦਾ ਹੈਲੀਕਾਪਟਰ ਰੋਕੇ ਜਾਣ ’ਤੇ PM ਨਰਿੰਦਰ ਮੋਦੀ ਨੇ ਦਿੱਤਾ ਵੱਡਾ ਬਿਆਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੁਖਬੀਰ ਬਾਦਲ ਨੇ ਬਰਨਾਲਾ 'ਚ ਅਕਾਲੀ ਉਮੀਦਵਾਰ ਲਈ ਕੀਤਾ ਚੋਣ ਪ੍ਰਚਾਰ, 'ਆਪ' 'ਤੇ ਵੀ ਕੱਸਿਆ ਤੰਜ
NEXT STORY